ਇਸ ਮੌਕੇ ਉਨ੍ਹਾਂ ਕਿਹਾ ਕਿ ਤਾਮਿਲਾਂ ਨੇ ਰਾਜੀਵ ਗਾਂਧੀ ਦੇ ਕਾਤਲਾਂ ਦੀ ਰਿਹਾਈ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਰਾਸ਼ਟਰਪਤੀ ਭੇਜ ਕੇ ਅਤੇ ਜੰਮੂ ਕਸ਼ਮੀਰ ਵਿਧਾਨ ਸਭਾ ਵਿੱਚ ਵੀ ਅਫ਼ਜ਼ਲ ਗੁਰੂ ਦੇ ਹੱਕ ਵਿੱਚ ਮਤਾ ਪਾ ਕੇ ਕੌਮੀ ਇੱਕਜੁਟਤਾ ਦਾ ਸਬੂਤ ਦਿੱਤਾ ਹੈ ਉਸੇ ਤਰ੍ਹਾ ਪੰਜਾਬ ਦੀ ਅਕਾਲੀ ਸਰਕਾਰ ਨੇ ਸਿੱਖ ਕੌਮ ਦੀ ਮੰਗ ਅਨੁਸਾਰ ਪੰਜਾਬ ਵਿਧਾਨ ਸਭਾ ਵਿੱਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਮਤਾ ਕਿਉਂ ਨਹੀਂ ਪਾਇਆ? ਇਸ ਮੌਕੇ ਸਟੇਜ ’ਤੇ ਪ੍ਰੋ. ਭੁੱਲਰ ਦੇ ਮਾਤਾ ਜੀ ਬੀਬੀ ਉਪਕਾਰ ਕੌਰ ਵੀ ਹਾਜ਼ਰ ਸਨ। ਸੰਤ ਦਾਦੂਵਾਲ ਨੇ ਕਿਹਾ ਕਿ ਜਿਸ ਸਿਧਾਂਤ ਦੀ ਰਾਖੀ ਲਈ ਸ਼ਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਈਆ ਉਸੇ ਸਿਧਾਂਤ ’ਤੇ ਚਲਦੇ ਹੋਏ ਗੁਰੂ ਸਾਹਿਬਾਨ ਦੇ ਮਾਨਵੀ ਸੰਕਲਪਾਂ ਨੂੰ ਅਸੀਂ ਰੂਪਮਾਨ ਕਰਨਾ ਹੈ। ਉਨ੍ਹਾ ਕਿਹਾ ਕਿ ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇ ਅਸੀਂ ਅਪਣੇ ਜੀਵਨ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਪੇਸ਼ ਕੀਤੀ ਜੀਵਨ ਜਾਂਚ ਅਪਣਾ ਕੇ ਚੱਲੀਏ। ਉਨ੍ਹਾਂ ਪੰਜਾਬ ਵਿੱਚ ਫੈਲੇ ਡੇਰਾਵਾਦ ਤੇ ਹੋਰਨਾਂ ਸਿੱਖ ਮਸਲਿਆਂ ਨੂੰ ਭਾਰਤੀ ਸਿਆਸਤ ਦੀ ਉਪਜ ਦੱਸਦਿਆਂ ਕਿਹਾ ਕਿ ਪੰਜਾਬ ਅਤੇ ਸਿੱਖਾਂ ਨੂੰ ਕਮਜ਼ੋਰ ਅਤੇ ਗੁਲਾਮ ਰੱਖਣ ਲਈ ਅਜਿਹੇ ਹਾਲਾਤ ਪੈਦਾ ਕੀਤੇ ਜਾਂਦੇ ਹਨ ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ।ਸੰਤ ਦਾਦੂਵਾਲ ਤੋਂ ਬਿਨਾਂ ਇਨ੍ਹਾਂ ਦੀਵਾਨਾਂ ਨੂੰ ਬਾਬਾ ਅਵਤਾਰ ਸਿੰਘ ਸਾਧਾਂਵਾਲੇ, ਬਾਬਾ ਧਰਮਵੀਰ ਸਿੰਘ ਘਰਾਂਗਣੇ ਵਾਲੇ, ਬਾਬਾ ਪ੍ਰਦੀਪ ਸਿੰਘ ਚਾਂਦਪੁਰੇ ਵਾਲਿਆਂ ਨੇ ਵੀ ਸੰਗਤਾਂ ਨੂੰ ਸਿੱਖ ਇਤਿਹਾਸ ਸੁਣਾਇਆ। ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਸੰਤੋਖ ਸਿੰਘ ਸਲਾਣਾ, ਦਰਸ਼ਨ ਸਿੰਘ ਬੈਣੀ, ਗੁਰਮੁਖ ਸਿੰਘ ਡਡਹੇੜੀ, ਪ੍ਰਮਿੰਦਰ ਸਿੰਘ ਕਾਲਾ, ਹਰਪਾਲ ਸਿੰਘ ਸ਼ਹੀਦਗੜ੍ਹ, ਅਮਰਜੀਤ ਸਿੰਘ ਬਡਗੁਜਰਾਂ ਵੀ ਹਾਜ਼ਰ ਸਨ।