ਦਿੱਲੀ: ਕਾਂਗਰਸ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮਹਾਰਾਜਾ ਦਲੀਪ ਸਿੰਘ ਦੀਆਂ ਇੰਗਲੈਂਡ ਪਈਆਂ ਅਸਥੀਆਂ ਨੂੰ ਵਾਪਸ ਪੰਜਾਬ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖ਼ਲ ਦੀ ਮੰਗ ਕੀਤੀ ਹੈ। ਪੰਜਾਬ ਨਾਲ ਸਬੰਧਤ ਬਾਜਵਾ ਨੇ ਅੱਜ ਪ੍ਰਧਾਨ ਮੰਤਰੀ ਨਾਲ ਇਸ ਸਬੰਧ ਵਿੱਚ ਮੁਲਾਕਾਤ ਕੀਤੀ। ਉਨ੍ਹਾਂ ਮੋਦੀ ਨੂੰ ਕਿਹਾ ਕਿ ਮਹਾਰਾਜੇ ਦੀਆਂ ਅਸਥੀਆਂ ਨੂੰ ਵਾਪਸ ਲਿਆਂਦਾ ਜਾਵੇ ਤਾਂ ਕਿ ਸਿੱਖ ਰਵਾਇਤਾਂ ਮੁਤਾਬਕ ਅੰਮ੍ਰਿਤਸਰ ਵਿੱਚ ਅੰਤਿਮ ਰਸਮਾਂ ਨੂੰ ਪੂਰਾ ਕੀਤਾ ਜਾ ਸਕੇ।
ਇਸ ਦੇ ਨਾਲ ਹੀ ਬਾਜਵਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਰਾਕ ਦੇ ਮੌਸੂਲ ਸ਼ਹਿਰ ਵਿੱਚ ਮਾਰੇ ਗਏ 39 ਭਾਰਤੀਆਂ ਦੇ ਪਰਿਵਾਰਾਂ ਨੂੰ ਵਿੱਤੀ ਮੁਆਵਜ਼ਾ ਦੇਣ ਦੇ ਨਾਲ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਪਾਰਲੀਮੈਂਟ ਹਾਊਸ ਵਿਚਲੇ ਦਫ਼ਤਰ ਵਿੱਚ ਮਿਲਣ ਗਏ ਬਾਜਵਾ ਨੇ ਇਕ ਪੱਤਰ ਵਿੱਚ ਕਿਹਾ ਕਿ ਕੁੱਲ ਆਲਮ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੀ ਇਹ ਮੰਗ ਹੈ ਕਿ ਮਹਾਰਾਜਾ ਦਲੀਪ ਸਿੰਘ ਦੀ ਕਬਰ ਨੂੰ ਪੁੱਟ ਕੇ ਅਸਥੀਆਂ ਇੰਗਲੈਂਡ ਤੋਂ ਵਾਪਸ ਭਾਰਤ ਲਿਆਂਦੀਆਂ ਜਾਣ। ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਪੁੱਤਰ ਸੀ, ਜਿਹਨਾਂ 1799 ਤੋਂ 1839 ਤਕ ਪੰਜਾਬ ਵਿਚ ਸਥਾਪਿਤ ਰਹੇ ਖਾਲਸਾ ਰਾਜ ਦੀ ਅਗਵਾਈ ਕੀਤੀ।