ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਬਾਪੂ ਤ੍ਰਿਲੋਕ ਸਿੰਘ ਨੂੰ ਮਿਲਦੇ ਹੋਏ

ਸਿੱਖ ਖਬਰਾਂ

ਬਾਪੂ ਸੂਰਤ ਸਿੰਘ ਖਾਲਸਾ ਨੂੰ ਬਾਬਾ ਢੱਡਰੀਆਂ ਵਾਲੇ ਮਿਲਣ ਪਹੁੰਚੇ, ਭੁੱਖ ਹੜਤਾਲ ਦੇ 120 ਦਿਨ ਪੂਰੇ ਹੋਏ

By ਸਿੱਖ ਸਿਆਸਤ ਬਿਊਰੋ

May 16, 2015

ਮੁੱਲਾਂਪੁਰ ਦਾਖਾ ( 15 ਮਈ, 2015): ਸਜ਼ਾ ਭੁਗਤਣ ਤੋਂ ਬਾਅਦ ਵੀ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਰਿਹਾਅ ਨਾ ਕੀਤੇ ਜਾ ਰਹੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ 16 ਜਨਵਰੀ ਤੋਂ ਭੁੱਖ ਹੜਤਾਲ ‘ਤੇ ਚੱਲ ਰਹੇ ਬੁਜ਼ਰਗ ਬਾਪੂ ਸੂਰਤ ਸਿੰਘ ਖਾਲਸਾ ਨੂੰ ਮਿਲਣ ਲਈ ਅੱਜ ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਪਹੁੰਚੇ।

ਬਾਪੂ ਖਾਲਸਾ ਨਾਲ ਮੁਲਕਾਤ ਤੋਂ ਬਾਅਦ ਬਾਬਾ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਸਿੱਖ ਕੌਮ ਨੂੰ ਬਾਪੂ ਸੂਰਤ ਸਿੰਘ ਦੇ ਰੂਪ ਵਿੱਚ ਇੱਕ ਸ਼ੇਰਦਿਲ ਇਨਸਾਨ ਮਿਲਿਆ ਹੈ ਜੋ ਪਿੱਛਲੇ ਲੱਗੇ ਕਲੰਕ ਨੂੰ ਧੋ ਦੇਵੇਗਾ।

ਉਨ੍ਹਾਂ ਬਾਪੂ ਜੀ ਦੇ ਦ੍ਰਿੜ ਇਰਾਦੇ ਦੇ ਕਾਇਲ ਹੁੰਦਿਆਂ ਕਿਹਾ ਕਿ ਸਿੱਖ ਕੌਮ ਨੂੰ ਸਿਆਸੀ ਲੋਕਾਂ ਦੀ ਚਾਲਾਂ ਤੋਂ ਸਾਵਧਾਨ ਰਹਿ ਕੇ ਮੋਰਚੇ ਨੂੰ ਪ੍ਰਾਪਤੀ ਤੱਕ ਪਹੂੰਚਾਉਣਾ ਚਾਹੀਦਾ ਹੈ।ਸ਼ੰਘਰਸ਼ ਦੀ ਦੇਖ ਰੇਖ ਕਰ ਰਹੀ ਕਮੇਟੀ ਕੌਮ ਦੇ ਗਦਾਰਾਂ ਦਾ ਪ੍ਰਛਾਵਾਂ ਵੀ ਇਸ ਸੰਘਰਸ਼ ‘ਤੇ ਨਾ ਪੈਣ ਦੇਵੇ ਅਤੇ ਹਰ ਕਦਮ ਸੋਚ ਵਿਚਾਰ ਤੋਂ ਬਾਅਦ ਹੀ ਚੁੱਕੇ।

ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਇਸ ਸੰਘਰਸ਼ ਦੌਰਾਨ ਬਾਪੂ ਸੂਰਤ ਸਿੰਘ ਖਾਲਸਾ ਜੀ ਦਾ ਪਰਿਵਾਰ ਅਤੇ ਸੰਘਰਸ਼ ਕਮੇਟੀ ਉਨ੍ਹਾਂ ਨੂੰ ਜੋ ਵੀ ਸੇਵਾ ਲਾਉਣਗੇ, ਉਹ ਖਿੜੇ ਮੱਥੇ ਪ੍ਰਵਾਨ ਕਰਨਗੇ।

ਇਸ ਮੌਕੇ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਬਾਪੂ ਸੂਰਤ ਸਿੰਘ ਨੇ ਕਿਹਾ ਕਿ “ਮੈ ਪਹਿਲਾਂ ਅੰਗਰੇਜ਼ਾਂ ਦੀ ਗੁਲਾਮੀ ਵੇਖੀ ਹੈ, ਤੇ ਫਿਰ ਟੋਪੀ ਵਾਲ਼ਿਆਂ ਦੀ, ਪਰ ਆਹ ਜਿਹੜੀ ਤੀਜੀ ਗੁਲਾਮੀ ਹੈ ਇਸਨੇ ਸਿੱਖਾਂ ਨੂੰ ਜ਼ਿਆਦਾ ਤੰਗ ਕੀਤਾ ਹੋਇਆ ਹੈ, ਜਿਸ ਕਰਕੇ ਇਹ ਕਦਮ ਚੁੱਕਣਾ ਪਿਆ।

ਉਨ੍ਹਾਂ ਕਿਹਾ ਕਿ ਜੇਕਰ ਬੰਦੀ ਸਿੰਘਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਜੱਥੇਦਾਰ ਦਰਸ਼ਨ ਸਿੰਘ ਫੇਰੂਮਾਨ ਵਾਲਾ ਇਤਿਹਾਸ ਦੁਹਰਾਇਆ ਜਾਵੇਗਾ। ਉਨ੍ਹਾਂ ਬਾਬਾ ਢੱਡਰੀਆਂ ਵਾਲ਼ਿਆਂ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਫਿਕਰ ਨਾ ਕਰਨ, ਸਗੋਂ ਜੇਲੀਂ ਬੰਦ ਬੈਠੇ ਕੌਮੀ ਯੋਧਿਆਂ ਦੀ ਸਾਰ ਲੈਣ। ਇਸ ਮੌਕੇ ਉਨ੍ਹਾਂ ਅਪੀਲ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਦੇ ਨਾਂ ‘ਤੇ ਕੋਈ ਵੀ ਚੰਦਾ ਇਕੱਠਾ ਨਾ ਕਰੇ, ਉਨ੍ਹਾਂ ਕੋਲ ਪ੍ਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਹੈ।

ਜ਼ਿਕਰਯੋਗ ਹੈ ਕਿ 16 ਜਨਵਰੀ ਤੋਂ ਭੁੱਖ ਹੜਤਾਲ ‘ਤੇ ਚੱਲ ਰਹੇ ਬਾਪੂ ਸੂਰਤ ਸਿੰਘ ਖਾਲਸਾ ਨੂੰ 120 ਦਿਨ ਹੋ ਗਏ ਹਨ।ਉਹ ਸਰੀਰਕ ਤੌਰ ‘ਤੇ ਭਾਂਵੇ ਕਮਜ਼ੋਰ ਹੋ ਗਏ ਹਨ, ਪਰ ਮਜਬੁਤ ਇਰਾਦੇ ਕਾਰਨ ਅਤੇ ਗੁਰੂ ਬਖਸ਼ਿਸ਼ ਕਾਰਨ ਪੂਰੀ ਤਰਾਂ ਚੜਦੀ ਕਲਾ ਵਿੱਚ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: