ਵਾਸ਼ਿੰਗਟਨ (ਡਾ. ਅਮਰਜੀਤ ਸਿੰਘ): ਕੁਝ ਵਰ੍ਹੇ ਪਹਿਲਾਂ, ਪਾਕਿਸਤਾਨ ਸਰਕਾਰ ਵਲੋਂ ਨਨਕਾਣਾ ਸਾਹਿਬ ਵਿਖੇ ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਸ ਸਬੰਧੀ ਲੋੜੀਂਦੀ ਸੈਂਕੜਿਆਂ ਏਕੜ ਜ਼ਮੀਨ (ਜਿਹੜੀ ਗੁਰਦੁਆਰਾ ਜਨਮ ਅਸਥਾਨ ਦੀ ਮਲਕੀਅਤ ਹੈ) ਵੀ ਰਾਖਵੀਂ ਰੱਖ ਲਈ ਗਈ ਸੀ। ਇਸ ਸਬੰਧੀ ਪੂਰਾ ਪ੍ਰਾਜੈਕਟ ਲਾਗੂ ਹੋਣ ਵੱਲ ਵਧ ਰਿਹਾ ਸੀ ਕਿ ਕੁਝ ਸਮਾਂ ਪਹਿਲਾਂ ਇਹ ਖਬਰ ਆਈ ਕਿ ਇਸ ਯੂਨੀਵਰਸਿਟੀ ਨੂੰ ਨਨਕਾਣਾ ਸਾਹਿਬ ਦੀ ਬਜਾਏ ਮੁਰਦੀਕੇ ਵਿਖੇ ਬਣਾਇਆ ਜਾਵੇਗਾ। ਮੁਰਦੀਕੇ, ਜ਼ਿਲ੍ਹਾ ਸ਼ੇਖੂਪੁਰਾ ਵਿੱਚ ਸਥਿਤ ਹੈ।
ਇਸ ਖਬਰ ਨੇ ਜਿੱਥੇ 30 ਮਿਲੀਅਨ ਸਿੱਖਾਂ ਵਿੱਚ ਬੇਚੈਨੀ ਪੈਦਾ ਕੀਤੀ ਹੈ, ਉ¤ਥੇ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਲੋਕ ਇਸ ਫੈਸਲੇ ਵਿਰੁੱਧ ਉ¤ਠ ਖੜੋਤੇ ਹਨ। ਬੀਤੇ ਦਿਨੀਂ ਨਨਕਾਣਾ ਸਾਹਿਬ ਦੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਨੇ ਇਸ ਸਬੰਧੀ ਇੱਕ ਰੋਸ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਰਾਏ ਬੁਲਾਰ ਦੇ ਵੰਸ਼ਜ਼ ਅਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮੁਹੰਮਦ ਅਕਰਮ ਭੱਟੀ ਨੇ ਸਪੱਸ਼ਟ ਤੌਰ ’ਤੇ ਚਿਤਾਵਨੀ ਦਿੱਤੀ ਕਿ ਜੇਕਰ ਯੂਨੀਵਰਸਿਟੀ ਸ੍ਰੀ ਨਨਕਾਣਾ ਸਾਹਿਬ ’ਚ ਨਾ ਸ਼ੁਰੂ ਕੀਤੀ ਗਈ ਤਾਂ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਅਤੇ ਧਰਨੇ, ਹੜਤਾਲਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ।
ਅਸੀਂ ਸਮਝਦੇ ਹਾਂ ਕਿ ਸਿੱਖ ਕੌਮ ਅਤੇ ਨਨਕਾਣਾ ਸਾਹਿਬ ਦੇ ਵਸਨੀਕਾਂ ਦੀਆਂ ਭਾਵਨਾਵਾਂ ਅਨੁਸਾਰ ਇਹ ਯੂਨੀਵਰਸਿਟੀ ਸ੍ਰੀ ਨਨਕਾਣਾ ਸਾਹਿਬ ਵਿੱਚ ਹੀ ਸਥਾਪਤ ਕੀਤੀ ਜਾਣੀ ਚਾਹੀਦੀ ਹੈ। ਪਾਕਿਤਾਨ ਇਵੈਕੂਈ ਟਰੱਸਟ ਬੋਰਡ ਦੀ ਐਸੀ ਕੀ ਮਜ਼ਬੂਰੀ ਹੈ ਕਿ ਉਨ੍ਹਾਂ ਨੇ ਲੋਕ ਭਾਵਨਾਵਾਂ ਦੇ ਖਿਲਾਫ ਇਹੋ ਜਿਹਾ ਫੈਸਲਾ ਕੀਤਾ ਹੈ? ਲਹਿੰਦੇ ਪੰਜਾਬ ਦੀ ਵਿਧਾਨ ਸਭਾ ਵਿੱਚ ਵੀ ਇਸ ਸਬੰਧੀ ਨਨਕਾਣਾ ਸਾਹਿਬ ਦੇ ਨੁਮਾਇੰਦੇ ਅਤੇ ਹੋਰ ਵਿਧਾਨਕਾਰਾਂ ਨੇ ਅਵਾਜ਼ ਚੁੱਕੀ। ਜਵਾਬ ਵਿੱਚ ਸਬੰਧਿਤ ਵਜ਼ੀਰ ਨੇ ਕਿਹਾ ਕਿ ਯੂਨੀਵਰਸਿਟੀ, ਨਨਕਾਣਾ ਸਾਹਿਬ ਵਿੱਚ ਹੀ ਬਣੇਗੀ। ਪਰ ਇਉਂ ਜਾਪਦਾ ਹੈ ਕਿ ਅੰਦਰਖਾਤੇ ਕੁਝ ਆਪਸੀ ਲਾਗ-ਡਾਟ ਅਤੇ ਨਿੱਜੀ-ਹਿੱਤਾਂ ਦਾ ਮਾਮਲਾ ਹੈ। ਕਿਸੇ ਨੂੰ ਵੀ ਧਾਰਮਿਕ ਮਾਮਲੇ ਵਿੱਚ ਘਟੀਆ ਸਿਆਸਤ ਜਾਂ ਨਿੱਜੀ ਹਿੱਤਾਂ ਨੂੰ ਨਹੀਂ ਘਸੋੜਨਾ ਚਾਹੀਦਾ।