ਸਿਆਸੀ ਖਬਰਾਂ

ਬਾਦਲ ਦਲ ਨੂੰ ਆਈ ਫੇਰੂਮਾਨ ਦੀ ਯਾਦ: ਫੇਰੂਮਾਨ ਦੇ ਸ਼ਹੀਦੀ ਸਮਾਗਮ ‘ਚ ਮਜੀਠੀਆ ਤੇ ਸਿਰਸਾ ਹੋਏ ਸ਼ਾਮਿਲ

By ਸਿੱਖ ਸਿਆਸਤ ਬਿਊਰੋ

October 27, 2016

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): 50 ਸਾਲ ਪਹਿਲਾਂ ਬਣੇ ਪੰਜਾਬੀ ਸੂਬੇ ਦੀਆਂ ਅਹਿਮ ਮੱਦਾਂ ਨੂੰ ਅਖੋਂ ਪਰੋਖੇ ਕਰਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰਦਿਆਂ ਬਾਦਲ ਦਲ ਦੇ ਆਗੂਆਂ ਨੇ ਅੱਜ ਪੰਜਾਬ ਦੀਆਂ ਹੱਕੀ ਮੰਗਾਂ ਲਈ ਸ਼ਹਾਦਤ ਦੇਣ ਵਾਲੇ ਸ. ਦਰਸ਼ਨ ਸਿੰਘ ਫੇਰੂਮਾਨ ਦੇ ਯਾਦਗਾਰੀ ਸਮਾਗਮ ਮੌਕੇ ਦਸਤਕ ਦਿੱਤੀ। ਅੰਮ੍ਰਿਤਸਰ-ਜਲੰਧਰ ਮੁੱਖ ਮਾਰਗ ਸਥਿਤ ਕਸਬਾ ਰਈਆ ਤੋਂ 10 ਕਿਲੋਮੀਟਰ ਦੂਰ ਪੈਂਦੇ ਪਿੰਡ ਫੇਰੂਮਾਨ ਵਿਖੇ ਅੱਜ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ 47ਵੀਂ ਬਰਸੀ ਦੇ ਸਬੰਧ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ।

ਸ. ਫੇਰੂਮਾਨ ਨਮਿਤ ਇਸ ਸਮਾਗਮ ਲਈ ਸ਼ਹੀਦ ਦੇ ਯਾਦਗਾਰੀ ਅਸਥਾਨ ਵਿਖੇ ਅਖੰਡ ਪਾਠ ਸਾਹਿਬ 25 ਅਕਤੂਬਰ 2016 ਨੂੰ ਉਨ੍ਹਾਂ ਦੇ ਪੜ੍ਹ ਪੋਤਰੇ ਸ. ਨਵਤੇਜ ਸਿੰਘ ਵਲੋਂ ਸਮੁੱਚੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਰਖਵਾਏ ਗਏ ਸਨ। ਬੀਤੇ ਕਲ੍ਹ ਦੇਰ ਸ਼ਾਮ ਤੀਕ ਕਿਸੇ ਵੀ ਸਿਆਸੀ ਪਾਰਟੀ ਦੇ ਕਿਸੇ ਆਗੂ ਦਾ ਇਸ ਸ਼ਹੀਦੀ ਸਮਾਗਮ ਵਿੱਚ ਸ਼ਾਮਿਲ ਹੋਣ ਬਾਰੇ ਪਰਿਵਾਰ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ। ਪਰ ਦੂਜੇ ਪਾਸੇ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ, ਬਲਦੇਵ ਸਿੰਘ ਸਿਰਸਾ, ਕੁਲਵੰਤ ਸਿੰਘ ਫੇਰੂਮਾਨ, ਜਸਵੀਰ ਸਿੰਘ ਖੰਡੂਰ, ਕਮਿੱਕਰ ਸਿੰਘ ਮੁਕੰਦਪੁਰ, ਅਵਤਾਰ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਪਰਮਜੀਤ ਸਿੰਘ, ਪ੍ਰਭਜੀਤ ਸਿੰਘ ਹਸਨਪੁਰ ਤੇ ਗੁਰਨਾਮ ਸਿੰਘ, ਪਿੰਡ ਫੇਰੂਮਾਨ ਵਿਖੇ ਦਲ ਖਾਲਸਾ ਤੇ ਸਿੱਖ ਫੈਡਰੇਸ਼ਨ ਵਲੋਂ ਕਰਵਾਈ ਜਾ ਰਹੀ ਕਨਵੈਨਸ਼ਨ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਹੋਏ ਸਨ। ਪਰ ਅੱਜ ਜਿਉਂ ਹੀ ਅਖੰਡ ਪਾਠ ਸਾਹਿਬ ਦੇ ਭੋਗ ਦਾ ਵਕਤ ਹੋਇਆ ਤਾਂ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ, ਸੁਖਬੀਰ ਬਾਦਲ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ, ਅਕਾਲੀ ਵਿਧਾਇਕ ਮਨਦੀਪ ਸਿੰਘ ਮੰਨਾ ਤੇ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਸ਼ਹੀਦੀ ਸਮਾਗਮ ਵਿੱਚ ਸ਼ਾਮਿਲ ਹੋਣ ਪੁੱਜ ਗਏ।

ਬਾਦਲ ਦਲ ਦੇ ਇਨ੍ਹਾਂ ਆਗੂਆਂ ਵਲੋਂ ਅਚਨਚੇਤ ਦਿੱਤੀ ਦਸਤਕ ਨਾਲ ਪਿੰਡ ਫੇਰੂਮਾਨ ਦੇ ਮੋਹਤਬਰ ਤੇ ਵਸਨੀਕ ਵੀ ਹੈਰਾਨ ਰਹਿ ਗਏ ਕਿ 47 ਸਾਲ ਬਾਅਦ ਇਨ੍ਹਾਂ ਨੂੰ ਸ਼ਹੀਦ ਦੀ ਯਾਦ ਕਿਵੇਂ ਆ ਗਈ। ਇਸ ਮੌਕੇ ਮਜੀਠੀਆ ਨੇ ਪਿੰਡ ਫੇਰੂਮਾਨ ਦੇ ਵਿਕਾਸ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਮਜੀਠੀਆ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ ਪਰਿਵਾਰ ਨੂੰ 1 ਨਵੰਬਰ ਨੂੰ ਪੰਜਾਬੀ ਸੂਬੇ ਦੀ 50ਵੀ ਵਰ੍ਹੇਗੰਢ ਮੌਕੇ ਪੰਜਾਬ ਸਰਕਾਰ ਵਲੋਂ ਕਰਾਏ ਜਾ ਰਹੇ ਸਮਾਗਮ ਲਈ ਵੀ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ। ਇਸ ਸ਼ਹੀਦੀ ਸਮਾਗਮ ਮੌਕੇ ਪਰਮਿੰਦਰ ਸਿੰਘ ਬਰਾੜ, ਨਵਤੇਜ ਸਿੰਘ ਫੇਰੂਮਾਨ, ਸੋਹਣ ਸਿੰਘ ਫੇਰੂਮਾਨ, ਕੁਲਵੰਤ ਸਿੰਘ ਫੇਰੂਮਾਨ, ਗਗਨਦੀਪ ਸਿੰਘ ਜੱਜ, ਜਥੇਦਾਰ ਗੁਰਵਿੰਦਰ ਸਿੰਘ, ਕੁਲਵੰਤ ਸਿੰਘ ਰੰਧਾਵਾ, ਕੁਲਦੀਪ ਸਿੰਘ ਰਾਣਾ, ਸੰਤੋਖ ਸਿੰਘ ਭਲਾਈਪੁਰ, ਮਾਸਟਰ ਕੁਲਵੰਤ ਸਿੰਘ, ਸੁਖਦੇਵ ਸਿੰਘ, ਜਗੀਰ ਸਿੰਘ ਭਿੰਡਰ, ਹਰਜਿੰਦਰ ਸਿੰਘ ਵੀ ਪਿੰਡ ਵਾਸੀਆਂ ਸਹਿਤ ਸ਼ਾਮਿਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: