ਕੋਟਕਪੂਰਾ: ਪਿੰਡ ਬਰਗਾੜੀ ਵਿਖੇ ਚੱਲ ਰਹੇ ਇਨਸਾਫ ਮੋਰਚੇ ਵਿੱਚ ਅੱਜ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਪੰਜਾਬ ਅਤੇ ਗਵਾਂਡੀ ਸੂਬਿਆਂ ਵਿਚੋਂ ਸਿੱਖ ਸੰਗਤਾਂ ਏਨੀ ਵੱਡੀ ਗਿਣਤੀ ਵਿੱਚ ਅੱਜ ਬਰਗਾੜੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਪਹੁੰਚੀਆਂ ਕਿ ਇਸ ਪਿੰਡ ਨੂੰ ਜਾਣ ਵਾਲੇ ਸਾਰੇ ਰਾਹ ਜਾਮ ਹੋ ਗਏ ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਮੋਰਚੇ ਵਾਲੀ ਥਾਂ ਤੇ ਨਹੀਂ ਪਹੁੰਚ ਸਕੀਆਂ ਤੇ ਕਈ ਕਿਲੋਮੀਟਰਾਂ ਤੱਕ ਜਾਮ ਲੱਗੇ ਰਹੇ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਵੱਲੋਂ ਤਰਤੀਬਵਾਰ ਪਟਿਆਲਾ ਅਤੇ ਲੰਬੀ ਵਿੱਚ ਰੱਖੀਆਂ ਰੈਲੀਆਂ ਦੇ ਮੱਦੇਨਜ਼ਰ ਬਰਗਾੜੀ ਵਿਖੇ ਅੱਜ ਦੇ ਸਮਾਗਮ ਵਿੱਚ ਹੋਣ ਵਾਲੇ ਇਕੱਠ ਉੱਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ। ਇਸ ਪੱਖ ਤੋਂ ਅੱਜ ਦਾ ਬਰਗਾੜੀ ਵਿਖੇ ਹੋਇਆ ਇਕੱਠ ਕਾਮਯਾਬ ਰਿਹਾ।
ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲੇ ਆਮ ਆਦਮੀ ਪਾਰਟੀ ਦੇ ਬਾਗੀ ਧੜੇ ਅਤੇ ਬੈਂਸ ਭਰਾਵਾਂ ਦੀ ਅਗਵਾਈ ਵਾਲੀ ਲੋਕ ਇਨਸਾਫ ਪਾਰਟੀ ਸਮੇਤ ਕਈ ਹੋਰਨਾਂ ਜਥੇਬੰਦੀਆਂ ਵੱਲੋਂ ਅੱਜ ਦੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਸੀ।
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਰਚੇ ਦੀ ਅਗਵਾਈ ਕਰਨ ਵਾਲੇ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਉਹਨਾਂ ਇਹ ਮੋਰਚਾ ਜਿੱਤਣ ਤੋਂ ਬਾਅਦ ਲਾਇਆ ਸੀ ਇਸ ਲਈ ਇਹ ਮੋਰਚਾ ਹਰ ਹਾਲ ਵਿੱਚ ਸਰ ਹੋਵੇਗਾ।
ਉਹਨਾਂ ਨਰਿੰਦਰ ਮੋਦੀ, ਪਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੱਤਾਧਾਰੀ ਭਾਵੇਂ ਇਹ ਕਹਿੰਦੇ ਹੋਣ ਕਿ ਉਹਨਾਂ ਬੇਅਦਬੀ ਦੇ ਦੋਸ਼ੀ ਨਹੀਂ ਫੜਨੇ, ਸ਼ਹੀਦਾਂ ਦੇ ਕਾਤਲਾਂ ਨੂੰ ਸਜਾਵਾਂ ਨਹੀਂ ਦੇਣੀਆਂ ਤੇ ਬੰਦੀ ਸਿੰਘਾਂ ਨੂੰ ਰਿਹਾਈਆਂ ਨਹੀਂ ਦੇਣੀਆਂ ਪਰ ਉਹਨਾਂ ਨੂੰ ਗੋਡੇ ਰਗੜਦਿਆਂ ਹੋਇਆਂ ਬਰਗਾੜੀ ਵਿਖੇ ਆ ਕੇ ਮੋਰਚੇ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ।
ਉਹਨਾਂ ਕਿਹਾ ਕਿ ਬਾਦਲਾਂ ਵੱਲੋਂ ਅਮਨ-ਸ਼ਾਂਤੀ ਤੇ ਹਿੰਦੂ-ਸਿੱਖ ਭਾਈਚਾਰ ਨੂੰ ਖਤਰੇ ਦਾ ਪਾਇਆ ਜਾ ਰਿਹਾ ਰੌਲਾ ਸਰਾਸਰ ਝੂਠ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਮੁਸਲਮਾਨ, ਇਸਾਈ, ਹਿੰਦੂ ਜਾਂ ਸਿੱਖ ਕੋਈ ਵੀ ਖਤਰੇ ਵਿੱਚ ਨਹੀਂ ਹੈ ਸਗੋਂ ਸਿਰਫ ਅਜਿਹੀਆਂ ਝੂਠੀਆਂ ਗੱਲਾਂ ਫੈਲਾਉਣ ਵਾਲੇ ਹੀ ਅਸਲ ਖਤਰੇ ਵਿੱਚ ਹਨ।
ਭਾਈ ਧਿਆਨ ਸਿੰਘ ਮੰਡ ਨੇ ਨੌਜਵਾਨਾਂ ਨੂੰ ਸੱਦਾ ਦੇਂਦਿਆਂ ਕਿਹਾ ਕਿ ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ਵਿਖੇ ਹਰੇਕ ਪਿੰਡ ਵਿੱਚ ਬਰਗਾੜੀ ਮੋਰਚੇ ਦੇ ਨਾਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ 21 ਮੈਂਬਰੀ ਕਮੇਟੀਆਂ ਬਣਾਈਆਂ ਜਾਣ।
ਉਹਨਾਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਉਹ 14 ਅਕਤੂਬਰ ਨੂੰ ਹੋਣ ਵਾਲੇ ਸ਼ਹੀਦੀ ਸਮਾਗਮ ਵਿੱਚ ਇਸੇ ਤਰ੍ਹਾਂ ਵਧ-ਚੜ੍ਹ ਕੇ ਹਾਜ਼ਰੀਆਂ ਭਰਨ।
ਉਹਨਾਂ ਕਿਹਾ ਕਿ ਹੁਣ ਮਹੌਲ ਐਸਾ ਬਣ ਰਿਹਾ ਹੈ ਕਿ ਜਿਹੜੀਆਂ ਸੱਤਰ-ਸੱਤਰ ਸਾਲ ਤੋਂ ਪਾਰਟੀਆਂ ਸੱਤਾ ਉੱਤੇ ਕਬਜ਼ਾ ਜਮਾਈ ਬੈਠੀਆਂ ਹਨ ਉਹ ਮੂਹਦੇ-ਮੂੰਹ ਡਿੱਗਣਗੀਆਂ। ਉਹਨਾਂ ਕਿਹਾ ਕਿ ਹੁਣ ਦੁਨੀਆਂ ਦੀ ਕੋਈ ਵੀ ਤਾਕਤ ਸਿੱਖਾਂ ਦੀ ਸਰਕਾਰ ਬਣਨੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਲੈਣੋ ਨਹੀਂ ਰੋਕ ਸਕਦੀ ਬਸ਼ਰਤੇ ਕਿ ਸਾਡੀਆਂ ਧਿਰਾਂ ਆਪਸ ਵਿੱਚ ਖਹਿਬੜਨਾ ਛੱਡ ਦੇਣ।
ਇਸ ਤੋਂ ਪਹਿਲਾਂ ਆਪ ਦੇ ਬਾਗੀ ਧੜੇ ਅਤੇ ਬੈਂਸ ਭਰਵਾਂ ਵੱਲੋਂ ਕੋਟਕਪੂਰਾ ਵਿਖੇ ਇਕੱਠ ਕੀਤਾ ਗਿਆ ਅਤੇ ਸਮੁੱਚਾ ਇਕੱਠ ਇਨਸਾਫ ਮਾਰਚ ਦੇ ਰੂਪ ਵਿੱਚ ਬਰਗਾੜੀ ਵਿਖੇ ਪਹੁੰਚਿਆ।