Site icon Sikh Siyasat News

ਬਾਬਾ ਬੰਦਾ ਸਿੰਘ ਬਹਾਦਰ ਦੇ ਸਮਾਗਮ ਬਾਦਲ ਦਲ ਦੇ ਸਮਾਗਮ ਬਣ ਕੇ ਰਹਿ ਗਏ: ਸਰਨਾ

ਅੰਮ੍ਰਿਤਸਰ: ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਕਮੇਟੀ ਵੱਲੋ ਬਾਬਾ ਬੰਦਾ ਸਿੰਘ ਬਹਾਦਰ ਦੇ ਮਨਾਏ ਗਏ ਸਮਾਗਮਾਂ ਨੂੰ ਫਲਾਪ ਸ਼ੋਅ ਗਰਦਾਨਦਿਆਂ ਕਿਹਾ ਕਿ ਦਿੱਲੀ ਕਮੇਟੀ ਦੇ ਵਿਰੋਧੀ ਧਿਰ ਨਾਲ ਸਬੰਧਿਤ ਮੈਬਰਾਂ ਨੂੰ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਕੋਈ ਸੱਦਾ ਨਹੀਂ ਦਿੱਤਾ ਗਿਆ ਤੇ ਇਹ ਸਮਾਗਮ ਸਿਰਫ ਬਾਦਲ ਮਾਰਕਾ ਸਮਾਗਮ ਹੀ ਹੋ ਕੇ ਰਹਿ ਗਏ ਹਨ।

ਜਾਰੀ ਇੱਕ ਬਿਆਨ ਰਾਹੀਂ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਪੰਥ ਦੇ ਮਹਾਨ ਜਰਨੈਲ ਹੋਏ ਹਨ ਜਿਹਨਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਤੋਂ ਬਾਅਦ ਸਭ ਤੋਂ ਵੱਡਾ ਕਾਰਜ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਸਨ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਸਮੁੱਚੀ ਸਿੱਖ ਕੌਮ ਦੇ ਹੀ ਨਹੀਂ ਸਗੋਂ ਸਮੁੱਚੀ ਮਾਨਵਤਾ ਦੇ ਹੱਕਾਂ ਦੇ ਰਾਖੇ ਸਿੱਧ ਹੋਏ ਹਨ।

ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਦੀ ਸੰਕੀਰਨ ਸੋਚ ਕਾਰਨ ਹੀ ਦਿੱਲੀ ਕਮੇਟੀ ਵੱਲੋ ਕਰਵਾਏ ਗਏ ਸਮਾਗਮਾਂ ਵਿੱਚ ਗਿਣਤੀ ਇੰਨੀ ਘੱਟ ਰਹੀ ਕਿ ਇਹ ਸਮਾਗਮ ਬਾਬਾ ਬੰਦਾ ਸਿੰਘ ਬਹਾਦਰ ਦੀ ਬਜਾਏ ਸਿਰਫ ਮਨਜੀਤ ਸਿੰਘ ਜੀ.ਕੇ. ਤੇ ਮਨਜਿੰਦਰ ਸਿੰਘ ਸਿਰਸਾ ਦੇ ਹੋ ਕੇ ਰਹਿ ਗਏ। ਉਹਨਾਂ ਕਿਹਾ ਕਿ ਇਹਨਾਂ ਪ੍ਰਬੰਧਕਾਂ ਦੀਆਂ ਭ੍ਰਿਸ਼ਟ ਨੀਤੀਆਂ ਕਾਰਨ ਗ੍ਰਾਫ ਇੰਨਾ ਹੇਠਾਂ ਆ ਚੁੱਕਾ ਹੈ ਕਿ ਲੋਕ ਹੁਣ ਇਹਨਾਂ ‘ਤੇ ਵਿਸ਼ਵਾਸ ਨਹੀਂ ਕਰਦੇ ਸਗੋਂ ਨਫਰਤ ਕਰਨ ਲੱਗ ਪਏ ਹਨ। ਉਹਨਾਂ ਕਿਹਾ ਕਿ ਇਹ ਸਮਾਗਮ ਜੇਕਰ ਬਾਦਲ ਦਲ ਦੀ ਬਜਾਏ ਖਾਲਸਾ ਪੰਥ ਦੇ ਸਮਾਗਮ ਹੁੰਦੇ ਤਾਂ ਲੋਕ ਆਪ ਮੁਹਾਰੇ ਪਹੁੰਚ ਜਾਣੇ ਸਨ ਪਰ ਜਿਸ ਕਦਰ ਪ੍ਰਬੰਧਕਾਂ ਨੂੰ ਸੰਗਤਾਂ ਦੀ ਹਾਜਰੀ ਪੱਖੋਂ ਨਿਰਾਸ਼ਾ ਹੋ ਰਹੀ ਹੈ ਉਹ ਹੀ 2017 ਦੀਆ ਚੋਣਾਂ ਦੀ ਅਗਾਊਂ ਤਸਵੀਰ ਪੇਸ਼ ਕਰਦੀ ਹੈ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਪ੍ਰੈਸ ਨੂੰ ਸੰਬੋਧਿਤ ਹੁੰਦੇ ਹੋਏ (ਫਾਈਲ ਫੋਟੋ)

ਉਹਨਾਂ ਕਿਹਾ ਕਿ ਮਲੇਰਕੋਟਲਾ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਵਾਪਰੀ ਘਟਨਾ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜੀ ਹੈ ਪਰ ਪੁਲੀਸ ਨੇ ਜਿਸ ਤਰੀਕੇ ਨਾਲ ਕਾਰਵਾਈ ਕਰਕੇ 72 ਘੰਟਿਆਂ ਵਿੱਚ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਉਹ ਸ਼ਲਾਘਾਯੋਗ ਹੈ ਅਤੇ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਸੀ ਪਰ ਅੱਜ ਤੱਕ ਬਰਗਾੜੀ ਤੇ ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਸਰਕਾਰ ਨੇ ਗ੍ਰਿਫਤਾਰ ਨਹੀਂ ਕੀਤਾ ਹੈ।

ਉਹਨਾਂ ਕਿਹਾ ਕਿ ਸਰਕਾਰ ਵੱਲੋ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨਾ ਸਾਬਤ ਕਰਦਾ ਹੈ ਕਿ ਸਰਕਾਰ ਦੀ ਦੋਸ਼ੀਆਂ ਨਾਲ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਸ਼ਮੂਲੀਅਤ ਜ਼ਰੂਰ ਹੈ। ਉਹਨਾਂ ਕਿਹਾ ਕਿ ਬਾਦਲ ਨੇ ਇਸ ਵੇਲੇ ਸਾਰੀਆਂ ਪੰਥਕ ਜਥੇਬੰਦੀਆਂ ਅਤੇ ਸਰਕਾਰ ‘ਤੇ ਕਬਜ਼ਾ ਜਮਾਇਆ ਹੋਇਆ ਹੈ ਅਤੇ ਤਖਤਾਂ ਦੇ ਜਥੇਦਾਰਾਂ ਦੀ ਦੁਰਵਰਤੋਂ ਕਰਕੇ ਕਦੇ ਪੰਥ ਦੋਖੀ ਸੌਦਾ ਸਾਧ ਨੂੰ ਮੁਆਫੀ ਦਿੱਤੀ ਜਾˆਦੀ ਹੈ ਤੇ ਕਦੇ ਸੰਗਤਾˆ ਦੇ ਦਬਾਅ ਕਾਰਨ ਮੁਆਫੀ ਵਾਪਸ ਲਈ ਜਾˆਦੀ ਹੈ। ਉਹਨਾਂ ਕਿਹਾ ਕਿ ਪੰਜਾਬ ਇਸ ਵੇਲੇ ਅਰਾਜਕਤਾ ਦਾ ਅਫਗਾਨਿਸਤਾਨ ਬਣਿਆ ਹੋਇਆ ਹੈ ਜਿਥੇ ਆਪਣੀ ਧੀ ਦੀ ਰਾਖੀ ਕਰਨ ਲਈ ਅੱਗੇ ਆਏ ਇੱਕ ਥਾਣੇਦਾਰ ਨੂੰ ਬਾਦਲ ਦਲ ਦਾ ਜਨਰਲ ਸਕੱਤਰ ਗੋਲੀਆਂ ਮਾਰ ਕੇ ਖਤਮ ਕਰ ਦਿੰਦਾ ਹੈ ਤੇ ਕਦੇ ਫਰੀਦਕੋਟ ‘ਚੋਂ ਬਾਦਲ ਦਲ ਦਾ ਇੱਕ ਆਗੂ ਨਾਬਾਲਿਗ ਲੜਕੀ ਨੂੰ ਘਰੋਂ ਜਬਰੀ ਚੁੱਕ ਕੇ ਲਿਜਾ ਕੇ ਉਸ ਨਾਲ ਸ਼ਾਦੀ ਕਰਦਾ ਹੈ ਪਰ ਪੁਲੀਸ ਉਸ ਵੇਲੇ ਹਰਕਤ ਵਿੱਚ ਆਉਦੀਂ ਜਦੋਂ ਮਾਮਲਾ ਮੀਡੀਆ ਰਾਹੀਂ ਜਨਤਕ ਹੁੰਦਾ ਹੈ। ਉਹਨਾਂ ਕਿਹਾ ਕਿ ਪੰਜਾਬ ਇਸ ਵੇਲੇ ਨਸ਼ਿਆਂ ਦੀ ਮੰਡੀ ਬਣਿਆ ਹੋਇਆ ਹੈ ਜਿਸ ਲਈ ਬਾਦਲ ਜ਼ਿੰਮੇਵਾਰ ਹਨ ਤੇ ਨਸ਼ਿਆਂ ਦੇ ਤਸਕਰ ਬਾਦਲ ਵਜ਼ਾਰਤ ਵਿੱਚ ਮੰਤਰੀ ਦੇ ਜ਼ਿੰਮੇਵਾਰ ਆਹੁਦਿਆਂ ‘ਤੇ ਬਿਰਾਜਮਾਨ ਹਨ ਪਰ ਮੁੱਖ ਮੰਤਰੀ ਉਹਨਾਂ ਨੂੰ ਨਿਰਦੋਸ਼ ਦੱਸ ਰਹੇ ਹਨ।

ਉਹਨਾਂ ਕਿਹਾ ਕਿ ਬਾਦਲ ਮਾਰਕਾ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਬਾਰ-ਬਾਰ ਵੱਖ-ਵੱਖ ਟੀ.ਵੀ. ਵੈਬ ਸਾਈਟਾਂ ‘ਤੇ ਕਿਹਾ ਜਾ ਰਿਹਾ ਹੈ ਕਿ ਵਿਦੇਸ਼ੀ ਤਕਨੀਕ ਰਾਹੀਂ 3 ਜੁਲਾਈ ਵਾਲੇ ਦਿਨ ਇੱਕ ਲੇਜ਼ਰ ਸ਼ੋਅ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਘੋੜੇ ‘ਤੇ ਆਵੇਗਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਗੱਲ ਕਰੇਗਾ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਘੱਟ ਗਿਣਤੀਆਂ ਦੇ ਹੱਕਾਂ ਦਾ ਰਾਖਾ ਤੇ ਸਿੱਖਾਂ ਦਾ ਪਹਿਲਾ ਬਾਦਸ਼ਾਹ ਸੀ ਜਿਸ ਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਸਨ ਤੇ ਦੂਜੇ ਮੋਦੀ ਘੱਟ ਗਿਣਤੀਆਂ ਦਾ ਦੁਸ਼ਮਣ ਤੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਉਹਨਾˆ ਨੂੰ ਬੇਰੁਜ਼ਗਾਰ ਕਰਨ ਦਾ ਦੋਸ਼ੀ ਹੈ। ਉਹਨਾਂ ਕਿਹਾ ਕਿ ਮੋਦੀ ਦੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਤੁਲਨਾ ਕਰਨੀ ਬਾਦਲ ਦਲੀਆਂ ਦੇ ਕੱਫਣ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ ਤੇ ਸੰਗਤਾਂ ਇਸ ਨੂੰ ਕਦਾਚਿਤ ਬਰਦਾਸ਼ਤ ਨਹੀਂ ਕਰਨਗੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version