ਲੰਡਨ (ਮਾਰਚ 4, 2010): ਪੰਜਾਬ ਦੀ ਬਾਦਲ ਵਲੋਂ ਸਿੱਖ ਨੌਜਵਾਨਾਂ ਤੇ ਬੇਤਹਾਸ਼ਾ ਜ਼ਲਮ ਕਰਨ ਅਤੇ ਸਿੱਖਾਂ ਨੂੰ ਝੂਠੇ ਪੁ਼ਲਿਸ ਮੁਕਾਬਲਿਆਂ ਵਿੱਚ ਖਤਮ ਕਰਨ ਵਾਲੇ ਪੁਲੀਸ ਅਫਸਰਾਂ ਦੀ ਪੁਸ਼ਤ ਪਨਾਹੀ ਕਰਨ ਉਤੇ ਸਿੱਖਾਂ ਵਿੱਚ ਭਾਰੀ ਰੋਸ ਹੈ। ਅਜਾਦ ਸਿੱਖ ਰਾਜ ਲਈ ਜੂਝਣ ਵਾਲੇ ਸਿੱਖਾਂ ਨੂੰ ਕੋਹ ਕੇ ਮਾਰਨ ਲਈ ਪੈਦਾ ਕੀਤੇ ਕੈਟਾਂ ਦੀ “ਆਲਮ ਸੈਨਾ” ਸ਼ੁਰੂ ਕਰਨ ਵਾਲੇ ਸਾਬਕਾ ਪੁਲਸ ਅਧਿਕਾਰੀ ਇਜ਼ਹਾਰ ਆਲਮ ਨੂੰ ਹਾਲ ਹੀ ਦੌਰਾਨ ਵਕਫ ਬੋਰਡ ਪੰਜਾਬ ਦਾ ਚੇਅਰਮੈਨ ਬਣਾਇਆ ਗਿਆ ਹੈ। ਇਸ ਸਬੰਧੀ ਬਾਦਲ ਸਰਕਾਰ ਦੀ ਨਿਖੇਧੀ ਕਰਦਿਆਂ ਯੂਨਾਈਟਿਡ ਖਾਲਸਾ ਦਲ (ਯੂ. ਕੇ) ਨੇ ਕਿਹਾ ਹੈ ਕਿ ਇਜ਼ਹਾਰ ਆਲਮ ਦੇ ਹੱਥ ਸੈਂਕੜੇ ਸਿੱਖਾਂ ਦੇ ਖੁਨ ਨਾਲ ਰੰਗੇ ਹੋਏ ਹਨ।
ਜਥੇਬੰਦੀ ਦੇ ਪ੍ਰਧਾਨ ਸ੍ਰ. ਨਿਰਮਲ ਸਿੰਘ ਸੰਧੂ, ਜਨਰਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ, ਸ੍ਰ. ਜਤਿੰਦਰ ਸਿੰਘ ਅਠਵਾਲ ਅਤੇ ਸ੍ਰ. ਬਲਵਿੰਦਰ ਸਿੰਘ ਢਿੱਲੋਂ ਵਲੋਂ ਬਾਦਲ ਅਕਾਲੀ ਦਲ ਦੀ ਸਰਕਾਰ ਦੇ ਇਸ ਸਬੰਧੀ ਵਤੀਰੇ ਨੂੰ ਸਿੱਖ ਵਿਰੋਧੀ ਕਰਾਰ ਦੇਂਦਿਆਂ ਇਸ ਦੀ ਸਖਤ ਨਿਖੇਧੀ ਕੀਤੀ ਹੈ। ਆਗੂਆਂ ਨੇ ਇਸ ਕਾਰਵਾਈ ਨੂੰ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਾਰਨ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਭਾਰੀ ਧ੍ਰੋਹ ਕਰਾਰ ਦਿੱਤਾ ਹੈ।
ਬਿਜਲ ਸੁਨਹੇਂ ਰਾਹੀਂ ਪ੍ਰਾਪਤ ਹੋਏ ਬਿਆਨ ਵਿੱਚ ਜਥੇਬੰਦੀ ਦੇ ਆਗੂਆਂ ਨੇ ਕਿਹਾ ਹੈ ਕਿ ਇੱਕ ਪਾਸੇ ਸਿੱਖਾਂ ਦੇ ਕਾਤਲਾਂ ਦੀ ਪਿੱਠ ਪੂਰੀ ਜਾ ਰਹੀ ਹੈ ਦੂਜੇ ਪਾਸੇ ਆਏ ਦਿਨ ਸਿੱਖ ਨੌਜਵਾਨਾਂ ਨੂੰ ਘਰਾਂ ਤੋਂ ਗ੍ਰਿਫਤਾਰ ਕਰਕੇ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। ਭਾਈ ਦਲਜੀਤ ਸਿੰਘ ਬਿੱਟੂ, ਸ੍ਰ. ਜਸਪਾਲ ਸਿੰਘ ਮੰਝਪੁਰ, ਪ੍ਰਫੈਸਰ ਗੁਰਬੀਰ ਸਿੰਘ ਸਮੇਤ ਪੰਜ ਦਰਜਨ ਸਿੱਖ ਆਗੂ ਛੇ ਮਹੀਨਿਆਂ ਤੋਂ ਜੇਹਲਾਂ ਵਿੱਚ ਬੰਦ ਕੀਤੇ ਹੋਏ ਹਨ ਅਤੇ ਹੁਣ ਸ੍ਰ. ਜਸਬੀਰ ਸਿੰਘ ਜੱਸਾ, ਸ੍ਰ, ਦਰਸ਼ਨ ਸਿੰਘ ਸਮੇਤ ਦੋ ਦਰਜਨ ਤੋਂ ਵੱਧ ਸਿੱਖਾਂ ਨੂੰ ਨਜ਼ਾਇਤ ਹਿਰਾਸਤ ਵਿੱਚ ਰੱਖ ਕੇ ਭਾਰੀ ਤਸੀਹੇ ਦਿੱਤੇ ਗਏ ਹਨ।