ਪਾਠਕਾਂ ਦੀ ਜਾਣਕਾਰੀ ਲਈ: ਉਕਤ ਖਬਰ ਪੰਜਾਬੀ ਦੇ ਰੋਜਾਨਾ ਅਖਬਾਰ ਜੱਗ ਬਾਣੀ ਦੇ ਮਿਤੀ 15 ਜਨਵਰੀ, 2011 ਅੰਕ ਵਿਚ ਖੰਨਾ ਬਾਣੀ ਦੇ ਪੰਨਾ “V” ੳੱਤੇ ਛਪੀ ਹੈ: ਸੰਪਾਦਕ।
ਲੁਧਿਆਣਾ (16 ਜਨਵਰੀ, 2011 – ਸਿੱਖ ਸਿਆਸਤ): ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਵੱਲੋਂ ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਤੇ ਖੰਨਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਦੇ ਹੱਕ ਵਿਚ ਚੋਣ ਪ੍ਰਚਾਰ ਕੀਤੇ ਜਾਣ ਨੇ ਬੱਬੂ ਮਾਨ ਖਿਲਾਫ ਕਈ ਤਰ੍ਹਾਂ ਦੇ ਸਵਾਲਾਂ ਨੂੰ ਜਨਮ ਦਿੱਤਾ ਹੈ। ਬੱਬੂ ਮਾਨ ਵੱਲੋਂ ਹਾਲ ਵਿਚ ਹੀ ਗਾਏ ਗਏ ਗੀਤਾਂ ਕਾਰਨ ਉਸ ਦੀ ਦਿੱਖ ਇਕ ਅਜਿਹੇ ਗਾਇਕ-ਗੀਤਕਾਰ ਵਰਗੀ ਬਣ ਰਹੀ ਸੀ, ਜੋ ਆਪਣੀ ਕੌਮ ਦੇ ਮਸਲਿਆਂ ਨੂੰ ਜਾਣਦਾ ਹੈ ਤੇ ਉਸ ਬਾਰੇ ਆਪਣੇ ਗੀਤਾਂ ਰਾਹੀਂ ਆਮ-ਰਾਏ ਨੂੰ ਪ੍ਰਭਾਵਤ ਕਰਨ ਦੀ ਸਮਰੱਥਾ ਰੱਖਦਾ ਹੈ।
ਸਿੰਘ ਬੈਟਰ ਦੈਨ ਕਿੰਗ ਐਲਬਮ ਵਿਚ ਗਾਏ ਗਏ ਗੀਤ “ਜੋ ਕੌਮ ਦੇ ਹੀਰੇ ਸੀ, ਦੱਸੋ ਉਹ ਕਿਉਂ ਸੂਲੀ ਟੰਗੇ; ਜਿਹੜੇ ਕੌਮ ਦੇ ਕਾਲਤ ਸੀ, ਉਹ ਲਹਿਰਾਉਂਦੇ ਫਿਰਦੇ ਝੰਡੇ” ਨੂੰ ਬੱਬੂ ਮਾਨ ਦੀ ਚੇਤਨਤਾ ਤੇ ਦਲੇਰੀ ਦਾ ਜਾਮਨ ਸਮਝਿਆ ਜਾ ਰਿਹਾ ਸੀ ਤੇ ਇਹ ਗੀਤ ਉਸ ਦੇ ਆਪਣੇ ਬਾਰੇ “ਬਾਗੀ ਤਬੀਅਤਾਂ ਦਾ ਮਾਲਕ” ਹੋਣ ਦੇ ਦਾਅਵੇ ਨੂੰ ਵੀ ਮਜਬੂਤੀ ਦੇਂਦਾ ਸੀ। ਪਰ ਬੱਬੂ ਮਾਨ ਵੱਲੋਂ ਗੁਰਕੀਰਤ ਕੋਟਲੀ ਦੇ ਹੱਕ ਵਿਚ ਚੋਣ ਪ੍ਰਚਾਰ ਕੀਤੇ ਜਾਣ ਨੂੰ ਇਸ ਗੀਤ ਵਿਚ ਪੇਸ਼ ਕੀਤੇ ਨਜ਼ਰੀਏ ਤੇ ਭਾਵਨਾਵਾਂ ਦੇ ਉਲਟ ਸਮਝਿਆ ਜਾ ਰਿਹਾ ਹੈ।
ਇਥੇ ਇਹ ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਉਹ ਵਿਅਕਤੀ ਹੈ ਜਿਸ ਦਾ ਨਾਂ ਬੀਤੇ ਵੀਹ ਸਾਲਾਂ ਦੌਰਾਨ ਕੌਮ ਦਾ ਘਾਣ ਕਰਨ/ਕਰਵਾਉਣ ਵਾਲੇ “ਕੌਮ ਦੇ ਕਾਲਤਾਂ” ਦੀ ਸੂਚੀ ਵਿਚ ਪਹਿਲਿਆਂ ਵਿਚ ਆਉਂਦਾ ਹੈ। ਇਸ ਤੋਂ ਇਲਾਵਾ ਗੁਰਕੀਰਤ ਕੋਟਲੀ ਦਾ ਨਿੱਜੀ ਚਰਿੱਤਰ ਵੀ ਦਾਗੀ ਸਮਝਿਆ ਜਾਂਦਾ ਹੈ ਕਿਉਂਕਿ 1992 ਵਿਚ ਉਸ ਉੱਤੇ ਫਰਾਂਸੀਸੀ ਸ਼ਹਿਰੀ ਕੇਤੀਆ ਨਾਲ ਬਦਇਖਲਾਕੀ ਵਿਹਾਰ ਕਰਨ ਦੇ ਦੋਸ਼ ਲੱਗੇ ਸਨ।
ਸਿੱਖ ਸਿਆਸਤ ਵੱਲੋਂ ਘੋਖੀ ਗਈ ਜਾਣਕਾਰੀ ਅਨੁਸਾਰ ਸਮਾਜਕ ਸੰਪਰਕ ਮੰਚ “ਫੇਸਬੁੱਕ” ਉੱਤੇ ਬੱਬੂ ਮਾਨ ਦੇ ਇਸ ਕਦਮ ਦੀ ਕਰੜੀ ਅਲੋਚਨਾ ਹੋ ਰਹੀ ਹੈ ਅਤੇ ਸੰਭਾਵਨਾ ਲੱਗ ਰਹੀ ਹੈ ਕਿ ਬੱਬੂ ਮਾਨ ਨੂੰ ਆਉਂਦੇ ਦਿਨਾਂ ਵਿਚ ਇਸ ਵਿਵਾਦ ਦਾ ਕਾਫੀ ਸਾਹਮਣਾ ਕਰਨਾ ਪੈ ਸਕਦਾ ਹੈ। ਬੱਬੂ ਮਾਨ ਵੱਲੋਂ ਅਜੇ ਤੱਕ ਵਿਵਾਦਾਂ ਵਿਚ ਆਪ ਸਿਧੇ ਤੌਰ ਉੱਤੇ ਨਾ ਉਲਝਣ ਦੀ ਨੀਤੀ ਕਾਮਯਾਬ ਰਹੀ ਹੈ। ਉਸਦੇ ਗੀਤ “ਇਕ ਬਾਬਾ ਨਾਨਕ ਸੀ” ਬਾਰੇ ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵੱਲੋਂ ਸ਼ੁਰੂ ਕੀਤੇ ਗਏ ਵਿਵਾਦ ਅਤੇ ਲਾਲ ਲਾਜਪਤ ਰਾਏ ਬਾਰੇ ਕੀਤੀਆਂ ਟਿੱਪਣੀਆਂ ਬਾਰੇ ਪਿੰਡ ਢੁੱਡੀਕੇ ਦੇ ਲੋਕਾਂ ਤੇ ਭਾਰਤੀ ਮੀਡੀਆ ਵੱਲੋਂ ਸ਼ੁਰੂ ਕੀਤੇ ਗਏ ਵਿਵਾਦ ਮੌਕੇ ਵੇਖਿਆ ਗਿਆ ਸੀ ਕਿ ਬੱਬੂ ਮਾਨ ਨੇ ਖੁਦ ਨੂੰ ਸਿਧੇ ਤੌਰ ਉੱਤੇ ਇਨ੍ਹਾਂ ਵਿਵਾਦਾਂ ਵਿਚ ਨਹੀਂ ਸੀ ਪਾਇਆ।
ਹੁਣ ਵੀ ਉਸ ਵੱਲੋਂ ਅਜਿਹਾ ਪੈਂਤੜਾ ਲਏ ਜਾਣ ਦੀਆਂ ਸੰਭਵਾਨਾਵਾਂ ਹਨ ਪਰ ਬੱਬੂ ਮਾਨ ਦੇ ਇਸ ਕਦਮ ਨਾਲ ਉਸ ਦੀ ਉੱਭਰ ਰਹੀ “ਬਾਗੀ ਤਬੀਅਤ” ਵਾਲੀ ਦਿੱਖ ਦਾਅ ਉੱਤੇ ਲੱਗ ਸਕਦੀ ਹੈ।