ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ

ਪੰਜਾਬ ਦੀ ਰਾਜਨੀਤੀ

ਫਿਲਮ ‘ਉੜਤਾ ਪੰਜਾਬ’ ਦੇ ਮੁੱਦੇ ’ਤੇ ਬਾਦਲ ਦਲ ਅਤੇ ਆਮ ਆਦਮੀ ਪਾਰਟੀ (ਆਪ) ਆਹਮੋ-ਸਾਹਮਣੇ ਆ ਗਏ

By ਸਿੱਖ ਸਿਆਸਤ ਬਿਊਰੋ

June 12, 2016

ਚੰਡੀਗੜ੍ਹ: ਫਿਲਮ ‘ਉੜਤਾ ਪੰਜਾਬ’ ਦੇ ਮੁੱਦੇ ’ਤੇ ਬਾਦਲ ਦਲ ਅਤੇ ਆਮ ਆਦਮੀ ਪਾਰਟੀ (ਆਪ) ਆਹਮੋ-ਸਾਹਮਣੇ ਆ ਗਏ ਹਨ। ਅਕਾਲੀ ਦਲ ਬਾਦਲ ਨੇ ਦੋਸ਼ ਲਾਇਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਅਤੇ ਸਰਕਾਰ ਨੂੰ ਬਦਨਾਮ ਕਰਨ ਲਈ ਆਪਣੇ ਬੰਦਿਆਂ ਰਾਹੀਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਇਹ ਫ਼ਿਲਮ ਤਿਆਰ ਕਰਵਾਈ ਹੈ। ‘ਆਪ’ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਬਾਦਲ ਸਰਕਾਰ ਇਸ ਫਿਲਮ ਰਾਹੀਂ ਜੱਗ-ਜ਼ਾਹਿਰ ਹੋਣ ਵਾਲੇ ਪੰਜਾਬ ਦੇ ਸੱਚ ਤੋਂ ਘਬਰਾ ਕੇ ਅਜਿਹੇ ਦੋਸ਼ ਲਾ ਰਹੀ ਹੈ।

ਪੰਜਾਬ ਦੇ ਸਿੱਖਿਆ ਮੰਤਰੀ ਅਤੇ ਬਾਦਲ ਦਲ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਹਰਚਰਨ ਬੈਂਸ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਜੰਗਵੀਰ ਸਮੇਤ ਪੱਤਰਕਾਰਾਂ ਨੂੰ ਇਸ ਫਿਲਮ ਦੇ ਇੱਕ ਨਿਰਮਾਤਾ ਸੁਮੀਰ ਨਾਇਰ ਦੇ ‘ਆਪ’ ਦੇ ਮੈਂਬਰ ਹੋਣ ਬਾਰੇ ਦਸਤਾਵੇਜ਼ ਪੇਸ਼ ਕਰਦਿਆਂ ਦੋਸ਼ ਲਾਇਆ ਕਿ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅਕਾਲੀ ਦਲ ਅਤੇ ਸਰਕਾਰ ਨੂੰ ਬਦਨਾਮ ਕਰਨ ਲਈ ਇਹ ਫਿਲਮ ਬਣਵਾਈ ਹੈ। ਉਨ੍ਹਾਂ ਨਾਇਰ ਵੱਲੋਂ 18 ਅਕਤੂਬਰ 2013 ਨੂੰ ‘ਆਪ’ ਦੇ ਮੈਂਬਰ ਬਣਨ ਅਤੇ ਕੇਜਰੀਵਾਲ ਵੱਲੋਂ ਨਾਇਰ ਨੂੰ ਪਾਰਟੀ ਦੇ ਸੰਚਾਰ ਵਿੰਗ ਵਿੱਚ ਮਦਦ ਕਰਨ ਦੇ ਦਿੱਤੇ ਸੁਨੇਹਿਆਂ ਦੇ ਦਸਤਾਵੇਜ਼ ਦਿਖਾਏ ਅਤੇ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਇਹ ਫਿਲਮ ਸਿਆਸੀ ਹਥਿਆਰ ਵਜੋਂ ਵਰਤਣ ਲਈ ਬਣਾਈ ਗਈ ਹੈ।

ਡਾ. ਚੀਮਾ ਨੇ ਕਿਹਾ ਕਿ ਇਨ੍ਹਾਂ ਦਸਤਾਵੇਜ਼ਾਂ ਤੋਂ ਸਾਫ਼ ਹੋ ਗਿਆ ਹੈ ਕਿ ‘ਆਪ’ ਵੱਲੋਂ ਫਿਲਮ ਦੇ ਨਿਰਮਾਤਾ ਨਾਲ ਕੋਈ ਸਬੰਧ ਨਾ ਹੋਣ ਦੇ ਕੀਤੇ ਜਾ ਰਹੇ ਦਾਅਵੇ ਝੂਠੇ ਸਨ, ਕਿਉਂਕਿ ਨਾਇਰ ਬਾਲਾਜੀ ਟੈਲੀ ਫਿਲਮ ਦੇ ਸੀਈਓ ਹੋਣ ਦੇ ਨਾਲ ‘ਆਪ’ ਦੇ ਸੰਚਾਰ ਵਿੰਗ ਦੇ ਸੀਨੀਅਰ ਮੈਂਬਰ ਹਨ। ਉਨ੍ਹਾਂ ਕਿਹਾ ਕਿ ਨਾਇਰ ਸਪੱਸ਼ਟ ਕਰਨ ਕਿ ਉਨ੍ਹਾਂ ਨੇ ਇਹ ਫਿਲਮ ਬਣਾਉਣ ਤੋਂ ਪਹਿਲਾਂ ਬਾਲਾਜੀ ਕੰਪਨੀ ਕੋਲ ਖੁਲਾਸਾ ਕੀਤਾ ਸੀ ਕਿ ਉਹ ‘ਆਪ’ ਦੇ ਵੀ ਮੈਂਬਰ ਹਨ? ‘ਆਪ’ ਦੇ ਸੂਤਰਾਂ ਅਨੁਸਾਰ ਨਾਇਰ ਪਿਛਲੇ ਸਮੇਂ ਪਾਰਟੀ ਛੱਡ ਗਏ ਸਨ।

ਡਾ. ਚੀਮਾ ਨੇ ਕੇਜਰੀਵਾਲ ਨੂੰ ਇਸ ਮੁੱਦੇ ’ਤੇ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਹ ‘ਆਪ’ ਵੱਲੋਂ ਇਸ ਫਿਲਮ ਨੂੰ ਸਿਆਸੀ ਹਿੱਤਾਂ ਲਈ ਤਿਆਰ ਕਰਵਾਉਣ ਦਾ ਮੁੱਦਾ ਚੋਣ ਕਮਿਸ਼ਨ ਕੋਲ ਲਿਜਾਣਗੇ ਤੇ ਮੰਗ ਕਰਨਗੇ ਕਿ ਜਿਵੇਂ ਚੋਣ ਜ਼ਾਬਤੇ ਦੌਰਾਨ ਪਾਰਟੀਆਂ ਨੂੰ ਪੈਸਿਆਂ ਦਾ ਹਿਸਾਬ ਦੇਣਾ ਪੈਂਦਾ ਹੈ, ਉਵੇਂ ਚੋਣਾਂ ਤੋਂ ਪਹਿਲਾਂ ਫਿਲਮਾਂ ’ਤੇ ਖ਼ਰਚੇ ਜਾਂਦੇ ਕਰੋੜਾਂ ਰੁਪਏ ਦਾ ਲੇਖਾ-ਜੋਖਾ ਵੀ ਲਿਆ ਜਾਵੇ।

ਉਨ੍ਹਾਂ ਕਿਹਾ ਕਿ ਜੇ ਸੈਂਸਰ ਬੋਰਡ ਅਤੇ ਹਾਈ ਕੋਰਟ ਫਿਲਮ ਨੂੰ ਰਿਲੀਜ਼ ਕਰਨ ਦਾ ਫ਼ੈਸਲਾ ਲੈਂਦੇ ਹਨ ਤਾਂ ਨਾਇਰ ਅਤੇ ਕੇਜਰੀਵਾਲ ਨੂੰ ਇਸ ਫਿਲਮ ਨਾਲ ਆਪਣੀ ਪਾਰਟੀ ਦਾ ਟੈਗ ਵੀ ਲਾ ਲੈਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਫਿਲਮ ‘ਆਪ’ ਦੀ ਵਿਚਾਰਧਾਰਾ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਫਿਲਮ ਦੀ ਅਨਸੈਂਸਰਡ ਸੀਡੀ ਰਿਲੀਜ਼ ਕਰਨ ਦਾ ਦਾਅਵਾ ਕਰਕੇ ਗ਼ੈਰਕਾਨੂੰਨੀ ਕਦਮ ਚੁੱਕਿਆ ਜਾ ਰਿਹਾ ਹੈ ਅਤੇ ਉਹ ਵੋਟਾਂ ਲਈ ਕੋਈ ਵੀ ਕਦਮ ਚੁੱਕਣ ਦੇ ਆਦੀ ਹਨ।

ਉਨ੍ਹਾਂ ਕਿਹਾ ਕਿ ਜੇ ਹਾਈ ਕੋਰਟ ਫਿਲਮ ਰਿਲੀਜ਼ ਕਰਨ ਦੀ ਇਜਾਜ਼ਤ ਦਿੰਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਇਸ ਦੇ ਨਾਲ ਸੂਬੇ ਵਿੱਚ ਅਮਨ-ਕਾਨੂੰਨ ਦੇ ਮੁੱਦੇ ਨੂੰ ਵਿਚਾਰਦਿਆਂ ਢੁਕਵਾਂ ਕਦਮ ਚੁੱਕਿਆ ਜਾਵੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ ਨਸ਼ੇ ਸਿਰਫ਼ ਪੰਜਾਬ ਦੀ ਹੀ ਨਹੀਂ, ਸਗੋਂ ਕੌਮਾਂਤਰੀ ਸਮੱਸਿਆ ਹੈ।

ਬਾਦਲ ਸਰਕਾਰ ਪੰਜਾਬ ਦਾ ਸੱਚ ਛੁਪਾਉਣ ਦੀ ਕੋਸ਼ਿਸ਼ ’ਚ: ਦੁਰਗੇਸ਼

‘ਆਪ’ ਦੀ ਕੌਮੀ ਜਥੇਬੰਦਕ ਸੰਸਥਾ ਦੇ ਮੁਖੀ ਦੁਰਗੇਸ਼ ਪਾਠਕ ਨੇ ਕਿਹਾ ਕਿ ਬਾਦਲ ਸਰਕਾਰ ਇਸ ਫਿਲਮ ਬਾਰੇ ‘ਆਪ’ ਉਤੇ ਬੇਬੁਨਿਆਦ ਦੋਸ਼ ਲਾ ਕੇ ਪੰਜਾਬ ਦਾ ਸੱਚ ਛੁਪਾਉਣ ਦੀ ਕੋਸ਼ਿਸ਼ ਵਿੱਚ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਨਾਇਰ ਹੀ ਨਹੀਂ ਮਾਧੁਰੀ ਦੀਕਸ਼ਤ ਤੇ ਹੋਰ ਵੱਡੇ ਕਲਾਕਾਰ ‘ਆਪ’ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਸੱਚ ਬੋਲਣ ਵਾਲੇ ‘ਆਪ’ ਦੇ ਨਾਲ ਹਨ। ਕੇਜਰੀਵਾਲ ਨੇ ਵੀ ਫਿਲਮ ਦੇ ਮਾਮਲੇ ’ਤੇ ਅਜਿਹਾ ਹੀ ਬਿਆਨ ਦਿੱਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: