ਚੰਡੀਗੜ: ਪਿਛਲੇ ਲੰਮੇ ਸਮੇ ਤੋਂ ਚੰਡੀਗੜ ‘ਚ ਪੰਜਾਬੀ ਬੋਲੀ ਨੂੰ ਲਾਗੂ ਕਰਵਾਉਣ ਲਈ ਯਤਨ ਕਰ ਰਹੇ ਬਲਜੀਤ ਸਿੰਘ ਖਾਲਸਾ ਨੂੰ ਅਦਾਲਤ ਨੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ‘ਚ ਤਿੰਨ ਮਹੀਨੇ ਦੀ ਸਜਾ ਸੁਣਾਈ ਹੈ।
ਬਲਜੀਤ ਸਿੰਘ ਖਾਲਸਾ ਨੇ ਸ਼ਹਿਰ ਅੰਦਰ ਉਨਾਂ ਸਾਈਨ ਬੋਰਡਾਂ ‘ਤੇ ਕਾਲੀ ਸਿਆਹੀ ਫੇਰੀ ਸੀ ਜਿਨਾਂ ਉਤੇ ਅੰਗ੍ਰੇਜੀ-ਹਿੰਦੀ ਦੇ ਨਾਲ ਪੰਜਾਬੀ ਭਾਸ਼ਾ ਨਹੀ ਲਿਖੀ ਗਈ ਸੀ। ਬਲਜੀਤ ਸਿੰਘ ਨੂੰ ਅਦਾਲਤ ਨੇ ਤਿੰਨ ਮਹੀਨੇ ਕੈਦ ਦੇ ਨਾਲ 20 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਇਹ ਸਜਾ ਸੈਕਟਰ 17 ‘ਚ ਪੈਂਦੇ ਆਮਦਨ ਕਰ ਵਿਭਾਗ ਦੇ ਦਫ਼ਤਰ ਸਾਹਮਣੇ ਲੱਗੇ ਸਾਈਨ ਬੋਰਡ ‘ਤੇ ਸਿਆਹੀ ਫੇਰਨ ਦੇ ਮਾਮਲੇ ‘ਚ ਸੁਣਾਈ ਹੈ।
ਬਲਜੀਤ ਸਿੰਘ ਖਾਲਸਾ ਸਜਾ ਸੁਣਾਏ ਜਾਣ ਦੇ ਬਾਅਦ ਜਮਾਨਤ ਲਈ ਅਰਜ਼ੀ ਦਾਇਰ ਨਹੀ ਕੀਤੀ ਜਿਸ ਦੇ ਬਾਅਦ ਉਸ ਨੂੰ ਅਦਾਲਤ ਨੇ ਜੇਲ ਭੇਜ ਦਿੱਤਾ। ਬਲਜੀਤ ਸਿੰਘ ਖਾਲਸਾ ਨੂੰ ਅਦਾਲਤ ਨੇ ਦਿੱਲੀ ਪ੍ਰੀਵੈਨਸ਼ਨ ਆਫ ਡੀਫੇਸਮੈਂਟ ਆਫ ਪਬਲਿਕ ਪ੍ਰੋਪਰਟੀ ਐਕਟ 2007 ਦੇ ਸੈਕਸ਼ਨ 3 ਤਹਿਤ ਦੋਸ਼ੀ ਠਹਿਰਾਇਆ ਹੈ।
ਸਬੰਧਤ ਖ਼ਬਰ: ਪੰਜਾਬੀ ਭਾਸ਼ਾ ਦੇ ਹੱਕ ‘ਚ ਆਵਾਜ਼ ਚੁੱਕਣ ਵਾਲਾ ਬਲਜੀਤ ਸਿੰਘ ਖਾਲਸਾ ਚੰਡੀਗੜ੍ਹ ਪੁਲਿਸ ਵਲੋਂ ਗ੍ਰਿਫ਼ਤਾਰ
ਜਾਣਕਾਰੀ ਅਨੁਸਾਰ ਮਾਮਲਾ ਬੀਤੇ ਸਾਲ 16 ਅਗਸਤ ਦਾ ਹੈ। ਚੰਡੀਗੜ ਪੁਲਿਸ ਦੇ ਇਕ ਹੈਡ ਕਾਂਸਟੇਬਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਡਿਊਟੀ ਸੈਕਟਰ 17 ਵਿਚ ਸੀ ਜਿਥੇ ਉਸ ਨੇ ਦੇਖਿਆ ਕਿ ਇਕ ਸਰਦਾਰ ਵਿਅਕਤੀ ਨੇ ਆਮਦਨ ਕਰ ਵਿਭਾਗ ਦੇ ਦਫ਼ਤਰ ਸਾਹਮਣੇ ਲੱਗੇ ਅਗ੍ਰੇਜੀ ਅਤੇ ਹਿੰਦੀ ਭਾਸ਼ਾ ਦੇ ਸਾਈਨ ਬੋਰਡ ‘ਤੇ ਕਾਲੀ ਸਿਆਹੀ ਡੋਲ ਦਿੱਤੀ। ਸ਼ਿਕਾਇਤ ਕਰਤਾ ਨੇ ਉਸ ਦਾ ਪਿਛਾ ਕਰਕੇ ਉਸ ਨੂੰ ਕਾਬੂ ਕਰ ਲਿਆ ਅਤੇ ਪੁਛਣ ‘ਤੇ ਉਸ ਨੇ ਆਪਣਾ ਨਾਮ ਬਲਜੀਤ ਸਿੰਘ ਖਾਲਸਾ ਦੱਸਿਆ ਸੀ। ਪੁਲਿਸ ਨੇ ਸਬੰਧਤ ਮਾਮਲਾ ਪੁਲਿਸ ਸਟੇਸ਼ਨ ਸੈਕਟਰ 17 ਵਿਚ ਦਰਜ ਕੀਤਾ ਸੀ। ਜਿਕਰਯੋਗ ਹੈ ਕਿ ਪਿਛਲੇ ਲੰਮੇ ਸਮੇ ਤੋਂ ਬਲਜੀਤ ਸਿੰਘ ਖਾਲਸਾ ਚੰਡੀਗੜ ਵਿਚ ਪੰਜਾਬੀ ਭਾਸ਼ਾ ਨੂੰ ਉਸ ਦੀ ਜਗਾਂ ਦਵਾਉਣ ਲਈ ਸੰਘਰਸ਼ ਕਰ ਰਹੇ ਹਨ।