ਕੋਟਕਪੂਰਾ : 1 ਜੂਨ ਤੋਂ ਬਰਗਾੜੀ ਵਿਖੇ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਲੱਗੇ ਇਨਸਾਫ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਹੋ ਰਹੀਆਂ ਹਨ। ਪਿੰਡਾਂ, ਸ਼ਹਿਰਾਂ ਦੀਆਂ ਸੰਗਤਾਂ ਅਤੇ ਜਥੇਬੰਦੀਆਂ ਦੇ ਨੁਮਾਇੰਦੇ ਦਿਨ-ਰਾਤ ਬਰਗਾੜੀ ਵਿਖੇ ਰਹਿ ਕੇ ਹੀ ਸੇਵਾਵਾਂ ਨਿਭਾਅ ਰਹੇ ਹਨ। ਕਾਂਝਲਾ ਪਿੰਡ ਦੇ ਬਾਬਾ ਮਲਕੀਤ ਸਿੰਘ ਵੀ 7 ਅਕਤੂਬਰ ਦੇ ਇਕੱਠ ਤੋਂ ਬਾਅਦ ਬਰਗਾੜੀ ਵਿਖੇ ਹੀ ਰਹਿਣ ਲੱਗ ਪਏ ਸਨ ।
ਬੀਤੇ ਦਿਨੀਂ (15 ਅਕਤੂਬਰ) ਬਾਬਾ ਮਲਕੀਤ ਸਿੰਘ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਬਰਗਾੜੀ ਵਿਖੇ ਹੀ ਅਕਾਲ ਚਲਾਣਾ ਕਰ ਗਏ।ਬਾਬਾ ਕਾਂਝਲਾ ਦੇ ਪਰਿਵਾਰ ਵਿਚੋਂ ਭਾਈ ਜਸਪਾਲ ਸਿੰਘ ਕਲੇਰ ਨੇ ਦੱਸਿਆ ਕਿ “7 ਅਕਤੂਬਰ ਤੋਂ ਬਾਅਦ ਬਾਬਾ ਜੀ ਸਥਾਈ ਤੌਰ ‘ਤੇ ਮੋਰਚੇ ਉੱਤੇ ਡਟ ਗਏ ਸਨ, ਬਾਬਾ ਜੀ ਨੇ ਕਿਹਾ ਸੀ ਕਿ ਉਹਨਾਂ ਦੇ ਕੱਪੜੇ ਏਥੇ ਪੁਚਾ ਦਿੱਤੇ ਜਾਣ”।ਜਸਪਾਲ ਸਿੰਘ ਨੇ ਅੱਗੇ ਦੱਸਿਆ ਕਿ “ਉਹ 14 ਤਰੀਕ ਨੂੰ ਕੱਪੜੇ ਲੈ ਕੇ ਆਇਆ ਸੀ ਪਰ ਸੰਗਤਾਂ ਦਾ ਵੱਡਾ ਇਕੱਠ ਹੋਣ ਕਰਕੇ ਮਲਕੀਤ ਸਿੰਘ ਜੀ ਨਾਲ ਮੁਲਾਕਾਤ ਨਾ ਹੋ ਸਕੀ ਕਿਉਂਕਿ ਉਹ ਮੋਬਾਇਲ ਫੋਨ ਵੀ ਨਹੀਂ ਰੱਖਦੇ ਸਨ”।
ਸੋਮਵਾਰ ਨੂੰ ਜਥੇਦਾਰ ਧਿਆਨ ਸਿੰਘ ਮੰਡ ਜੀ ਦਾ ਫੋਨ ਬਾਬਾ ਜੀ ਦੇ ਪੁੱਤ ਗੁਰਤੇਜ ਸਿੰਘ ਨੂੰ ਆਇਆ ਕਿ ਬਾਬਾ ਮਲਕੀਤ ਸਿੰਘ ਜੀ ਦਿਲ ਦਾ ਦੌਰਾ ਪੈਣ ਕਾਰਣ ਅਕਾਲ ਚਲਾਣਾ ਕਰ ਗਏ ਹਨ।ਬਾਬਾ ਮਲਕੀਤ ਸਿੰਘ ਜੀ ਦੀ ਉਮਰ ਤਕਰੀਬਨ 75 ਸਾਲ ਸੀ।
16 ਅਕਤੂਬਰ ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ ਬਾਬਾ ਮਲਕੀਤ ਸਿੰਘ ਕਾਂਝਲਾ ਦਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਂਝਲਾ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।