ਚੰਡੀਗੜ੍ਹ: ਲੁਧਿਆਣਾ ਦੇ ਆਤਮ ਨਗਰ ਤੋਂ ਅਜ਼ਾਦ ਵਿਧਾਇਕ ਸਿਮਰਜੀਤ ਬੈਂਸ ਅਤੇ ਲੁਧਿਆਣਾ ਦੱਖਣ ਤੋਂ ਅਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਬੈਂਸ ਦੀ ਪਾਰਟੀ ਲੋਕ ਇਨਸਾਫ ਪਾਰਟੀ ਨੇ ਸੋਮਵਾਰ 21 ਨਵੰਬਰ ਨੂੰ ਰਸਮੀ ਤੌਰ ‘ਤੇ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਦਾ ਐਲਾਨ ਕਰ ਦਿੱਤਾ। ਸੋਮਵਾਰ ਨੂੰ ਚੰਡੀਗੜ੍ਹ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬੈਂਸ ਭਰਾਵਾਂ ਨੇ ਮੌਜੂਦਾ ਅਕਾਲੀ ਸਰਕਾਰ ਅਤੇ ਕਾਂਗਰਸ ਨੂੰ ਪੰਜਾਬ ਤੋਂ ਚਲਦਾ ਕਰਨ ਦੇ ਇਰਾਦੇ ਨਾਲ ਆਮ ਆਦਮੀ ਪਾਰਟੀ ਨਾਲ ਮਿਲਕੇ ਚੋਣਾਂ ਲੜਨ ਦਾ ਫੈਸਲਾ ਕੀਤਾ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਇੰਚਾਰਜ ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਂਗ ਹੀ ਲੋਕ ਇਨਸਾਫ ਪਾਰਟੀ ਦਾ ਇਕੋ ਮੰਤਵ ਭ੍ਰਿਸ਼ਟਾਦਾਰੀ ਬਾਦਲਾਂ ਅਤੇ ਪੰਜਾਬ ਨੂੰ ਲੁਟਣ ਵਾਲੀ ਕਾਂਗਰਸ ਤੋਂ ਅਜ਼ਾਦੀ ਦਿਵਾਉਣੀ ਹੈ। ਇਸੇ ਮੰਤਵ ਲਈ ਹੀ ਦੋਵੇਂ ਪਾਰਟੀਆਂ 2017 ਦੀਆਂ ਚੋਣਾਂ ਇਕੱਠੇ ਲੜਨਗੀਆਂ। ਉਨ੍ਹਾਂ ਕਿਹਾ ਕਿ ਬੈਂਸ ਭਰਾ ਲੰਬੇ ਸਮੇਂ ਤੋਂ ਅਕਾਲੀਆਂ ਅਤੇ ਕਾਂਗਰਸੀਆਂ ਦੁਆਰਾ ਨਜਾਇਜ਼ ਢੰਗ ਨਾਲ ਕੀਤੀ ਜਾ ਰਹੀ ਰੇਤੇ-ਬਜਰੀ ਦੀ ਲੁੱਟ, ਨਸ਼ਾ ਮਾਫੀਆ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਵਿਧਾਨ ਸਭਾ ਅਤੇ ਉਸਤੋਂ ਬਾਹਰ ਅਵਾਜ਼ ਉਠਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਹਰ ਵਿਅਕਤੀ ਨੂੰ ਇਸ ਲੜਾਈ ਵਿਚ ਸ਼ਾਮਲ ਹੋ ਕੇ ਇਕ ਨਵੇਂ ਪੰਜਾਬ ਦੀ ਸਿਰਜਣਾ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਨਸ਼ੇ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਬੋਲਣ ਵਾਲੇ ਲੋਕ ‘ਆਪ’ ਨਾਲ ਜੁੜ ਰਹੇ ਹਨ ਉਥੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨਸ਼ੇ ਦੇ ਵਪਾਰੀਆਂ ਅਤੇ ਬਦਨਾਮ ਲੋਕਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਵਾ ਰਹੇ ਹਨ।
ਸਿਮਰਜੀਤ ਬੈਂਸ ਨੇ ਕਿਹਾ ਕਿ ਉਹ ਪੰਜਾਬ ਨੂੰ ਬਚਾਉਣ ਲਈ ਪੰਜਾਬ ਵਿਰੋਧੀ ਤਾਕਤਾਂ ਨਾਲ ਲੜਦੇ ਰਹਿਣਗੇ। ਉਨਾਂ ਕਿਹਾ ਕਿ ਉਨਾਂ ਦੇ ਇਕੱਠੇ ਹੋਣ ਨਾਲ ਨਿਸ਼ਚਿਤ ਤੌਰ ‘ਤੇ ਪੰਜਾਬ ਵਿਚੋਂ ਬਾਦਲਾਂ ਅਤੇ ਕਾਂਗਰਸ ਦਾ ਸਫਾਇਆ ਹੋ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਉਤੇ ਹਮਲਾ ਕਰਦਿਆਂ ਬੈਂਸ ਨੇ ਕਿਹਾ ਕਿ ਉਹ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਕਾਰਬਨ ਕਾਪੀ ਹਨ ਅਤੇ ਉਨ੍ਹਾਂ ਤੋਂ ਪੰਜਾਬ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਲੁਟਣ ਦੇ ਮਾਮਲੇ ਵਿਚ ਬਾਦਲ ਅਤੇ ਕਾਂਗਰਸ ਇਕੋਂ ਜਿੰਨੇ ਜ਼ਿੰਮੇਵਾਰ ਹਨ ਅਤੇ ਉਹ ਮਿਲਕੇ ਪੰਜਾਬ ਵਿਚ ਨਜਾਇਜ਼ ਮਾਇਨਿੰਗ ਅਤੇ ਨਸ਼ੇ ਦਾ ਵਪਾਰ ਕਰ ਰਹੇ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨਾਲ ਕਿਸੇ ਵੀ ਮੀਟਿੰਗ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ 1984 ਦੇ ਸਿੱਖ ਕਤਲੇਆਮ ਅਤੇ ਪੰਜਾਬ ਦੇ ਪਾਣੀ ਖੋਹਣ ਲਈ ਜ਼ਿੰਮੇਵਾਰ ਹੈ ਇਸ ਲਈ ਅਜਿਹੀ ਪਾਰਟੀ ਨਾਲ ਗਠਜੋੜ ਕਰਨ ਜਾਂ ਉਸ ਵਿਚ ਸ਼ਾਮਲ ਹੋਣ ਲਈ ਉਹ ਸੋਚ ਵੀ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਐਸਵਾਈਐਲ ਦੀ ਨੀਂਹ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਇੰਦਰਾ ਗਾਂਧੀ ਤੋਂ ਰਖਵਾਈ ਸੀ ਜਦਕਿ ਇਸ ਲਈ ਜ਼ਮੀਨ ਐਕਵਾਈਰ ਬਾਦਲਾਂ ਨੇ ਕੀਤੀ ਸੀ।
ਇਕ ਸਵਾਲ ਦੇ ਜਵਾਬ ਵਿਚ ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਦੇ ਨਾਲ ਖੜੀ ਹੈ ਅਤੇ ਇਹ ਗੱਲ ਪਾਰਟੀ ਹਾਈਕਮਾਂਡ ਪਹਿਲਾਂ ਹੀ ਸਾਫ ਕਰ ਚੁੱਕੀ ਹੈ ਕਿ ਪੰਜਾਬ ਕੋਲ ਕਿਸੇ ਹੋਰ ਰਾਜ ਨੂੰ ਦੇਣ ਲਈ ਪਾਣੀ ਨਹੀਂ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਹੁਣ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਵਾਪਸ ਕਰਨ ਦਾ ਢੌਂਗ ਕਰ ਰਹੀ ਹੈ ਜਦਕਿ ਸਰਕਾਰ ਦੇ ਸਾਢੇ 9 ਸਾਲ ਬੀਤ ਜਾਣ ‘ਤੇ ਇਸ ਬਾਬਤ ਕੁਝ ਵੀ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਬਾਦਲ ਖੁਦ ਹੀ ਕਿਸਾਨਾਂ ਕੋਲੋਂ ਜ਼ਮੀਨ ਖੋਹਣ ਵਾਲੇ ਹਨ ਅਤੇ ਹੁਣ ਚੋਣਾਂ ਨੇੜੇ ਵੇਖ ਕੇ ਪੰਜਾਬ ਦੇ ਪਾਣੀਆਂ ਦੇ ਰਖਵਾਲੇ ਬਣਨ ਦਾ ਪਖੰਡ ਕਰ ਰਹੇ ਹਨ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਹੁਣ ਜਦੋਂ ਕਿ ਆਮ ਆਦਮੀ ਪਾਰਟੀ ਦੀ ਰਾਸ਼ਟਰੀ ਲੀਡਰਸ਼ਿਪ ਨੇ ਇਸ ਸੰਬੰਧੀ ਰੁਖ ਸਾਫ ਕਰ ਦਿੱਤਾ ਹੈ ਹੁਣ ਪੱਤਰਕਾਰਾਂ ਨੂੰ ਇਹ ਸਵਾਲ ਰਾਹੁਲ ਗਾਂਧੀ ਅਤੇ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਤੋਂ ਪੁਛਣਾ ਚਾਹੀਦਾ ਹੈ।
ਬੈਂਸ ਨੇ ਕਿਹਾ ਕਿ ਆਪਣੇ ਆਪ ਨੂੰ ਪੰਥਕ ਹੋਣ ਵਾਲੀ ਬਾਦਲ ਸਰਕਾਰ ਹੁਣ ਤੱਕ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਫੜਨ ਵਿਚ ਨਾਕਾਮਯਾਬ ਰਹੀ ਹੈ ਬਲਕਿ ਉਨ੍ਹਾਂ ਨੇ ਸ਼ਾਂਤਮਈ ਢੰਗ ਨਾਲ ਰੋਸ਼ ਕਰ ਰਹੇ ਬੇਕਸੂਰ ਸਿੱਖਾਂ ਉਤੇ ਤਸ਼ਦੱਦ ਢਾਹਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਬਣਾਉਣ ਤੋਂ ਬਾਅਦ ਉਹ ਬਾਦਲਾਂ ਕੋਲੋਂ ਐਸਜੀਪੀਸੀ ਉਤੇ ਕੀਤਾ ਕਬਜ਼ਾ ਵੀ ਛੁਡਵਾਉਣਗੇ। ਉਨ੍ਹਾਂ ਕਿਹਾ ਕਿ ਉਹ ਪਿਛਲੇ ਸਮੇਂ ਵਿਚ ਪਾਰਟੀ ਨਾਲੋਂ ਨਾਰਾਜ਼ ਹੋਏ ਵਰਕਰਾਂ ਨੂੰ ਮੁੜ ਲਾਮਬੰਦ ਕਰਕੇ ਨਵੇਂ ਪੰਜਾਬ ਦੀ ਉਸਾਰੀ ਕਰਨਗੇ।
ਇਸ ਮੌਕੇ ਗੁਰਪ੍ਰੀਤ ਵੜੈਚ (ਘੁੱਗੀ) ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਨ ਲਈ ਤਰਲੋਮੱਛੀ ਹੋ ਰਹੇ ਹਨ ਇਸੇ ਲਈ ਉਹ ਇਕ ਕਬਾੜੀਏ ਦੀ ਤਰ੍ਹਾਂ ਹੋਰਨਾ ਪਾਰਟੀਆਂ ਵਿਚੋਂ ਕੱਢੇ ਭ੍ਰਿਸ਼ਟਾਦਾਰੀਆਂ ਅਤੇ ਨਸ਼ੇ ਦੀ ਵਪਾਰੀਆਂ ਨੂੰ ਕਾਂਗਰਸ ਵਿਚ ਸ਼ਾਮਲ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਕੋਲ ਚੋਣਾਂ ਵਿਚ ਉਤਾਰਨ ਲਈ ਉਮੀਦਵਾਰ ਹੀ ਨਹੀਂ ਹਨ।