ਚੰਡੀਗੜ੍ਹ: ਬੀਤੇ ਕੱਲ੍ਹ ਚੰਡੀਗੜ੍ਹ ਅਧਾਰਿਤ ਪੰਜਾਬ ਫੌਰਮ ਦੇ ਬੁੱਧੀਜੀਵੀਆਂ ਨੇ ਪੱਤਰਕਾਰ ਵਾਰਤਾ ਦੌਰਾਨ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਥਿਤ ਅਕਾਲੀ ਲੀਡਰਾਂ ਨੂੰ ਨਾਲ ਲੈ ਕੇ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੌਰਾਨ ਜਾਣੇ ਅਣਜਾਣੇ ਵਿਚ ਹੋਈਆਂ ਭੁੱਲਾਂ ਦੀ ਖਿਮਾਂ ਯਾਚਨਾ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਕਰਵਾ ਕੇ ਅਰਦਾਸ ਕਰਨ ਨੂੰ ਇੱਕ ਸਿਆਸੀ ਡਰਾਮਾ ਕਰਾਰ ਦਿੱਤਾ ਹੈ। ਪੰਜਾਬ ਫੌਰਮ ਦਾ ਕਹਿਣੈ ਕਿ “ਇਹ ਬੇਅਦਬੀ ਦੀਆਂ ਘਟਨਾਵਾਂ ਤੋਂ ਭਟਕਾਉਣ ਦਾ ਯਤਨ ਹੈ ਤਾਂ ਜੋ 2019 ਦੀ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਣ ਵਾਲੇ ਸਿਆਸੀ ਖੋਰੇ ਤੋਂ ਬਚਾਇਆ ਜਾ ਸਕੇ”।
ਪੰਜਾਬ ਫੋਰਮ ਦੇ ਬੁੱਧੀਜੀਵੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ “ਬਾਦਲ ਪਰਿਵਾਰ ਦੀ ਇਹ ਸਿਆਸੀ ਸਾਜ਼ਿਸ਼ ਸਿੱਖਾਂ ਦੀਆਂ ਮਹਾਨ ਪ੍ਰੰਪਰਾਵਾਂ ਨਾਲ ਇਕ ਹੋਰ ਖਿਲਵਾੜ ਹੈ। ਬਾਦਲ ਪਰਿਵਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਾਰੀਆਂ ਹੀ ਸਿੱਖ ਸੰਸਥਾਵਾਂ ਨੂੰ ਆਪਣੀ ਨਿੱਜੀ ਜਾਇਦਾਦ ਬਣਾ ਕੇ ਰੱਖਿਆ ਹੋਇਆ ਹੈ ਅਤੇ ਉਹ ਆਪਣੇ ਸਿਆਸੀ ਕਾਰੋਬਾਰ ਲਈ ਸਿੱਖ ਪੰਥ ਦੀਆਂ ਮਹਾਨ ਪ੍ਰੰਪਰਾਵਾਂ ਦੀ ਵਾਰ ਵਾਰ ਉਲੰਘਣਾ ਕਰਦਾ ਰਹਿੰਦਾ ਹੈ। ਇਹ ਕਦਮ ਵੀ ਇਸ ਲੜੀ ਦਾ ਹੀ ਇਕ ਹਿੱਸਾ ਹੈ।
ਇਸ ਤੋਂ ਪਹਿਲਾਂ ਬਾਦਲ ਪਰਿਵਾਰ ਨੇ ਆਪਣੇ ਵੋਟ ਬੈਂਕ ਨੂੰ ਬਚਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਦੋਸ਼ੀ ਵਜੋਂ ਨਾਮਜ਼ਦ ਡੇਰਾ ਸਿਰਸਾ ਦੇ ਮੁਖੀ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਮੁਆਫੀਨਾਮਾ ਦਵਾਇਆ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੋਸ਼ਾਕ ਪਹਿਨਣ ਦੇ ਦੋਸ਼ਾਂ ਅਧੀਨ ਡੇਰਾ ਮੁਖੀ ਵਿਰੁੱਧ ਬਠਿੰਡਾ ਸਿਟੀ ਥਾਣੇ ਵਿਚ ਦਰਜ ਹੋਏ ਮੁਕੱਦਮੇ ਨੂੰ ਅਦਾਲਤ ਵਿਚੋਂ ਖਾਰਜ ਕਰਵਾਇਆ। ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਬੇਅਦਬੀ ਦੀਆਂ ਘਟਨਾਵਾਂ ਅਤੇ ਇਸ ਮੌਕੇ ਹੋਏ ਗੋਲੀ ਕਾਂਡਾਂ ਲਈ ਦੋਵੇਂ ਬਾਦਲਾਂ ਨੂੰ ਦੋਸ਼ੀਆਂ ਵਾਲੇ ਕਟਹਿਰੇ *ਚ ਲਿਆਂਦਾ ਹੈ।
2015 ‘ਚ ਬੇਅਦਬੀ ਘਟਨਾਵਾਂ ਨਾਲ ਜੁੜੇ ਹੋਏ ਸੱਚ ਨੂੰ ਬਾਹਰ ਲਿਆਉਣ ਲਈ ਅਕਾਲੀਖ਼ਭਾਜਪਾ ਸਰਕਾਰ ਨੇ ਇਕ ਵੀ ਗੰਭੀਰ ਕਦਮ ਨਹੀਂ ਚੁੱਕਿਆ ਬਲਕਿ ਇਨਸਾਫ ਮੰਗ ਰਹੀਆਂ ਸ਼ਾਂਤਮਈ ਧਰਨੇ ਉਤੇ ਬੈਠੀਆਂ ਸਿੱਖ ਸੰਗਤਾਂ ਉਤੇ ਗੋਲੀਆਂ ਚਲਵਾ ਕੇ ਦੋ ਨਿਰਦੋਸ਼ ਸਿੱਖਾਂ ਦੀ ਬਰਬਰਤਾ ਢੰਗ ਨਾਲ ਹੱਤਿਆ ਕਰਵਾ ਦਿੱਤੀ ਅਤੇ ਬ-ਹੁਤ ਸਾਰੇ ਜ਼ਖਮੀ ਕਰ ਦਿੱਤੇ। ਇਨ੍ਹਾਂ ਘਟਨਾਵਾਂ ਦੀ ਜਾਂਚ ਨੂੰ ਗਲਤ ਦਿਸ਼ਾ ਵੱਲ ਤੋਰਨ ਲਈ ਦੋ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ *ਤੇ ਭਾਰੀ ਤਸ਼ੱਦਦ ਕਰਵਾਇਆ ਅਤੇ ਉਨ੍ਹਾਂ ਨੂੰ ਮਜ਼ਬੂਰ ਕੀਤਾ ਕਿ ਉਹ ਬੇਅਦਬੀ ਦੀਆਂ ਘਟਨਾਵਾਂ ਵਾਲਾ ਗੁਨਾਹ ਕਬੂਲ ਲੈਣ। 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਮੌੜ ਬੰਬ ਧਮਾਕੇ *ਚ ਅੱਧੀ ਦਰਜਨ ਬੱਚੇ ਮਾਰੇ ਗਏ ਸਨ ਜਿਸ ਦੀਆਂ ਤਾਰਾਂ ਵੀ ਡੇਰਾ ਸਿਰਸਾ ਨਾਲ ਜੁੜ ਗਈਆਂ ਹਨ।
ਇਸ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੀ ਅਕਾਲੀ-ਭਾਜਪਾ ਸਰਕਾਰ ਨੇ ਕੋਈ ਯਤਨ ਨਹੀਂ ਕੀਤਾ। ਉਨਾਂ ਕਿਹਾ ਕਿ ਬਾਦਲ ਪਰਿਵਾਰ ਜੇਕਰ ਆਪਣੇ ਗੁਨਾਹਾਂ ਦਾ ਸੱਚੇ ਦਿਲੋਂ ਪਸ਼ਤਾਚਾਪ ਕਰਨਾ ਚਾਹੁੰਦਾ ਹੈ ਤਾਂ ਉਹ 1978 ਤੋਂ ਲੈ ਕੇ ਹੁਣ ਤੱਕ ਕੀਤੇ ਸੈਂਕੜੇ ਕਾਲੇ ਕਾਰਨਾਮਿਆਂ ਦੀ ਖੁੱਲ੍ਹ ਕੇ ਮੁਆਫੀ ਮੰਗੇ। ਬਾਦਲ ਪਰਿਵਾਰ ਹੁਣ ਮੁਆਫੀਯੋਗ ਨਹੀਂ ਰਿਹਾ ਕਿਉਂਕਿ ਇਸ ਨੇ ਪੰਥ ਦੀ ਸ਼ਕਤੀ ਅਤੇ ਅਕਾਲੀ ਦਲ ਨੂੰ ਹਿੰਦੂਤਵ ਤਾਕਤਾਂ ਦੀ ਅਗਵਾਈ ਕਰਨ ਵਾਲੀ ਭਾਜਪਾ ਦਾ ਪਿਛਲੱਗ ਬਣਾ ਦਿੱਤਾ ਹੈ ਜਿਸ ਕਰਕੇ ਭਾਰਤੀ ਖਿੱਤੇ *ਚ ਸਿੱਖਾਂ ਦੀ ਸਿਆਸੀ ਹੋਂਦ ਅਤੇ ਹਸਤੀ ਖਤਮ ਹੋਣ ਤੱਕ ਪਹੁੰਚ ਗਈ ਹੈ।“
ਰਣਜੀਤ ਸਿੰਘ ਕਮਿਸ਼ਨ ਵੱਲੋਂ ਕੀਤੀ ਜਾਂਚ ਨਾਲ ਉਹ ਸਾਰੇ ਸਬੂਤ ਅਤੇ ਤੱਥ ਸਾਹਮਣੇ ਆ ਗਏ ਹਨ ਜਿਨ੍ਹਾਂ ਸਦਕਾ ਬਾਦਲਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਇਸ ਲਈ ਉਹ ਬਚੀ ਬੋਗਸ ਅਕਾਲੀ ਲੀਡਰਸ਼ਿਪ ਨੂੰ ਨਾਲ ਲੈ ਕੇ ਅਕਾਲ ਤਖਤ ਤੋਂ ਮੁਆਫੀ ਮੰਗਣ ਦਾ ਡਰਾਮਾ ਰਚ ਕੇ ਆਪਣੇ ਗੁਨਾਹਾਂ ਤੋਂ ਸਿੱਖਾਂ ਦਾ ਧਿਆਨ ਭਟਕਾ ਰਿਹਾ ਹੈ।
ਇਸ ਮੌਕੇ ਸਾਬਕਾ ਆਈ ਏ ਐਸ ਗੁਰਤੇਜ ਸਿੰਘ, ਡ੍ਹਾ ਗੁਰਦਰਸ਼ਨ ਸਿੰਘ ਢਿੱਲੋਂ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਤੇ ਸੁਖਦੇਵ ਸਿੰਘ, ਸ਼ੋਮਣੀ ਖਾਲਸਾ ਪੰਚਾਇਤ ਦੇ ਰਾਜਿੰਦਰ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਬੁਲਾਰੇ ਗੁਰਪ੍ਰੀਤ ਸਿੰਘ ਅਤੇ ਜਨਰਲ ਸਕੱਤਰ ਖੁਸ਼ਹਾਲ ਸਿੰਘ ਹਾਜ਼ਰ ਸਨ।