ਫ਼ਰੀਦਕੋਟ (2 ਨਵੰਬਰ, 2015): ਸ਼੍ਰੀ ਗੁਰ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਪਿੰਡ ਬਰਗਾੜੀ ਵਿੱਚ ਹੋਈ ਬੇਅਦਬੀ ਦੇ ਕੇਸ ਵਿੱਚ ਫਸਾਏ ਗਏ ਪਿੰਡ ਪੰਜਗਰਾਈਂ ਖੁਰਦ ਦੇ ਸਿੱਖ ਨੌਜਵਾਨਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਆਖਰ ਸਰਕਾਰ ਨੂੰ ਰਿਹਾਅ ਕਰਨ ਪਿਆ। ਸਿੱਖ ਜੱਥੇਬੰਦੀਆਂ ਅਤੇ ਸਿੱਖ ਸੰਗਤਾਂ ਸਿੱਖ ਪ੍ਰਚਾਰਕਾਂ ਦੀ ਅਗਵਾਈ ਵਿੱਚ ਇਨ੍ਹਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੀਆਂ ਸਨ।
ਅੱਜ ਪੰਜਾਬ ਸਰਕਾਰ ਨੇ ਇਨਾਂ ਪੰਜਗਰਾਂਈ ਭਰਾਵਾਂ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਐਸਐਚਓ ਬਾਜਾਖਾਨਾ ਨੇ ਅਦਾਲਤ ’ਚ ਸੀਆਰਪੀਸੀ ਦੀ ਧਾਰਾ 169 ਤਹਿਤ ਅਰਜ਼ੀ ਦੇ ਕੇ ਮੰਗ ਕੀਤੀ ਕਿ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੀ ਹਾਲ ਦੀ ਘੜੀ ਪੁਲੀਸ ਨੂੰ ਕੋਈ ਜ਼ਰੂਰਤ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ।
ਅਦਾਲਤ ਨੇ ਸੰਖੇਪ ਸੁਣਵਾਈ ਬਾਅਦ ਦੋਵੇਂ ਭਰਾਵਾਂ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ। ਅਦਾਲਤ ਨੇ ਰਿਹਾਈ ਤੋਂ ਪਹਿਲਾਂ ਮੁਕੱਦਮਾ ਦਰਜ ਕਰਵਾਉਣ ਵਾਲੇ ਬਰਗਾੜੀ ਦੇ ਗੁਰਦੁਆਰੇ ਦੇ ਗ੍ਰੰਥੀ ਕੁਲਵਿੰਦਰ ਸਿੰਘ ਦਾ ਬਿਆਨ ਵੀ ਕਲਮਬੱਧ ਕੀਤਾ। ਉਸ ਨੇ ਬਿਆਨ ਦਿੱਤਾ ਕਿ ਉਨ੍ਹਾਂ ਨੂੰ ਦੋਵੇਂ ਭਰਾਵਾਂ ਦੀ ਰਿਹਾਈ ’ਤੇ ਕੋਈ ਇਤਰਾਜ਼ ਨਹੀਂ ਹੈ।
ਦੱਸਣਯੋਗ ਹੈ ਕਿ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਮੁਕੱਦਮਾ ਨੰਬਰ 128 ਅ/ਧ 295 ਏ/120 ਬੀ ਤਹਿਤ 20 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਦੋਵੇਂ ਭਰਾਵਾਂ ਨੇ ਕੁਝ ਵਿਦੇਸ਼ੀ ਲੋਕਾਂ ਨਾਲ ਮਿਲ ਕੇ ਬਰਗਾੜੀ ਕਾਂਡ ਨੂੰ ਅੰਜਾਮ ਦਿੱਤਾ ਹੈ ਪਰ ਛੇ ਦਿਨਾਂ ਦੇ ਲੰਬੇ ਪੁਲੀਸ ਰਿਮਾਂਡ ਦੌਰਾਨ ਇਹ ਦਾਅਵੇ ਸੱਚ ਸਾਬਤ ਨਹੀਂ ਹੋਏ। ਇਸ ਤੋਂ ਇਲਾਵਾ ਵਿਦੇਸ਼ਾਂ ਤੋਂਫੌਨਕਰਨ ਵਾਲਿਆਂ ਨੇ ਮੀਡੀਆ ਸਾਹਮਣੇ ਆ ਕੇ ਕਿਹਾ ਕਿ ਉਨ੍ਹਾਂ ਨੇ ਇਲਾਜ਼ ਲਈ ਪੈਸੇ ਭੇਜੇ ਸਨ।ਇਸ ਕਾਰਨ ਪੁਲੀਸ ਨੂੰ ਦੋਵੇਂ ਭਰਾਵਾਂ ਦੀ ਬਿਨਾਂ ਸ਼ਰਤ ਰਿਹਾਈ ਲਈ ਸਹਿਮਤ ਹੋਣਾ ਪਿਆ।
ਪੰਜਾਬ ਸਰਕਾਰ ਨੇ ਇਹ ਮਾਮਲਾ ਸੀਬੀਆਈ ਨੂੰ ਸੌਂਪ ਕੇ ਆਪਣਾ ਪੱਲਾ ਛੁਡਾਉਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਨੂੰ ਆਸ ਹੈ ਕਿ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੀ ਰਿਹਾਈ ਨਾਲ ਪੰਥਕ ਜਥੇਬੰਦੀਆਂ ਦਾ ਗੁੱਸਾ ਕੁਝ ਹੱਦ ਤਕ ਸ਼ਾਂਤ ਹੋ ਜਾਵੇਗਾ।
ਦੋਵਾਂ ਭਰਾਵਾਂ ਦੀ ਰਿਹਾਈ ਮੌਕੇ ਇੱਥੋਂ ਦੀ ਮਾਡਰਨ ਜੇਲ੍ਹ ਸਾਹਮਣੇ ਬਾਬਾ ਪੰਥਪ੍ਰੀਤ ਸਿੰਘ, ਹਰਜਿੰਦਰ ਸਿੰਘ ਮਾਝੀ, ਸਤਨਾਮ ਸਿੰਘ ਚੰਦੜ, ਅਵਤਾਰ ਸਿੰਘ ਸਾਧਾਂਵਾਲਾ, ਨਿਰਵੈਰ ਸਿੰਘ ਖਾਲਸਾ, ਹਰਜੀਤ ਸਿੰਘ ਢਪਾਲੀ, ਨਿਰਮਲ ਸਿੰਘ ਧੂੜਕੋਟ, ਦਲੇਰ ਸਿੰਘ ਡੋਡ, ਗੁਰਸੇਵਕ ਸਿੰਘ ਭਾਣਾ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਹਾਜ਼ਰ ਸੀ।