ਚੰਡੀਗੜ੍ਹ: ਉਮਰ ਕੈਦੀ ਬੰਦੀ ਸਿੰਘ ਭਾਈ ਗੁਰਪ੍ਰੀਤ ਸਿੰਘ ਜਾਗੋਵਾਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲੁਧਿਆਣੇ ਦੇ ਪਿੰਡ ਘਵੱਦੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਔਰਤ ਬਲਵਿੰਦਰ ਦੇ ਕਤਲ ਕੇਸ ਵਿੱਚੋਂ ਜ਼ਮਾਨਤ ਦੇ ਦਿੱਤੀ ਹੈ।
ਜਿਕਰਯੋਗ ਹੈ ਕਿ ਭਾਈ ਜਾਗੋਵਾਲ ਇਸ ਸਮੇਂ ਕੇਂਦਰੀ ਜੇਲ ਫਰੀਦਕੋਟ ਵਿਚ ਕੈਦ ਹੈ। ਇਸ ਕੇਸ ਵਿਚ ਗੁਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ ਉਮਰ ਕੈਦ ਸੁਣਾਈ ਗਈ ਸੀ।
ਪੰਜਆਬ ਲਾਇਰਜ਼ ਦੇ ਮੁਖੀ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨੂੰ ਜਾਣਕਾਰੀ ਦਿੱਤੀ ਹੈ ਕਿ ਭਾਈ ਜਸਪ੍ਰੀਤ ਸਿੰਘ ਨੂੰ ਪਹਿਲਾਂ ਹੀ ਹਾਈ ਕੋਰਟ ਤੋਂ ਜ਼ਮਾਨਤ ਮਿਲ ਚੁੱਕੀ ਹੈ ਅਤੇ ਗੁਰਪ੍ਰੀਤ ਸਿੰਘ ਪਿਛਲੇ ਦਿਨੀਂ ਪੈਰੋਲ ਕੱਟਣ ਤੋਂ ਬਾਅਦ ਵਾਪਸ ਜੇਲ ਗਿਆ ਹੈ।
ਗੁਰਪ੍ਰੀਤ ਸਿੰਘ ਨੂੰ ਜੁਲਾਈ 2016 ਵਿਚ ਗ੍ਰਿਫਤਾਰ ਕੀਤਾ ਗਿਆ ਸੀ।
ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਆਉਂਦੇ ਦਿਨਾਂ ਵਿਚ ਜਮਾਨਤ ਭਰਨ ਉੱਤੇ ਗੁਰਪ੍ਰੀਤ ਸਿੰਘ ਦੀ ਰਿਹਾਈ ਹੋ ਜਾਵੇਗੀ।
ਉਹਨਾ ਕਿਹਾ ਕਿ ਇਸ ਕੇਸ ਦੀ ਹਾਈ ਕੋਰਟ ਵਿਚ ਪੈਰਵੀ ਐਡਵੋਕੇਟ ਪੂਰਨ ਸਿੰਘ ਹੁੰਦਲ ਨੇ ਕੀਤੀ ਹੈ।