ਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ) ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਉਪਰ ਲਾਏ ਜਾ ਰਹੇ ਬਿਨ ਸਿਰ ਪੈਰ ਦੋਸ਼ਾਂ ਤੇ ਟਿਪਣੀ ਕਰਦਿਆਂ ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਬਾਦਲ ਦਲ ਨੂੰ ਰਣਜੀਤ ਸਿੰਘ ਕਮਿਸ਼ਨ ਪਾਸੋਂ ਨਹੀ ਬਲਕਿ ਉਸ ਵਲੋਂ ਕੀਤੀ ਜਾਂਚ ਦੇ ਨਤੀਜਿਆਂ ਤੋਂ ਡਰ ਹੈ।
ਅੱਜ ਇਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਂਚ ਲਈ ਇਨਸਾਫ ਮੋਰਚਾ ਲਾਈ ਬੈਠੇ ਸਰਬੱਤ ਖਾਲਸਾ ਜਥੇਦਾਰਾਂ ਨੂੰ ਵੀ ਆਈ ਐਸ ਆਈ ਦੇ ਏਜੰਟ ਕਹਿ ਰਿਹਾ ਹੈ ।ਪ੍ਰੰਤੂ ਹਕੀਕਤ ਇਹ ਹੈ ਕਿ ਸੁਖਬੀਰ ਬਾਦਲ ਖੁਦ ਆਈ.ਐਸ.ਆਈ. ਦਾ ਏਜੰਟ ਹੈ।
ਭਾਈ ਮੋਹਕਮ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਲਈ ਦੋਸ਼ੀਆਂ ਖਿਲਾਫ ਕਾਰਵਾਈ ਦਾ ਮੁੱਦਾ ਸ਼੍ਰੋਮਣੀ ਕਮੇਟੀ ਨੂੰ ਉਠਾਉਣਾ ਚਾਹੀਦਾ ਸੀ ਲੇਕਿਨ ਉਪਰ ਬੈਠੇ ਸਿਅਸੀ ਆਕਾ ਆਪਣੀਆਂ ਵੋਟਾਂ ਖਾਤਿਰ ਪੂਰੀ ਸਿਖ ਕੌਮ ਨੂੰ ਹੀ ਵੇਚ ਦੇਣਾ ਲੋਚਦੇ ਸਨ ਸੋ ਕਮੇਟੀ ਨੇ ਵੀ ਚੁੱਪ ਵੱਟੀ ਰੱਖੀ।
ਉਨ੍ਹਾਂ ਕਿਹਾ ਕਿ ਅਕਾਲੀ ਉਹ ਹਨ ਜੋ ਗੁਰੂ ਦੀ ਬੇਅਦਬੀ ਖਿਲਾਫ ਲੜ ਰਹੇ ਹਨ,ਜੋ ਰਾਹ ਵਿੱਚ ਰੋੜਾ ਬਣ ਰਹੇ ਹਨ ਇਹ ਤਾਂ ਬਾਦਲ ਪਰਿਵਾਰ ਤੇ ਉਨਹਾਂ ਨਾਲ ਜੁੜੇ ਲੋਕ ਹਨ। ਇੱਕ ਸਵਾਲ ਦੇ ਜਵਾਬ ਵਿੱਚ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਬੇਅਦਬੀ ਕਾਂਡ ਦੀ ਤਹਿਤ ਤੀਕ ਪੁਜਣ ਲਈ ਸੁਖਬੀਰ ਬਾਦਲ, ਸਿਰਸਾ ਸਾਧ, ਸੁਮੇਧ ਸੈਣੀ ਤੇ ਉਨ੍ਹਾਂ ਦੇ ਸਾਥੀਆਂ ਦਾ ਨਾਰਕੋ ਟੈਸਟ ਹੋਣਾ ਚਾਹੀਦਾ ਹੈ।ਅਫਵਾਹਾਂ ਫੈਲਾਣੀਆਂ ਬਾਦਲਾਂ ਦਾ ਧੰਧਾ ਹੈ ।ਇਸ ਮੌਕੇ ਭਾਈ ਵੱਸਣ ਸਿੰਘ ਜਫਰਵਾਲ ਤੇ ਪਰਮਜੀਤ ਸਿੰਘ ਜਿਜ਼ੇਆਣੀ ਵੀ ਹਾਜ਼ਰ ਸਨ।