ਚੰਡੀਗੜ੍ਹ: ਇਸ ਵੇਲੇ ਸੱਤਾ ਵਿਚੋਂ ਬਾਹਰ ਹੋਏ ਅਤੇ ਸਿੱਖ ਸਰੋਕਾਰਾਂ ਨੂੰ ਅੱਵਲ ਰੱਖਣ ਵਾਲੇ ਸਿੱਖਾਂ ਵਿੱਚ ਆਪਣਾ ਅਧਾਰ ਗਵਾ ਚੁੱਕੇ ਸ਼੍ਰੋਮਣੀ ਆਕਲੀ ਦਲ (ਬਾਦਲ) ਨੂੰ ਹੁਣ ਨਵੰਬਰ 1984 ਵਿੱਚ ਹੋਈ ਸਿੱਖ ਨਸਲਕੁਸ਼ੀ ਦੀ ਯਾਦ ਆਈ ਹੈ। ਸ਼੍ਰੋ.ਅ.ਦ. (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਦਲ ਦੇ ਆਗੂਆਂ ਤੇ ਕਾਰਕੁੰਨਾਂ ਨੇ ਲੰਘੇ ਦਿਨ (1 ਨਵੰਬਰ) ਨੂੰ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਏ ਗਏ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ।
ਜ਼ਿਕਰਯੋਗ ਹੈ ਕਿ ਨਵੰਬਰ 1984 ਵਿੱਚ ਭਾਰਤ ਭਰ ਵਿੱਚ ਸਰਕਾਰੀ ਸਾਜਿਸ਼ ਤਹਿਤ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਤੋਂ ਬਾਅਦ ਤਿੰਨ ਵਾਰ ਸ਼੍ਰੋ.ਅ.ਦ. (ਬਾਦਲ) ਨੇ ਪੰਜਾਬ ਦੀ ਸੱਤਾ ਮਾਣੀ ਹੈ; ਪਹਿਲਾਂ, 1997 ਤੋਂ 2002 ਤੱਕ ਤੇ ਫਿਰ 2007 ਤੋਂ 2017 ਤੱਕ। ਇਹਨਾਂ 15 ਸਾਲਾਂ ਦੌਰਾਨ ਸ਼੍ਰੋ.ਅ.ਦ. (ਬਾਦਲ) ਵੱਲੋਂ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦਾ ਮਾਮਲਾ ਬਿਲਕੁਲ ਵਿਸਾਰਿਆ ਜਾਂਦਾ ਰਿਹਾ ਹੈ। 15 ਸਾਲ ਪੰਜਾਬ ਵਿੱਚ ਸਰਕਾਰ ਚਲਾਉਣ ਵਾਲੇ ਬਾਦਲ ਦਲ ਨੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਤੱਥ ਨੂੰ ਮਾਨਤਾ ਦੇਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਦਕਿ ਦੁਨੀਆਂ ਦੇ ਦੂਜੇ ਦੇਸ਼ਾਂ ਦੀਆਂ ਵਿਧਾਨ ਸਭਾਵਾਂ ਵੱਲੋਂ ਬਕਾਇਦਾ ਮਤਾ ਪ੍ਰਵਾਣ ਕਰਕੇ ਇਸ ਤੱਥ ਦੀ ਤਸਦੀਕ ਕੀਤੀ ਜਾ ਰਹੀ ਹੈ ਕਿ ਨਵੰਬਰ 1984 ਵਿੱਚ ਭਾਰਤ ਸਰਕਾਰ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ। ਕਨੇਡਾ ਦੇ ਸੂਬੇ ਓਂਟਾਰੀਓ ਅਤੇ ਅਮਰੀਕਾ ਦੇ ਸੂਬੇ ਪੈਨਸਿਲਵੇਨੀਆ ਦੀ ਵਿਧਾਨ ਸਭਾ ਵੱਲੋਂ ਇਸ ਬਾਬਤ ਪ੍ਰਵਾਣ ਕੀਤੇ ਗਏ ਖਾਸ ਤੌਰ ਤੇ ਜ਼ਿਕਰ ਕਰਨ ਯੋਗ ਹਨ।
ਬਾਦਲ ਨੂੰ ਸਿੱਖ ਮਸਲਿਆਂ ਦੇ ਜਾਗੇ ਹੇਜ਼ ਦਾ ਸਬੰਧ ਅਸਲ ਵਿੱਚ ਇਸ ਦਲ ਦੀ ਮੌਜੂਦਾ ਸਿਆਸੀ ਸਥਿਤੀ ਨਾਲ ਹੈ ਜਿਸ ਤਹਿਤ ਬੀਤੇ ਸਾਲਾਂ ਦੌਰਾਨ ‘ਵਿਕਾਸ’ ਨੂੰ ਇਕੋ-ਇਕ ਮੁੱਦਾ ਐਲਾਨਣ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਸਿੱਖ ਮਸਲਿਆਂ ਉੱਤੇ ਬੋਲਣ ਲਾ ਦਿੱਤਾ ਹੈ। ਪਰ ਬਾਦਲਾਂ ਨੇ 15 ਸਾਲਾਂ ਦੇ ਰਾਜ ਦੌਰਾਨ ਜਿਵੇਂ ਸਿੱਖਾਂ ਦੇ ਅਹਿਮ ਤੇ ਬੁਨਿਆਦੀ ਮਸਲਿਆਂ ਨੂੰ ਨਾ ਸਿਰਫ ਨਜ਼ਰਅੰਦਾਜ਼ ਕੀਤਾ ਬਲਕਿ ਜਿਸ ਤਰੀਕੇ ਨਾਲ ਉਹਨਾਂ ਮਸਲਿਆਂ ਨੂੰ ‘ਬੇਆਇਨੇ’ ਕਰਨ ਦੀ ਕੋਸ਼ਿਸ਼ ਕੀਤੀ ਉਸ ਦੇ ਮੱਦੇ ਨਜ਼ਰ ਸੁਖਬੀਰ ਸਿੰਘ ਬਾਦਲ ਵੱਲੋਂ ਹੁਣ 84 ਦੀ ਨਸਲਕੁਸ਼ੀ ਦੀ ਕੀਤੀ ਜਾ ਰਹੀ ਗੱਲ ਮਗਰਮੱਸ਼ ਦੇ ਹੰਝੂਆਂ ਤੋਂ ਵਧ ਕੇ ਹੋਰ ਕੁਝ ਨਹੀਂ ਹੈ।