Site icon Sikh Siyasat News

ਪਹਿਲਾਂ ਮਜੀਠੀਆ ਨੂੰ ਗ੍ਰਿਫ਼ਤਾਰ ਕਰੇ ਬਾਦਲ ਸਰਕਾਰ: ‘ਆਪ’

ਚੰਡੀਗੜ੍ਹ: ਪਿਛਲੇ ਦਿਨਾਂ ਤੋਂ ਧਾਰਮਿਕ ਮੁੱਦਿਆਂ ਵਿੱਚ ਘਿਰੀ ਹੋਈ ਆਮ ਆਦਮੀ ਪਾਰਟੀ (ਆਪ) ਨੇ ਜਵਾਬੀ ਹਮਲਾ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਵੱਲ ਉਂਗਲੀ ਉਠਾਉਣ ਤੋਂ ਪਹਿਲਾਂ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ‘ਆਪ’ ਨੇ ਸਪੱਸ਼ਟ ਕੀਤਾ ਕਿ ਉਹ ਬਾਦਲਾਂ ਜਾਂ ਕੈਪਟਨ ਦੇ ਕੂੜ ਪ੍ਰਚਾਰ ਤੋਂ ਡਰਨ ਵਾਲੇ ਨਹੀਂ ਹਨ ਅਤੇ ਹੁਣ ਪੰਜਾਬ ਵਿੱਚ ਸਿਆਸੀ ਬਦਲਾਅ ਲਿਆ ਕੇ ਹੀ ਦਮ ਲੈਣਗੇ।

ਸੁਖਪਾਲ ਖਹਿਰਾ ਤੇ ਹਿੰਮਤ ਸਿੰਘ ਸ਼ੇਰਗਿੱਲ ਮੀਡੀਆ ਨੂੰ ਸੰਬੋਧਨ ਕਰਦੇ ਹੋਏ

‘ਆਪ’ ਦੇ ਕਾਨੂੰਨੀ ਸੈੱਲ ਦੇ ਮੁਖੀ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਅਤੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ’ਤੇ ਸਵਾਲਾਂ ਦੀ ਝੜੀ ਲਾਉਂਦਿਆਂ ਕਿਹਾ ਕਿ ਇਹ ਆਗੂ ਦੋਗਲੀ ਨੀਤੀ ਅਪਨਾ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੇ ਯਤਨਾਂ ਵਿੱਚ ਹੈ। ਉਨ੍ਹਾਂ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਵਿਖੇ ਹੀ ਬਿਕਰਮ ਸਿੰਘ ਮਜੀਠੀਆ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਸੋਹਲੇ ਗਾਉਣ ਲਈ ਗੁਰਬਾਣੀ ਦੀ ਤੁਕ ਦੀ ਬੇਅਦਬੀ ਕੀਤੀ ਸੀ। ਉਸ ਵੇਲੇ ਮਜੀਠੀਆ ਨੇ ਵੀ ‘ਆਪ’ ਆਗੂ ਆਸ਼ੀਸ਼ ਖੇਤਾਨ ਵਾਂਗ ਮੁਆਫੀ ਮੰਗੀ ਸੀ ਪਰ ਉਸ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਹੋਇਆ ਸੀ। ਦੂਜੇ ਪਾਸੇ ਹੁਣ ਅਕਾਲੀ ਦਲ ਵੱਲੋਂ ‘ਆਪ’ ਦੇ ਕੌਮੀ ਕਨਵੀਨਰ ਕੋਲੋਂ ਮੁਆਫੀ ਮੰਗਵਾ ਕੇ ਦੂਹਰੀ ਰਾਜਨੀਤੀ ਖੇਡੀ ਜਾ ਰਹੀ ਹੈ। ਇਸੇ ਤਰ੍ਹਾਂ ਡਰੱਗ ਮਾਫੀਆ ਦੇ ਸਰਗਨੇ ਜਗਦੀਸ਼ ਭੋਲਾ ਨੇ ਪੁਲੀਸ ਹਿਰਾਸਤ ਦੌਰਾਨ ਕਿਹਾ ਸੀ ਕਿ ਇਸ ਧੰਦੇ ਵਿੱਚ ਮਜੀਠੀਆ ਵੀ ਸ਼ਾਮਲ ਹੈ ਪਰ ਬਾਦਲ ਨੇ ਇਹ ਕਹਿ ਕੇ ਟਾਲਾ ਵੱਟ ਲਿਆ ਸੀ ਕਿ ਕਿਸੇ ਮੁਲਜ਼ਮ ਜਾਂ ਅਪਰਾਧੀ ਦੇ ਕਹਿਣ ’ਤੇ ਮਜੀਠੀਆ ਨੂੰ ਗ੍ਰਿਫਤਾਰ ਕਰਨਾ ਵਾਜਬ ਨਹੀਂ ਹੈ। ਦੂਜੇ ਪਾਸੇ ਹੁਣ ਮਾਲੇਰਕੋਟਲਾ ਕਾਂਡ ਵਿਚ ਮੁਲਜ਼ਮ ਵਿਜੇ ਕੁਮਾਰ ਦੇ ਕਹਿਣ ’ਤੇ ‘ਆਪ’ ਦੇ ਵਿਧਾਇਕ ਨਰੇਸ਼ ਯਾਦਵ ਨੂੰ ਤਲਬ ਕਰਨ ਦੀ ਸਿਆਸੀ ਖੇਡ ਖੇਡੀ ਜਾ ਰਹੀ ਹੈ।

ਆਗੂਆਂ ਨੇ ਕੈਪਟਨ ’ਤੇ ਵੀ ਤੋੜਾ ਝਾੜਦਿਆਂ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਤਲਬ ਕਰਨ ’ਤੇ ਉਹ ਆਪਣੇ ਪੁੱਤਰ ਨੂੰ ਬਚਾਉਣ ਲਈ ਮੈਡੀਕਲ ਸਰਟੀਫਿਕੇਟ ਬਣਾ ਰਹੇ ਹਨ ਜਦਕਿ ਦੂਸਰੇ ਪਾਸੇ ਵਿਧਾਇਕ ਯਾਦਵ ਦੀ ਗ੍ਰਿਫਤਾਰੀ ਦੀ ਮੰਗ ਕਰਕੇ ਦੋਗਲੀ ਨੀਤੀ ਅਪਨਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਈਡੀ ਕੋਲੋਂ ਆਪਣੇ ਪੁੱਤਰ ਦੀ ਗ੍ਰਿਫ਼ਤਾਰੀ ਦੀ ਮੰਗ ਕਰਨ ਦੀ ਜ਼ੁਅੱਰਤ ਦਿਖਾਉਣ। ‘ਆਪ’ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੁਝ ਦਿਨ ਪਹਿਲਾਂ ਹੀ ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਣਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਕਰਕੇ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਈ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version