Site icon Sikh Siyasat News

ਦਰਬਾਰਾ, ਬਰਨਾਲਾ ਅਤੇ ਬੇਅੰਤੇ ਦੀਆਂ ਲੀਹਾਂ ਤੇ ਚੱਲ ਰਿਹਾ ਬਾਦਲ:ਯੂਨਾਈਟਿਡ ਖਾਲਸਾ ਦਲ ਯੂ.ਕੇ.

ਲੰਡਨ: ਜੂਨ 1984 ਨੂੰ ਸਿੱਖ ਤਵਾਰੀਖ ਵਿੱਚ ਵਾਪਰੇ ਤੀਜੇ ਘੱਲੂਘਾਰੇ ਦੀ ਯਾਦ ਸਿੱਖ ਮਨਾਂ ਵਿੱਚ ਸਦਾ ਹੀ ਕਾਇਮ ਰਹੇਗੀ ਅਤੇ ਇਸ ਜਖਮ ਵਿੱਚੋਂ ਸਿੱਖ ਕੌਮ ਆਪਣੇ ਕੌਮੀ ਅਜਾਦੀ ਦੇ ਸੰਕਲਪ ਨੂੰ ਮੱਦੇ ਨਜ਼ਰ ਰੱਖਦੀ ਹੋਈ ਅਜ਼ਾਦ ਸਿੱਖ ਰਾਜ ਖਾਲਿਸਤਾਨ ਲਈ ਸਦਾ ਹੀ ਸੰਘਰਸ਼ਸ਼ੀਲ ਰਹੇਗੀ। ਪੰਜਾਬ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ 6 ਜੂਨ ਨੂੰ ਹੋ ਰਹੇ ਸਮਾਗਮ ਨੂੰ ਅਸਫਲ ਬਣਾਉਣ ਲਈ ਪੰਥਕ ਆਗੂਆਂ ਦੀਆਂ ਗ੍ਰਿਫਤਾਰੀਆਂ ਦੀ ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਸਖਤ ਨਿਖੇਧੀ ਕੀਤੀ ਗਈ ਗਈ।

ਭਾਈ ਜੋਗਾ ਸਿੰਘ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ (ਫਾਈਲ ਫੋਟੋ)

ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਸਾਬਕਾ ਮੁੱਖ ਮੰਤਰੀ ਦਰਬਾਰਾ, ਬਰਨਾਲਾ ਅਤੇ ਬੇਅੰਤੇ ਦੀਆਂ ਲੀਹਾਂ ਤੇ ਚੱਲ ਰਿਹਾ ਹੈ। ਦਲ ਦੇ ਪ੍ਰਧਾਨ ਸ. ਨਿਰਮਲ ਸਿੰਘ ਸੰਧੂ, ਜਨਰਲ ਸਕੱਤਰ ਸ. ਲਵਸ਼ਿੰਦਰ ਸਿੰਘ ਡੱਲੇਵਾਲ, ਸ. ਸੁਖਵਿੰਦਰ ਸਿੰਘ ਖਾਲਸਾ ਅਤੇ ਪੰਥਕ ਆਗੂ ਜਥੇਦਾਰ ਜੋਗਾ ਸਿੰਘ ਵਲੋਂ ਸਿੱਖ ਕੌਮ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਹੈ ਕਿ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਣ ਵਾਲੇ ਸ਼ਹੀਦੀ ਸਮਗਮਾਂ ਵਿੱਚ ਵਧ ਚੜ੍ਹ ਕੇ ਪਹੁੰਚਿਆ ਜਾਵੇ।

ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਯਾਦ ਸਿੱਖ ਕੌਮ ਦੇ ਦਿਲਾਂ ਵਿੱਚ ਇਸ ਕਦਰ ਵਸ ਚੁੱਕੀ ਹੈ ਕਿ ਫਿਰਕਾ ਪ੍ਰਸਤਾਂ ਵਲੋਂ ਉਹਨਾਂ ਦੀਆਂ ਫੋਟੋਆਂ ਪਾੜਨ ਨਾਲ ਇਹ ਘੱਟਣ ਦੀ ਬਜਾਏ ਹੋਰ ਵਧੇਗੀ। ਉਹਨਾਂ ਦੀਆਂ ਪਵਿੱਤਰ ਯਾਦਾਂ ਸਿੱਖਾਂ ਦੇ ਸਾਹਾਂ ਵਿੱਚ ਵਸਦੀਆਂ ਹਨ, ਇਸ ਕਰਕੇ ਸ਼ਿਵ ਸੈਨਾ ਵਰਗੀਆਂ ਫਿਰਕੂ ਜਮਾਤਾਂ ਜਿੰਨਾ ਮਰਜੀ ਜ਼ੋਰ ਲਗਾ ਲੈਣ ਉਹ ਸੰਤ ਜੀ ਦਾ ਸਤਿਕਾਰ ਸਿੱਖ ਕੌਮ ਦੇ ਦਿਲਾਂ ਵਿੱਚੋਂ ਘਟਾ ਨਹੀਂ ਸਕਦੀਆਂ। ਉਹਨਾਂ ਪ੍ਰਤੀ ਸਿੱਖ ਕੌਮ ਦਾ ਪਿਆਰ ਅਤੇ ਸਤਿਕਾਰ ਹਮੇਸ਼ਾ ਵਧਦਾ ਹੀ ਰਹੇਗਾ ਕਿਉਂ ਕਿ ਉਹਨਾਂ ਨੇ ਜਿਹੜਾ ਵੀ ਸਾਹ ਲਿਆ ਉਹ ਕੌਮ ਦੇ ਭਲੇ ਵਾਸਤੇ ਲਿਆ ਅਤੇ ਜਿਹੜਾ ਵੀ ਕਦਮ ਪੁੱਟਿਆ ਉਹ ਕੌਮ ਦੀ ਚੜਦੀ ਕਲਾ ਲਈ ਪੁੱਟਿਆ ਉਹਨਾਂ ਦਾ ਹਰ ਕਾਰਜ ਕੌਮ ਪ੍ਰਸਤੀ ਦੀ ਭਾਵਨਾ ਵਾਲਾ ਸੀ।

ਇਸ ਖੂਨੀ ਘੱਲੂਘਾਰੇ ਦੀ ਯਾਦ ਵਿੱਚ ਜਿੱਥੇ ਦੁਨੀਆਂ ਭਰ ਵਿੱਚ ਸ਼ਹੀਦੀ ਸਮਾਗਮ ਹੋ ਰਹੇ ਹਨ ਉੱਥੇ ਦੁਨੀਆਂ ਭਰ ਵਿੱਚ ਇਸ ਸਬੰਧੀ ਭਾਰੀ ਰੋਸ, ਰੋਹ ਭਰਪੂਰ ਮੁਜਾਹਰੇ ਕੀਤੇ ਜਾ ਰਹੇ ਹਨ। ਜੰਮੂ ਵਿਖੇ ਇਹਨਾਂ ਹਿੰਦੂਤਵੀ ਫਿਰਕਾਪ੍ਰਸਤਾਂ ਵਲੋਂ ਸ਼ਹੀਦ ਭਾਈ ਜਸਜੀਤ ਸਿੰਘ ਸ਼ਹੀਦੀ ਸਮਾਗਮਾਂ ਸਬੰਧੀ ਬੈਨਰ ਪਾੜਦਿਆਂ ਵਿਖਾਈ ਗਈ ਨੀਚਤਾ ਇਹਨਾਂ ਦੇ ਕਰੂਪ ਅਤੇ ਫਿਰਕੂ ਚਿਹਰੇ ਦਾ ਰੂਪ ਹੈ, ਜਿਸ ਦਾ ਮੂੰਹ ਤੋੜ ਜਵਾਬ ਦੇਣ ਲਈ ਹਰ ਸਿੱਖ ਤਿਆਰ ਹੈ। ਸਬੰਧਤ ਸਰਕਾਰ ਨੂੰ ਇਹਨਾਂ ਫਿਰਕੂਆਂ ਤੇ ਲਗਾਮ ਕੱਸਣ ਦੀ ਲੋੜ ਹੈ ਅਤੇ ਇਹਨਾਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਦਰਜ ਕੀਤਾ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version