ਲੁਧਿਆਣਾ (5 ਅਗਸਤ, 2015): ਬਾਪੂ ਸੂਰਤ ਸਿੰਘ ਖਾਲਸਾ ਨੂੰ ਅੱਜ ਰਾਤ ਦਿਆਨੰਦ ਹਸਪਤਾਲ ਤੋਂ ਛੁੱਟੀ ਕਰਕੇ ਘਰ ਭੇਜ ਦਿੱਤਾ ਗਿਆ, ਜਿਸ ‘ਤੇ ਸਿੱਖ ਸੰਘਰਸ਼ ਕਮੇਟੀ ਵੱਲੋਂ ਭਲਕੇ 6 ਅਗਸਤ ਨੂੰ ਦਿਆਨੰਦ ਹਸਪਤਾਲ ਬਾਹਰ ਦਿੱਤਾ ਜਾ ਰਿਹਾ ਹੈ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ।
ਬਾਪੂ ਸੂਰਤ ਸਿੰਘ ਖਾਲਸਾ ਦੇ ਸਪੁੱਤਰ ਰਵਿੰਦਰਪਾਲ ਸਿੰਘ ਗੋਗੀ ਨੇ ਦੱਸਿਆ ਕਿ ਦਿਆਨੰਦ ਹਸਪਤਾਲ ਦੇ ਡਾਕਟਰਾਂ ਨੇ ਰਾਤ 10 ਵਜੇ ਦੇ ਕਰੀਬ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਛੁੱਟੀ ਦੇ ਕੇ ਘਰ ਲਿਜਾਣ ਲਈ ਕਿਹਾ । ਉਨ੍ਹਾਂ ਦੱਸਿਆ ਕਿ ਉਹ ਹਸਪਤਾਲ ਤੋਂ ਛੁੱਟੀ ਲੈ ਕੇ ਪਿੰਡ ਹਸਨਪੁਰ ਜਾ ਰਹੇ ਹਨ, ਜਿਥੇ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।
ਸਿੱਖ ਸੰਘਰਸ਼ ਕਮੇਟੀ ਦੇ ਬੁਲਾਰੇ ਗੁਰਿੰਦਰਪਾਲ ਸਿੰਘ ਧਨੋਲਾ ਨੇ ਦੱਸਿਆ ਕਿ ਸਿੱਖ ਸੰਘਰਸ਼ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਪੰਥਕ ਜਥੇਬੰਦੀਆਂ ਵੱਲੋਂ ਭਲਕੇ 6 ਅਗਸਤ ਨੂੰ ਦਿਆਨੰਦ ਹਸਪਤਾਲ ਵਿਚ ਗੈਰ-ਕਾਨੂੰਨੀ ਹਿਰਾਸਤ ‘ਚ ਰੱਖੇ ਬਾਪੂ ਸੂਰਤ ਸਿੰਘ ਖ਼ਾਲਸਾ ਦੀ ਰਿਹਾਈ ਨੂੰ ਲੈ ਕੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।