Site icon Sikh Siyasat News

ਭਾਈ ਸਵਰਨ ਸਿੰਘ ਕੋਟਧਰਮੂ ਦੇ ਪਿਤਾ ਅਕਾਲ ਚਲਾਣਾ ਕਰ ਗਏ

ਕੋਟਧਰਮੂ/ਮਾਨਸਾ, ਪੰਜਾਬ (10 ਫਰਵਰੀ, 2012): ਡੇਰਾ ਸੌਦਾ ਸਿਰਸਾ ਮੁਖੀ ਉੱਪਰ 2 ਫਰਵਰੀ, 2008 ਨੂੰ ਨੀਲੋਖੇੜੀ, ਕਰਨਾਲ ਵਿਖੇ ਹਮਲਾ ਕਰਨ ਦੇ ਮੁਕਦਮੇਂ ਵਿਚ ਕਰਨਾਲ ਜੇਲ੍ਹ ਵਿਚ ਨਜ਼ਰਬੰਦ ਭਾਈ ਸਵਰਨ ਸਿੰਘ ਕੋਟਧਰਮੂੰ ਦੇ ਪਿਤਾ ਬਾਪੂ ਕਰਨੈਲ ਸਿੰਘ ਜੀ ਅੱਜ ਅਚਾਨਕ ਅਕਾਲ ਚਲਾਣਾ ਕਰ ਗਏ। ਅੱਜ ਦੇਰ ਸ਼ਾਮ ਉਨ੍ਹਾਂ ਦੀ ਦੇਹ ਦਾ ਸੰਸਕਾਰ ਉਨ੍ਹਾਂ ਦੇ ਪਿੰਡ ਕੋਟਧਰਮੂੰ, ਮਾਨਸਾ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਇਲਾਕੇ ਦੀਆਂ ਪੰਥਕ ਸਖਸ਼ੀਅਤਾਂ ਅਤੇ ਅਕਾਲੀ ਦਲ ਪੰਚ ਪ੍ਰਧਾਨੀ, ਏਕ ਨੂਰ ਖਾਲਸਾ ਫੌਜ, ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸਿੱਖ ਸ਼ਹਾਦਤ ਟ੍ਰਸਟ ਦੇ ਨੁਮਾਇੰਦੇ ਹਾਜ਼ਰ ਸਨ।

ਨਜ਼ਰਬੰਦ ਭਾਈ ਸਵਰਨ ਸਿੰਘ ਕੋਟਧਰਮੂੰ ਦੇ ਪਿਤਾ ਬਾਪੂ ਕਰਨੈਲ ਸਿੰਘ

ਕੋਟਧਰਮੂੰ ਤੋਂ ਸਿੱਖ ਸਿਆਸਤ ਨਾਲ ਗੱਲਬਾਤ ਕਰਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਭਾਈ ਮੱਖਣ ਸਿੰਘ ਗੰਢੂਆਂ ਨੇ ਬਾਪੂ ਕਰਨੈਲ ਸਿੰਘ ਜੀ ਦੇ ਅਕਾਲ ਚਲਾਣੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੱਸਿਆ ਕਿ ਬਾਪੂ ਕਰਨੈਲ ਸਿੰਘ ਦੀ ਅਚਾਨਕ ਮੌਤ ਨਾਲ ਪਰਵਾਰ ਨੂੰ ਵੱਡਾ ਘਾਟਾ ਪਿਆ ਹੈ।

ਜ਼ਿਕਰਯੋਗੇ ਹੈ ਕਿ ਭਾਈ ਸਵਰਨ ਸਿੰਘ ਜਦੋਂ ਨੀਲੋਖੇੜੀ ਕਾਂਡ ਦੌਰਾਨ ਪੁਲਿਸ ਦੀ ਗ੍ਰਿਫਤ ਵਿਚ ਆ ਗਏ ਤਾਂ ਉਨ੍ਹਾਂ ਦੇ ਮਾਤਾ-ਪਿਤਾ ਨੇ ਆਪਣੇ ਪੁੱਤਰ ਦੇ ਕਾਰਨਾਮੇ ਉੱਤੇ ਫਖਰ ਕਰਦਿਆਂ ਕਿਹਾ ਸੀ ਕਿ ਸਵਰਨ ਸਿੰਘ ਨੇ ਆਪਣੀ ਜਾਨ ਜੋਖਮ ਵਿਚ ਪਾ ਜੋ ਕੰਮ ਕੀਤਾ ਹੈ ਉਸ ਨਾਲ ਹੁਣ ਉਹ ਮੇਰਾ ਪੁੱਤਰ ਨਹੀਂ ਰਿਹਾ ਬਲਕਿ ਪੂਰੇ ਪੰਥ ਦਾ ਪੁੱਤਰ ਬਣ ਗਿਆ ਹੈ।

ਸਵਰਨ ਸਿੰਘ ਨੂੰ ਜੇਲ੍ਹ ਵਿਚ ਪਹਿਲੀ ਮੁਲਾਕਾਤ ਦੌਰਾਨ ਬਾਪੂ ਕਰਨੈਲ ਸਿੰਘ ਨੇ ਸਵਰਨ ਸਿੰਘ ਨੂੰ ਕਿਹਾ ਸੀ ਕਿ “ਜੋ ਗੱਲ ਮੈਂ ਤੈਨੂੰ ਕਹਿਣ ਜਾ ਰਿਹਾ ਹਾਂ ਇਹ ਗੱਲ ਕਦੇ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਕਹੀ ਸੀ ਤੇ ਮੈਂ ਉਸ ਮਾਤਾ ਦਾ ਸਿੱਖ ਹੋਣ ਦੇ ਨਾਤੇ ਤੈਨੂੰ ਕਹਿਨਾ ਹਾਂ ਕਿ ਸਿੱਖੀ ਜਿਸ ਰਸਤੇ ਉੱਤੇ ਤੂੰ ਪੈਰ ਰੱਖਿਆਂ ਹੈ ਉਸ ਤੋਂ ਕਦੇ ਵੀ ਪੈਰ ਪਿੱਛੇ ਨਾ ਖਿੱਚੀਂ ਭਾਵੇਂ ਜਿੰਦਗੀ ਵਿਚ ਕਿਸੇ ਵੀ ਦੁੱਖ, ਤਕਲੀਮ ਜਾਂ ਮੁਸੀਬਤ ਦਾ ਸਾਹਮਣਾ ਕਿਉਂ ਨਾ ਕਰਨਾ ਪਵੇ”।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version