ਅੰਮ੍ਰਿਤਸਰ ਸਾਹਿਬ: ਲਾਸਾਨੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 15 ਨਵੰਬਰ ਨੂੰ ਅੰਮ੍ਰਿਤਸਰ ਸਾਹਿਬ ਸਥਿਤ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਪਹੁੰਚੀਆਂ। ਸਵੇਰ ਤੋਂ ਰਾਤ ਤੱਕ ਕਥਾ-ਕੀਰਤਨ ਦਾ ਪ੍ਰਵਾਹ ਲਗਾਤਾਰ ਜਾਰੀ ਰਿਹਾ।
ਸ਼ਹੀਦੀ ਸਮਾਗਮ ਪ੍ਰਥਾਇ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜੀਵਨ ਭਗਤੀ ਤੇ ਸ਼ਕਤੀ ਦਾ ਸੁਮੇਲ ਸੀ, ਜਿਸ ਤੋਂ ਸਾਨੂੰ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਜੀਵਨ ਜਿਉਣ ਦੀ ਪ੍ਰੇਰਨਾ ਮਿਲਦੀ ਹੈ। ਗਿਆਨੀ ਗੁਰਮਿੰਦਰ ਸਿੰਘ ਨੇ ਸੰਗਤ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਦੀ ਪ੍ਰੇਰਨਾ ਵੀ ਕੀਤੀ।
ਇਸ ਤੋਂ ਇਲਾਵਾ ਪੰਥ ਪ੍ਰਸਿੱਧ ਢਾਡੀ, ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਤੋਂ ਜਾਣੂੰ ਕਰਵਾਇਆ ਅਤੇ ਕਵੀ ਦਰਬਾਰ ਦੌਰਾਨ ਹਾਜ਼ਰ ਕਵੀਆਂ ਨੇ ਹਾਜ਼ਰੀ ਭਰੀ।
ਇਸੇ ਦੌਰਾਨ ਬਾਅਦ ਦੁਪਹਿਰ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਈ ਹਰਨਾਮ ਸਿੰਘ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਬਲਵਿੰਦਰ ਸਿੰਘ ਰੰਗੀਲਾ ਚੰਡੀਗੜ੍ਹ ਵਾਲੇ, ਭਾਈ ਹਰਜੋਤ ਸਿੰਘ ਜ਼ਖਮੀ, ਭਾਈ ਗੁਰਦੇਵ ਸਿੰਘ ਆਸਟਰੇਲੀਆ, ਭਾਈ ਮਹਿਲ ਸਿੰਘ ਕਵੀਸ਼ਰ, ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ, ਬਾਬਾ ਦਰਸ਼ਨ ਸਿੰਘ ਗੁਮਟਾਲੇ ਵਾਲੇ, ਭਾਈ ਗਗਨਦੀਪ ਸਿੰਘ ਗੰਗਾਨਗਰ, ਭਾਈ ਹਰਵਿੰਦਰਪਾਲ ਸਿੰਘ ਲਿਟਲ, ਬੀਬਾ ਤਰਨਪ੍ਰੀਤ ਕੌਰ, ਭਾਈ ਦਲੇਰ ਸਿੰਘ ਅੰਮ੍ਰਿਤਸਰ ਨੇ ਸੰਗਤ ਗੁਰਬਾਣੀ ਕੀਰਤਨ ਤੇ ਗੁਰੂ ਜਸ ਸਰਵਣ ਕਰਵਾ ਕੇ ਨਿਹਾਲ ਕੀਤਾ। ਇਸ ਤੋਂ ਇਲਾਵਾ ਸੇਵਕ ਜਥਾ ਕੜਾਹਿ ਪ੍ਰਸ਼ਾਦਿ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ। ਬੱਚਿਆਂ ਦੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿਚ 350 ਬੱਚਿਆਂ ਨੇ ਭਾਗ ਲਿਆ।