ਫ਼ਤਿਹਗੜ੍ਹ ਸਾਹਿਬ (24 ਜੂਨ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂਆਂ ਭਾਈ ਹਰਪਾਲ ਸਿੰਘ ਚੀਮਾ ਅਤੇ ਕੁਲਬੀਰ ਸਿੰਘ ਬੜਾ ਪਿੰਡ ਨੇ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ 15 ਮਿੰਟ ਦੀ ਹੋਈ ਮੁਲਾਕਾਤ ਵਿੱਚ ਪੰਜਾਬ ਦੇ ਹੋਰ ਮਸਲੇ ਵਿਚਾਰਨ ਦੇ ਨਾਲ-ਨਾਲ ਪ੍ਰੋ. ਭੁੱਲਰ ਦੀ ਸਜ਼ਾ ਨੂੰ ਟਾਲਣ ਲਈ ਕੋਈ ਰਾਹ ਲੱਭਣ ਲਈ ਕਿਹਾ ਹੈ ਜਦਕਿ ਉਨ੍ਹਾਂ ਨੂੰ ਇਹ ਸਜ਼ਾ ਰੱਦ ਕਰਨ ਦੀ ਮੰਗ ਕਰਨੀ ਚਾਹੀਦੀ ਹੈ।
ਉਕਤ ਆਗੂਆਂ ਨੇ ਕਿਹਾ ਕਿ ਕਿਸੇ ਮੁੱਦੇ ਨੂੰ ‘ਟਾਲ ਦੇਣ’ ਦਾ ਮਤਲਬ ਉਸ ਮੁੱਦੇ ਨੂੰ ਕੁਝ ਸਮੇਂ ਲਈ ਅੱਗੇ ਪਾ ਦੇਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਭੁੱਲਰ 16 ਸਾਲ ਤੋਂ ਜੇਲ੍ਹ ਵਿੱਚ ਬੰਦ ਹਨ ਅਤੇ ਉਨ੍ਹਾਂ ਦੇ ਕਮਜ਼ੋਰ ਸਰੀਰਕ ਹਾਲਾਤਾਂ ਦੇ ਬਾਵਯੂਦ ਸ. ਬਾਦਲ ਦੇ ਸ਼ਬਦਾਂ ਵਿੱਚ ਉਨ੍ਹਾਂ ਦੀ ਸਜ਼ਾ ਨੂੰ ‘ਟਾਲ ਦੇਣਾ’ ਉਨ੍ਹਾਂ ਨੂੰ ਰੋਜ਼ਾਨਾ ਫਾਂਸੀ ਚੜ੍ਹਾਉਣ ਦੇ ਬਰਾਬਰ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਬਾਦਲ ਨੂੰ ਚਾਹੀਦਾ ਹੈ ਕਿ ਉਹ ਇਸ ਮੁੱਦੇ ਨੂੰ ‘ਟਾਲਣ’ ਦੀ ਥਾਂ ਪ੍ਰੋ. ਭੁੱਲਰ ਦੀ ਰਿਹਾਈ ਲਈ ਕੇਂਦਰ ਨਾਲ ਰਾਬਤਾ ਬਣਾਉਣ। ਇਹ ਹੋਰ ਵੀ ਅਸਰਦਾਰ ਕਦਮ ਹੋਵੇਗਾ ਜੇਕਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਅਪਣੇ-ਅਪਣੇ ਸੰਸਦ ਮੈਬਰਾਂ ਅਤੇ ਵਿਧਾਇਕਾਂ ਨੂੰ ਨਾਲ ਲੈ ਕੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਸਾਂਝੇ ਤੌਰ ’ਤੇ ਪ੍ਰੋ. ਭੁੱਲਰ ਦੀ ਰਿਹਾਈ ਲਈ ਮਿਲਣ ਕਿਉਂਕਿ ਇਹ ਦੋਵੇਂ ਲੀਡਰ ਮੀਡੀਏ ਰਾਹੀਂ ਉਨ੍ਹਾਂ ਦੀ ਰਿਹਾਈ ਲਈ ਮੰਗ ਕਰ ਚੁੱਕੇ ਹਨ। ਉਨ੍ਹਾਂ ਸਮੁੱਚੀਆਂ ਰਾਜਨੀਤਿਕ ਪਾਰਟੀਆਂ, ਸੰਤ ਸਮਾਜ, ਸਮਾਜਿਕ, ਧਾਰਮਿਕ ਤੇ ਸਭਿਆਚਾਰਿਕ ਸੰਸਥਾਵਾਂ,ਖੇਡ ਕਲੱਬਾਂ ਅਤੇ ਸੇਵਾ ਸੁਸਾਇਟੀਆਂ ਨੂੰ ਬੇਨਤੀ ਕੀਤੀ ਕਿ ਪ੍ਰੋ. ਭੁੱਲਰ ਦੀ ਰਿਹਾਈ ਲਈ ਮਤੇ ਪਾ ਕੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਭੇਜੇ ਜਾਣ।