ਅਵਤਾਰ ਸਿੰਘ ਹਿੱਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਛੇਤੀ ਤੋਂ ਛੇਤੀ ਕਾਰਵਾਈ ਸ਼ੁਰੂ ਕਰ ਕੇ ਸਿੱਖ ਕੌਮ ਨੂੰ ਇਨਸਾਫ਼ ਦਿਵਾਏ।
ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਦੇਸ਼ ਦੀ ਜਨਤਾ ਨਾਲ ਜੁੜੇ ਮਸਲਿਆਂ ਨੂੰ ਹੱਲ ਕਰਨ ਪ੍ਰਤੀ ਕਾਫ਼ੀ ਚੁਸਤੀ ਵਿਖਾਈ ਜਾ ਰਹੀ ਹੈ, ਉਸੇ ਤਰ੍ਹਾਂ ਹੀ ਸਿੱਖ ਕਤਲੇਆਮ ਦੇ ਮਸਲੇ ਪ੍ਰਤੀ ਵੀ ਪਹਿਲ ਦੇ ਆਧਾਰ ‘ਤੇ ਵਿਸ਼ੇਸ਼ ਤਵੱਜੋ ਦੇਣੀ ਚਾਹੀਦੀ ਹੈ ਕਿਉਂਕਿ ਸਿੱਖ ਕੌਮ ਪਹਿਲਾਂ ਹੀ ਇਨਸਾਫ਼ ਦੀ ਉਡੀਕ ਕਰਦਿਆਂ 30 ਵਰ੍ਹੇ ਬੀਤ ਗਏ ਹਨ, ਜਿਸ ਕਾਰਨ ਪੀੜਤਾਂ ਦੇ ਮਨਾ ‘ਚ ਇਨਸਾਫ਼ ਮਿਲਣ ਦੀ ਉਮੀਦ ਧੁੰਦਲੀ ਪੈਂਦੀ ਜਾ ਰਹੀ ਹੈ।
ਉਨ੍ਹਾਂ ਕਿਹਾ ਪਿਛਲਿਆਂ ਸਮਿਆਂ ਦੌਰਾਨ ਸਾਨੂੰ ਇੱਕੋ ਹੀ ਉਮੀਦ ਹੁੰਦੀ ਸੀ ਜਦੋਂ ਭਾਜਪਾ ਸਰਕਾਰ ਸੱਤਾ ‘ਚ ਆਏਗੀ ਤਾਂ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਕਾਰਵਾਈ ਫ਼ੌਰਨ ਸ਼ੁਰੂ ਹੋ ਜਾਵੇਗੀ। ਹੁਣ ਜਦੋਂ ਭਾਜਪਾ ਸਰਕਾਰ ਸੱਤਾ ‘ਚ ਆ ਗਈ ਤਾਂ ਪੀੜਤਾਂ ਦੀ ਉਮੀਦਾਂ ਜ਼ਰੂਰ ਪੂਰੀਆਂ ਹੋਣੀਆਂ ਚਾਹੀਦੀਆਂ ਹਨ।