ਚੰਡੀਗੜ੍ਹ: ਪੰਜਾਬ ‘ਚ ਭਾਰਤੀ ਚੋਣ ਕਮਿਸ਼ਨ ਵਲੋਂ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸਿਆਸਤਦਾਨਾਂ ਵਲੋਂ ਆਪਣੀਆਂ ਪੁਰਾਣੀਆਂ ਸਿਆਸੀ ਜਮਾਤਾਂ ਨੂੰ ਛੱਡ ਕੇ ਨਵੀਂਆਂ ਪਾਰਟੀਆਂ ‘ਚ ਜਾਣ ਦਾ ਰੁਝਾਨ ਸ਼ੁਰੂ ਹੋ ਚੁੱਕਾ ਹੈ।
ਹੁਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਗਿੱਦੜਬਾਹਾ ਤੋਂ ਆਗੂ ਸੰਤ ਸਿੂੰਘ ਬਰਾੜ ਦੇ ਲੜਕੇ ਕੁਲਜੀਤ ਸਿੰਘ ਮੌਂਟੀ ਬਰਾੜ ਦੇ ‘ਆਪ’ ‘ਚ ਸ਼ਾਮਲ ਹੋਣ ਦੀ ਖ਼ਬਰ ਆਈ ਹੈ।
ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ ਦੀ ਹਾਜ਼ਰੀ ‘ਚ ਸ਼ਨੀਵਾਰ ਨੂੰ ਯੂਥ ਅਕਾਲੀ ਦਲ ਮਾਲਵਾ ਜ਼ੋਨ ਦੇ ਮੀਤ ਪ੍ਰਧਾਨ ਕੁਲਜੀਤ ਸਿੰਘ ਉਰਫ ਮੌਂਟੀ ਬਰਾੜ ਨੇ ਆਮ ਆਦਮੀ ਪਾਰਟੀ ਦਾ ਹੱਥ ਫੜ੍ਹ ਲਿਆ ਹੈ।
ਸੰਤ ਸਿੰਘ ਬਰਾੜ ਜੋ ਕਿ 2012 ‘ਚ ਬਾਦਲ ਦਲ ਦੀ ਟਿਕਟ ਤੋਂ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਚੁਕੇ ਹਨ। ਮੀਡੀਆ ਨਾਲ ਗੱਲ ਕਰਦੇ ਹੋਏ ਸੰਜੈ ਸਿੰਘ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਸੰਜੈ ਸਿੰਘ ਨੇ ਅੱਗੇ ਕਿਹਾ ਕਿ ਉਹ ਮੌਂਟੀ ਬਰਾੜ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਚੋਣ ਜ਼ਾਬਤਾ ਲੱਗਣ ਦਾ ਇੰਤਜ਼ਾਰ ਕਰ ਰਹੇ ਸੀ।
ਇਸ ਮੌਕੇ ਮੌਂਟੀ ਬਰਾੜ ਨੇ ਕਿਹਾ ਕਿ ‘ਆਪ’ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਪਾਰਟੀ ‘ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਗਿੱਦੜਬਾਹਾ ਤੋਂ ਪਾਰਟੀ ਉਮੀਦਵਾਰ ਜਗਦੀਪ ਸੰਧੂ ਲਈ ਪ੍ਰਚਾਰ ਕਰਨਗੇ ਅਤੇ ਪਾਰਟੀ ਨੂੰ ਮਜਬੂਤ ਬਣਾਉਣ ਲਈ ਕੰਮ ਕਰਨਗੇ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Badal Dal Leader’s Son Kuljeet “Monty” Brar Joins AAP …