ਪੰਜਾਬ ਦੀ ਰਾਜਨੀਤੀ

ਫਿ਼ਲਮ “ਉੜਤਾ ਪੰਜਾਬ” ਰਾਹੀ ਪ੍ਰਗਟਾਈ ਗਈ ਸਮਾਜਿਕ ਸੱਚਾਈ ਨੂੰ ਦਬਾਉਣਾ ਡੂੰਘੀ ਸਾਜਿ਼ਸ : ਟਿਵਾਣਾ

By ਸਿੱਖ ਸਿਆਸਤ ਬਿਊਰੋ

June 09, 2016

ਫ਼ਤਹਿਗੜ੍ਹ ਸਾਹਿਬ: ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫਿ਼ਲਮ ‘ਉੜਤਾ ਪੰਜਾਬ’ ਵਿਵਾਦ ਉਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਕਿਹਾ ਕਿ ਜਿਵੇ ਸੈਂਸਰ ਬੋਰਡ ਨੇ ਅਤਿ ਮਹੱਤਵਪੂਰਨ 90 ਸੀਨਾਂ ਨੂੰ ਕੱਟਣ ਦੀ ਹਦਾਇਤ ਕੀਤੀ ਹੈ, ਇਹ ਤਾਂ ਕਿਸੇ ਸਰੀਰ ਵਿਚੋ ਆਤਮਾ ਕੱਢਕੇ ਉਸ ਨੂੰ ਲੌਥ ਬਣਾਉਣ ਦੇ ਤੁੱਲ ਅਮਲ ਹਨ। ਸ. ਟਿਵਾਣਾ ਨੇ ਫਿ਼ਲਮ ਦੇ ਨਿਰਮਾਤਾ ਸ੍ਰੀ ਕਸਯਪ ਅਤੇ ਫਿ਼ਲਮ ਦੀ ਸਮੁੱਚੀ ਟੀਮ ਵੱਲੋਂ ਇਸ ਫਿ਼ਲਮ ਰਾਹੀ ਕੀਤੇ ਗਏ ਸਮਾਜ ਪੱਖੀ ਉਦਮ ਦੀ ਜਿਥੇ ਸੰਲਾਘਾ ਕੀਤੀ, ਉਥੇ ਸੈਂਟਰ ਤੇ ਪੰਜਾਬ ਦੀਆਂ ਹਕੂਮਤਾਂ ਨੂੰ ਅਤੇ ਫਿ਼ਲਮ ਸੈਂਸਰ ਬੋਰਡ ਨੂੰ ਜਨਤਾ ਵਿਚ ਸਹੀ ਸੰਦੇਸ਼ ਦੇਣ ਵਾਲੀ ਫਿ਼ਲਮ ਨੂੰ ਬਿਨ੍ਹਾਂ ਕਿਸੇ ਤਰ੍ਹਾਂ ਦੀ ਮੰਦਭਾਵਨਾ ਰੱਖੇ ਸਹੀ ਰੂਪ ਵਿਚ ਜਾਰੀ ਕਰਨ ਦੀ ਅਪੀਲ ਕੀਤੀ।

ਉਹਨਾਂ ਕਿਹਾ ਕਿ ਪਹਿਲੇ ਵੀ ਬਹੁਤ ਸਾਰੀਆਂ ਫਿ਼ਲਮਾਂ ਜਿਵੇ ਸਾਡਾ ਹੱਕ, ਸੰਤ ਤੇ ਸਿਪਾਹੀ, ਕੌਮ ਦੇ ਹੀਰੇ ਆਦਿ ਫਿਲਮਾਂ ਉਤੇ ਹਕੂਮਤਾਂ ਵੱਲੋਂ ਜ਼ਬਰੀ ਰੋਕ ਲਗਾਉਣ ਦੀਆਂ ਕੋਸਿ਼ਸ਼ਾਂ ਕੀਤੀਆਂ ਗਈਆਂ ਸਨ, ਪਰ ਅਵਾਮ ਵੱਡੀ ਸ਼ਕਤੀ ਅੱਗੇ ਸੈਂਸਰ ਬੋਰਡ ਅਤੇ ਹਕੂਮਤਾਂ ਨੂੰ ਝੁਕਦੇ ਹੋਏ ਅਜਿਹੀਆਂ ਫਿ਼ਲਮਾਂ ਨੂੰ ਜਾਰੀ ਕਰਨਾ ਪਿਆ ਕਿਉਂਕਿ ਅਜਿਹੀਆਂ ਫਿ਼ਲਮਾਂ ਵਿਚ ਗਲਤ ਕੁਝ ਨਹੀਂ ਹੁੰਦਾ, ਲੇਕਿਨ ਹਕੂਮਤਾਂ ਦੀਆਂ ਆਪਣੀਆਂ ਕਮੀਆਂ ਨੂੰ ਛੁਪਾਉਣ ਹਿੱਤ ਸੈਂਸਰ ਬੋਰਡ ਤੇ ਸਰਕਾਰਾਂ ਵੱਲੋਂ ਔਰੰਗਜੇਬੀ ਅਤੇ ਨਾਦਰਸ਼ਾਹੀ ਹੁਕਮ ਕਰ ਦਿੱਤੇ ਜਾਂਦੇ ਹਨ। ਜਿਨ੍ਹਾਂ ਨੂੰ ਜਿਊਦੀਆਂ-ਜਾਗਦੀਆਂ ਜਮੀਰਾਂ ਵਾਲੇ ਲੋਕ ਅਤੇ ਅਵਾਮ ਕਦੀ ਵੀ ਪ੍ਰਵਾਨ ਨਹੀਂ ਕਰਦੇ।

ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਫਿ਼ਲਮ ਸੈਂਸਰ ਬੋਰਡ, ਸੈਟਰ ਤੇ ਪੰਜਾਬ ਦੀਆਂ ਹਕੂਮਤਾਂ ਨੂੰ ਇਹ ਅਪੀਲ ਹੈ ਕਿ ‘ਉੜਤਾ ਪੰਜਾਬ’ ਫਿ਼ਲਮ ਵਿਚ ਫਿ਼ਲਮਾਏ ਗਏ ਸਮਾਜ ਦੇ ਉਸਾਰੂ ਪੱਖੀ ਸੀਨਾਂ ਨੂੰ ਕੱਟਣ-ਵੱਢਣ ਦੀ ਬਜਾਇ ਇਸ ਫਿ਼ਲਮ ਦੇ ਸਹੀ ਭਾਵਾਂ ਨੂੰ ਜਨਤਾ ਵਿਚ ਜਾਣ ਦੀ ਇਜਾਜਤ ਦੇਵੇ। ਤਾਂ ਕਿ ਸਮਾਜ ਵਿਚ ਜਿਥੇ ਕਿਤੇ ਵੀ ਕਮੀਆਂ ਹਨ, ਉਹਨਾਂ ਨੂੰ ਅੱਛੀ ਸੋਚ ਵਾਲੇ ਲੋਕ ਇਕ ਤਾਕਤ ਹੋ ਕੇ ਖ਼ਤਮ ਕਰ ਸਕਣ ਅਤੇ ਇਕ ਅੱਛੇ ਸਮਾਜ ਦੀ ਸਿਰਜਣਾ ਕਰਨ ਵਿਚ ਯੋਗਦਾਨ ਪਾਉਣ ਵਾਲੇ ਉਦਮੀ ਲੋਕ ਤੇ ਸਖਸ਼ੀਅਤਾਂ ਨੂੰ ਇਸ ਦਿਸ਼ਾ ਵੱਲ ਬਿਨ੍ਹਾਂ ਕਿਸੇ ਡਰ-ਭੈ ਦੇ ਕੰਮ ਕਰਨ ਲਈ ਉਤਸਾਹਿਤ ਹੋ ਸਕਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: