ਸਿੱਖ ਖਬਰਾਂ

ਪੰਜਾਬ ਦੀ ਸਿਆਸਤ ਤੋਂ ਕਿਨਾਰਾ ਕਰ ਲੈਣਾ ਹੀ ਬਾਦਲਾਂ ਦਾ ਅਸਲੀ ਪਛਤਾਵਾ ਹੋਵੇਗਾ : ਪੰਥਕ ਤਾਲਮੇਲ ਸੰਗਠਨ

By ਸਿੱਖ ਸਿਆਸਤ ਬਿਊਰੋ

December 09, 2018

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ(ਬਾਦਲ) ਦੀ ਕੋਰ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਪੰਜਾਬ ਵਿਚ ਆਪਣੀ ਦਸ ਸਾਲਾਂ ਦੀ ਸਰਕਾਰ ਦੌਰਾਨ ਹੋਈਆਂ ਗਲਤੀਆਂ ਦੀ ਮੁਆਫੀ ਲਈ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਅਤੇ ਸੇਵਾ ਕਰਨ ਦੇ ਲਏ ਗਏ ਫੈਸਲੇ ਤੋਂ ਬਾਅਦ ਸਮੂਹ ਪੰਥਕ ਜਥੇਬੰਦੀਆਂ ਅਤੇ ਸਿੱਖਾਂ ਵਲੋਂ ਸ਼੍ਰੋਮਣੀ ਅਕਾਲੀ ਦਲ(ਬਾਦਲ) ਦੀ ਇਸ ਕਾਰਵਾਈ ਨੂੰ ਇੱਕ ਪਖੰਡ ਦੇ ਤੌਰ ‘ਤੇ ਭੰਡਿਆ ਜਾ ਰਿਹਾ ਹੈ। ਬਿਜਲ ਸੱਥਾਂ ਉੱਤੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਬਾਦਲ 1978 ਤੋਂ ਲੈ ਕੇ ਹੁਣ ਤੱਕ ਕੀਤੀਆਂ ਪੰਥ ਵਿਰੋਧੀ ਕਾਰਵਾਈਆਂ ਨੂੰ ਜਨਤਕ ਕਰਕੇ ਦੱਸੇ ਕੇ ਉਹ ਕਿਹੜੀਆਂ ਗਲਤੀਆਂ ਲਈ ਮੁਆਫੀ ਮੰਗ ਰਿਹਾ ਹੈ।

ਬੀਤੇ ਕੱਲ੍ਹ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਅਤੇ ਕੋਰ ਕਮੇਟੀ ਨੇ ਕਿਹਾ ਕਿ ‘ਬਾਦਲ ਦਲ’ ਦਾ ਸਭ ਤੋਂ ਵੱਡਾ ਗੁਨਾਹ ਹੈ ਕਿ ਉਹ ਆਪਣੇ ਆਪ ਨੂੰ ‘ਸ਼੍ਰੋਮਣੀ ਅਕਾਲੀ ਦਲ’ ਅਖਵਾਉਂਦਾ ਹੈ ਅਤੇ ਸ਼ਹੀਦਾਂ ਦੇ ਖੂਨ ਵਿਚੋਂ ਪੈਦਾ ਹੋਈਆਂ ਪੰਥਕ ਸੰਸਥਾਵਾਂ ਦਾ ਨਿਰਾਦਰ ਕਰ ਰਿਹਾ ਹੈ। ਨਿੱਜੀ ਪਰਿਵਾਰ ਜਾਂ ਕਿਸੇ ਕੰਪਨੀ ਕੋਲ ਆਪਣੇ ਆਪ ਨੂੰ ਕੌਮ ਦਾ ਨੁਮਾਇੰਦਾ ਕਹਾਉਣ ਦਾ ਕੋਈ ਹੱਕ ਨਹੀਂ ਹੈ । ਇਸ ਬਾਦਲ ਦਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਸ਼ਹੀਦਾਂ ਦੀ ਖੁੂਨ ਨਾਲ ਸਿੰਜੀ ਕਿਸੇ ਜਥੇਬੰਦੀ ਦਾ ਬਦਲ ਨਹੀਂ ਹੋ ਸਕਦੇ। ਅਖੌਤੀ ਦਲ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜ ਕੇ ਕੀਤਾ ਗਿਆ ਅਣ-ਪਛਾਤੇ ਗੁਨਾਹਾਂ ਦਾ ਪਸਚਾਤਾਪ ਸਿਆਸੀ ਸ਼ਾਖ ਬਹਾਲ ਕਰਨ ਲਈ ਸ਼ਾਤਰ ਸਿਲਸਲਾ ਹੈ। ਜੋ ਕਿ ਸਿੱਖ ਧਰਮ ਦੀਆਂ ਸੰਸਥਾਵਾਂ ਅਤੇ ਪ੍ਰੰਪਰਾਵਾਂ ਦੇ ਘਾਣ ਦਾ ਹਿੱਸਾ ਹੀ ਹੋ ਨਿਬੜੇਗਾ।

ਪੰਥਕ ਤਾਲਮੇਲ ਸੰਗਠਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਜੇ ਦਲ਼-ਦਲ਼ ਵਿਚ ਧਸਿਆ ਇਹ ਦਲ ਕੋਈ ਇਨਸਾਨੀਅਤ ਦਾ ਅੰਸ਼ ਰੱਖਦਾ ਹੈ ਤਾਂ ਰੱਬੀ ਤਖਤ ’ਤੇ ਆਪਣੇ ਗੁਨਾਹਾਂ ਦੀ ਸੂਚੀ ਸੌਂਪੇ ਅਤੇ ਆਪਣੇ ਸਾਥੀ ਸੌਦਾ ਸਾਧ ਨੂੰ ਵੀ ਆਪਣੇ ਨਾਲ ਖੜ੍ਹਾ ਕਰੇ।

ਕੀ ਇਸ ਪਸਚਾਤਾਪ ਨਾਲ ਗੁਰੂ ਗ੍ਰੰਥ ਸਾਹਿਬ ਦੇ ਅਦਬ ਲਈ ਆਵਾਜ਼ਾਂ ਮਾਰਦੇ ਮਾਰੇ ਪੁੱਤ ਮਾਪਿਆਂ ਦੀ ਝੋਲੀ ਪੈ ਜਾਣਗੇ ? ਗੁਰੂ ਖਾਤਰ ਇਨਸਾਫ਼ ਲਈ ਜੂਝਦਿਆਂ ਨੂੰ ਅੱਤਵਾਦੀ ਗਰਦਾਨਣ ਅਤੇ ਕੌਮ ਦਾ ਸੌਦਾ ਕਰਨ ਦੇ ਗੁਨਾਹਗਾਰਾਂ ਨੂੰ ਕੌਮ ਦੇ ਕਟਹਿਰੇ ਵਿਚ ਜਵਾਬ ਦੇਣਾ ਪਵੇਗਾ।

ਸਮੇਂ ਦੀ ਮੰਗ ਹੈ ਕਿ ਇਹ ਦਲ ਪੰਜਾਬ ਅਤੇ ਸਿੱਖ ਕੌਮ ਦਾ ਖਹਿੜਾ ਛੱਡ ਕੇ ਘਰ ਬੈਠਣ ਦਾ ਫੈਸਲਾ ਕਰੇ। ਜਿਸ ਤੋਂ ਮਹਿਸੂਸ ਹੋ ਸਕਦਾ ਹੈ ਕਿ ਸੱਚੇ ਦਿਲੋਂ ਗੁਨਾਹਾਂ ਦਾ ਪਸ਼ਚਾਤਾਪ ਕੀਤਾ ਜਾ ਰਿਹਾ ਹੈ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: