ਪਿੰਡ ਬਦੇਸ਼ਾਂ ਕਲਾਂ ਵਿੱਚ ਧਾਰਮਿਕ ਬੇਅਦਬੀ ਕਰਨ ਵਾਲਾ ਮੁਲਜ਼ਮ

ਸਿੱਖ ਖਬਰਾਂ

ਆਪਣੇ ਪੁੱਤਰ ਨੂੰ ਗੁਰਦੁਆਰੇ ‘ਚ ਨੌਕਰੀ ਦਿਵਾਉਣ ਲਈ ਹੀ ਕੀਤੀ ਗੁਰਬਾਣੀ ਦੀ ਬੇਅਦਬੀ

By ਸਿੱਖ ਸਿਆਸਤ ਬਿਊਰੋ

August 31, 2016

ਫ਼ਤਹਿਗੜ੍ਹ ਸਾਹਿਬ: ਖਮਾਣੋਂ ਨੇੜਲੇ ਪਿੰਡ ਬਦੇਸ਼ਾਂ ਕਲਾਂ ਵਿੱਚ ਬੀਤੇ ਦਿਨ ਜਪੁਜੀ ਸਾਹਿਬ ਦੇ ਗੁਟਕੇ ਦੀ ਹੋਈ ਬੇਅਦਬੀ ਦਾ ਦੋਸ਼ੀ ਪੁਲਿਸ ਵੱਲੋਂ ਫੜ੍ਹ ਲਿਆ ਗਿਆ ਹੈ। ਬੇਅਦਬੀ ਕਰਨ ਵਾਲਾ ਨੇੜਲੇ ਪਿੰਡ ਮਨੈਲਾ ਦੇ ਗੁਰਦੁਆਰੇ ’ਚ ਸੇਵਾ ਨਿਭਾ ਰਿਹਾ ਇਕ “ਗ੍ਰੰਥੀ” ਹੈ। ਪਟਿਆਲਾ ਰੇਂਜ ਦੇ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਨੇ ਪੁਲਿਸ ਲਾਈਨ ਫਤਹਿਗੜ੍ਹ ਸਾਹਿਬ ਵਿੱਚ ਡੀਆਈਜੀ ਰੋਪੜ ਰੇਂਜ ਗੁਰਸ਼ਰਨ ਸਿੰਘ ਸੰਧੂ ਅਤੇ ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਦੀ ਮੌਜੂਦਗੀ ਵਿੱਚ ਇਸ ਘਟਨਾ ਦਾ ਖ਼ੁਲਾਸਾ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਪੰਜ ਘੰਟਿਆਂ ਅੰਦਰ ਹੀ ਪੁਲਿਸ ਵੱਲੋਂ ਕਥਿਤ ਦੋਸ਼ੀ ਜਸਵੀਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਵੱਲੋਂ ਜਿਸ ਪੋਥੀ ਵਿੱਚੋਂ ਜਪੁਜੀ ਸਾਹਿਬ ਦੇ ਪੱਤਰੇ ਪਾੜੇ ਗਏ ਸਨ, ਵੀ ਪੁਲੀਸ ਨੇ ਬਰਾਮਦ ਕਰ ਲਏ ਹਨ। ਆਈਜੀ ਉਮਰਾਨੰਗਲ ਨੇ ਦੱਸਿਆ ਕਿ ਮੁਲਜ਼ਮ ਨੇ 29 ਅਗਸਤ ਨੂੰ ਪੁਲਿਸ ਅਤੇ ਸਤਿਕਾਰ ਕਮੇਟੀ ਨੂੰ ਸੂਚਨਾ ਦਿੱਤੀ ਸੀ ਕਿ ਪਿੰਡ ਬਦੇਸ਼ਾਂ ਕਲਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਪਿੱਛੇ ਰਜਵਾਹੇ ਕਿਨਾਰੇ ਜਪੁਜੀ ਸਾਹਿਬ ਦੇ ਕੁਝ ਪੱਤਰੇ ਸੁੱਟੇ ਪਏ ਹਨ। ਪੁਲਿਸ ਨੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਵਾਸੀ ਬਦੇਸ਼ਾਂ ਕਲਾਂ ਦੇ ਬਿਆਨ ‘ਤੇ ਥਾਣਾ ਖਮਾਣੋਂ ਵਿੱਚ ਕੇਸ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਗ੍ਰੰਥੀ ਜਸਵੀਰ ਸਿੰਘ ਸਿੰਘ ਦੀਆਂ ਗੱਲਾਂ ਉੱਪਰ ਸ਼ੱਕ ਹੋਇਆ ਤੇ ਉਨ੍ਹਾਂ ਜਦੋਂ ਡੁੰਘਾਈ ਨਾਲ ਪੜਤਾਲ ਕੀਤੀ ਤਾਂ ਸੱਚਾਈ ਸਾਹਮਣੇ ਆ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮੂਲ ਰੂਪ ਵਿੱਚ ਪੁਲਿਸ ਜ਼ਿਲ੍ਹਾ ਖੰਨਾ ਦੇ ਪਿੰਡ ਨਵਾਂ ਗਾਉਂ ਦਾ ਰਹਿਣ ਵਾਲਾ ਹੈ। ਉਸ ਨੇ ਤਕਰੀਬਨ 8-10 ਸਾਲ ਪਹਿਲਾਂ ਆਪਣੀ ਮਾਤਾ ਦੇ ਕਤਲ ਕੇਸ ‘ਚ ਜੇਲ੍ਹ ਵੀ ਕੱਟੀ ਹੈ। ਉਨ੍ਹਾਂ ਹੋਰ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਮੁਲਜ਼ਮ ਜਸਵੀਰ ਸਿੰਘ ਪਿੰਡ ਬਦੇਸ਼ਾਂ ਕਲਾਂ ਰਹਿਣ ਲੱਗ ਪਿਆ ਸੀ ਅਤੇ ਹੁਣ ਮਨੈਲਾ ਦੇ ਗੁਰਦੁਆਰੇ ‘ਚ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਸੀ।

ਇਸੇ ਦੌਰਾਨ ਮੁਲਜ਼ਮ ਜਸਵੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੇ ਘਰ ਵਿੱਚ ਗਰੀਬੀ ਹੈ। ਉਹ ਪਿੰਡ ਬਦੇਸ਼ਾਂ ਦੇ ਗੁਰਦੁਆਰੇ ’ਚ ਆਪਣੇ ਪੁੱਤਰ ਨੂੰ ਲਗਵਾਉਣਾ ਚਾਹੁੰਦਾ ਸੀ ਜਿਸ ਕਾਰਨ ਲਾਲਚ ਵਿੱਚ ਆ ਕੇ ਉਸ ਨੇ ਇਹ ਕਾਰਾ ਕੀਤਾ ਹੈ। ਇਸ ਮੌਕੇ ਐੱਸਪੀ (ਡੀ) ਰਾਜਵਿੰਦਰ ਸਿੰਘ ਸੋਹਲ, ਐੱਸਪੀ (ਐੱਚ) ਸ਼ਰਨਜੀਤ ਸਿੰਘ, ਡੀਐੱਸਪੀ (ਡੀ) ਕਰਨਸ਼ੇਰ ਸਿੰਘ ਢਿੱਲੋਂ, ਡੀਐੱਸਪੀ ਗੁਰਦੇਵ ਸਿੰਘ ਧਾਲੀਵਾਲ, ਡੀਐੱਸਪੀ ਖਮਾਣੋਂ ਗੁਰਪ੍ਰੀਤ ਸਿੰਘ, ਸੀਆਈਏ ਸਰਹਿੰਦ ਦੇ ਇੰਚਾਰਜ ਇੰਸਪੈਕਟਰ ਗੁਰਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: