ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ(ਫਾਈਲ ਫੋਟੋ)

ਸਿੱਖ ਖਬਰਾਂ

ਬਾਦਲ ਸਿਆਸੀ ਮੁਫਾਦਾਂ ਨੂੰ ਪਾਸੇ ਰੱਖਕੇ ਹਰਿਆਣਾ ਗੁਰਦੁਆਰਾ ਕਮੇਟੀ ਬਣਾਉਣ ਵਿੱਚ ਸਹਿਯੋਗ ਦੇਣ: ਕੈਪਟਨ ਅਮਰਿੰਦਰ ਸਿੰਘ

By ਸਿੱਖ ਸਿਆਸਤ ਬਿਊਰੋ

June 23, 2014

ਅੰਮ੍ਰਿਤਸਰ( 22 ਜੂਨ 2014): ਪੰਜਾਬ ਦੇ ਸਾਬਕਾ ਮੁਖ ਮੰਤਰੀ ਅਤੇ ਕਾਂਗਰਸ ਦੇ ਅੰਮ੍ਰਿਤਸਰ ਤੋਂ ਐੱਮਪੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਉਦਿਆਂ ਵੱਖਰੀ ਹਰਿਆਂਣਾ ਗੁਰਦੁਆਰਾ ਕਮੇਟੀ ਦਾ ਸਮਰਥਨ ਕੀਤਾ ਹੈ।

ਇਸ ਸਬੰਧੀ ਜਾਰੀ ਕੀਤੇ ਇੱਕ ਬਿਆਨ ਵਿੱਚ ਉਨ੍ਹਾਂ ਅਕਲੀ ਦਲ ‘ਤੇ ਦੋਸ਼  ਲਾਇਆ ਕਿ ਪੰਜਾਬ ਦੀ ਵੰਡ ਲਈ ਅਕਾਲੀ ਆਗੂ ਹੀ ਦੋਸ਼ੀ ਹਨ ਅਤੇ ਇਨ੍ਹਾਂ ਕਾਰਨ ਹੀ ਪੰਜਾਬ ਦੇ ਟੋਟੇ ਹੋਏ ਅਤੇ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਬਣਿਆ।

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਵਰਦਿਆਂ ਉੁਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਦੇ ਸਿੱਖ ਉੱਥੋਂ ਦੇ ਗੁਰਦੁਆਰਿਆਂ ਦੀ ਸੰਭਾਲ ਲਈ ਆਜ਼ਾਦ ਢੰਗ ਨਾਲ ਕੰਮ ਕਰਨਾ ਚਾਹੁੰਦੇ ਹਨ ਅਤੇ ਵੱਖਰੀ ਕਮੇਟੀ ਬਣਾਉਣਾ ਚਾਹੁੰਦੇ ਹਨ ਤਾਂ ਇਸ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰਨਾਂ ਨੂੰ ਕੀ ਇਤਰਾਜ਼ ਹੈ।

ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਵਿੱਚ ਵੱਖਰੀ ਕਮੇਟੀ ਦਾ ਵਿਰੋਧ ਕਰਨ ਵਾਲੇ ਪੰਜਾਬ ਦੇ ਸਿੱਖ ਆਗੂ ਗੁਰਦੁਆਰਿਆਂ ਦੀ  ਸੰਭਾਲ ਦੇ ਨਾਂ ’ਤੇ ਹਰਿਆਣਾ ਦੇ ਸਿੱਖਾਂ ‘ਤੇ ਆਪਣਾ ਗਲਬਾ ਰੱਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਬਾਦਲ ਇਸ ਮਾਮਲੇ ਵਿੱਚ ਆਪਣੇ ਸਿਆਸੀ ਮੁਫਾਦਾਂ ਨੂੰ ਪਾਸੇ ਰੱਖਣ ਅਤੇ ਵੱਖਰੀ ਕਮੇਟੀ ਨੂੰ ਸਮਰਥਨ ਦੇਣ।

ਉਨ੍ਹਾਂ ਆਖਿਆ ਕਿ ਹਰਿਆਣਾ ਵਿੱਚ ਵੱਖਰੀ ਕਮੇਟੀ ਬਣਾਉਣਾ ਕਿਸੇ ਤਰ੍ਹਾਂ ਵੀ ਅਣਉਚਿਤ ਨਹੀਂ ਹੈ ਕਿਉਂਕਿ ਇਸ ਤੋਂ ਪਹਿਲਾ ਦਿੱਲੀ, ਪਟਨਾ ਅਤੇ ਮਹਾਰਾਸ਼ਟਰ ਵਿੱਚ ਵੱਖ ਵੱਖ ਕਮੇਟੀਆਂ ਬਣ ਚੁੱਕੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: