Site icon Sikh Siyasat News

ਜੰਮੂ ਕਸ਼ਮੀਰ ਸਰਕਾਰ ਵੱਲੋਂ ਸਿੱਖਾਂ ‘ਤੇ ਪਰਚੇ ਦਰਜ਼ ਕਰਨ ਦੀ ਕੀਤੀ ਨਿਖੇਧੀ

ਸ੍ਰੀ ਅੰਮ੍ਰਿਤਸਰ (12 ਜੂਨ, 2015): ਘੱਲੂਘਾਰਾ ਦਿਵਸ ਮੌਕੇ ਜੰਮੂ ਵਿੱਚ ਸਹੀਦ ਸੰਤ ਭਿੰਡਰਾਂਵਾਲ਼ਿਆਂ ਦੀ ਤਸਵੀਰ ਵਾਲੇ ਬੈਨਰ ਪੁਲਿਸ ਵੱਲੋਂ ਪਾੜਨ ਤੋਂ ਬਾਅਦ ਪੈਦਾ ਹੋਏ ਤਨਾਅ ਜਿਸ ਵਿੱਚ ਇੱਕ ਸਿੱਖ ਨੌਜਵਾਨ ਜਗਜੀਤ ਸਿੰਘ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋ ਗਿਆ ਸੀ ਅਤੇ ਕਈ ਹੋਰ ਫੱਟੜ ਹੋ ਗਏ ਸਨ। ਉਸਤੋਂ ਬਾਅਦ ਸਿੱਖ ਨੌਜਵਾਨਾਂ ਉੱਪਰ ਪਰਚੇ ਦਰਜ਼ ਕੀਤੇ ਗਏ ਹਨ।

ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਜੰਮੂ ਕਸ਼ਮੀਰ ਸਰਕਾਰ ਵੱਲੋਂ ਸਿੱਖ ਨੌਜਵਾਨਾਂ ਉੱਪਰ ਦਰਜ ਕੀਤੇ ਪਰਚਿਆਂ ਨੂੰ  ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਾਸਰ ਗਲਤ ਕਰਾਰ ਦਿੰਦਿਆਂ ਘਟਨਾ ਦੀ ਮੁਕੰਮਲ ਜਾਂਚ ਦੇਸ਼ ਦੀ ਸਰਵਉੱਚ ਏਜੰਸੀ ਸੀ.ਬੀ.ਆਈ ਪਾਸੋਂ ਕਰਵਾਉਣ ਦੀ ਮੰਗ ਕੀਤੀ ਹੈ।

ਇਥੋਂ ਜਾਰੀ ਪ੍ਰੈਸ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਸਰਕਾਰ ਵਲੋਂ ਹੁਣ ਤੀਕ ਕੀਤੀ ਸਾਰੀ ਕਾਰਵਾਈ ਇਕਤਰਫਾ ਤੇ ਸਿੱਖਾਂ ਦੇ ਖਿਲਾਫ ਹੈ ਜੋ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜਿਸ ਦੇਸ਼ ਦੀ ਅਜ਼ਾਦੀ ਲਈ ਇਕੱਲੇ ਸਿੱਖਾਂ ਨੇ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹੋਣ ਕੀ ਉਸ ਦੇਸ਼ ਵਿਚ ਸ਼ਾਂਤਮਈ ਰਹਿਕੇ ਸਿੱਖਾਂ ਨੂੰ ਆਪਣੇ ਸੰਤਾਂ ਮਹਾਂਪੁਰਸ਼ ਦਾ ਪੋਸਟਰ ਲਗਾਉਣ ਦਾ ਵੀ ਅਧਿਕਾਰ ਨਹੀਂ?,

ਉਨ੍ਹਾਂ ਕਿਹਾ ਕਿ ਸਿੱਖਾਂ ਨੇ ਪਹਿਲੀ, ਦੂਸਰੀ ਸੰਸਾਰ ਜੰਗਾਂ ਸਮੇਂ ਵੀ ਵਿਦੇਸ਼ਾਂ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਸਨ ਅੱਜ ਉਹ ਦੇਸ਼ ਸਿੱਖਾਂ ਦੀ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਤ ਕਰ ਰਹੇ ਹਨ, ਪਰ ਭਾਰਤ ਵਿਚ ਸਿੱਖਾਂ ਨਾਲ ਬੇਗਾਨਿਆਂ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ ਜੋ ਸਰਕਾਰ ਲਈ ਠੀਕ ਨਹੀਂ।

ਉਨ੍ਹਾਂ ਕਿਹਾ ਕਿ ਇਕ ਪਾਸੇ ਜੰਮੂ ਸਰਕਾਰ ਜਾਂਚ ਦੀ ਗੱਲ ਕਰ ਰਹੀ ਹੈ, ਦੂਜੇ ਪਾਸੇ ਸਿੱਖ ਨੌਜਵਾਨਾਂ ਉੱਪਰ ਕੇਸ ਦਰਜ ਕੀਤੇ ਜਾ ਰਹੇ ਹਨ ਇਨ੍ਹਾਂ ਹਾਲਾਤਾਂ ‘ਚ ਜੰਮੂ ਸਰਕਾਰ ਵਲੋਂ ਕੀਤੀ ਜਾਣ ਵਾਲੀ ਜਾਂਚ ਨਿਰਪੱਖ ਨਹੀਂ ਹੋ ਸਕਦੀ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੁਹਿਰਦਤਾ ਨਾਲ ਕੰਮ ਕਰਦਿਆਂ ਇਸ ਕੇਸ ਦੀ ਸੀ.ਬੀ.ਆਈ. ਜਾਂਚ ਕਰਵਾਏ।

ਉਨ੍ਹਾਂ ਸਮੁੱਚੇ ਸਿੱਖਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਸਿੱਖਾਂ ਨੇ ਹਮੇਸ਼ਾਂ ਹੀ ਜ਼ਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ‘ਚ ਸਿੱਖ ਨੌਜਵਾਨਾਂ ਉੱਪਰ ਕੇਸ ਦਰਜ ਕਰਨ ਦੀ ਬਜਾਏ, ਕੇਸ ਉਨ੍ਹਾਂ ਪੁਲਿਸ ਵਾਲਿਆਂ ਤੇ ਸ਼ਰਾਰਤੀ ਲੋਕਾਂ ਖਿਲਾਫ ਦਰਜ ਹੋਣੇ ਚਾਹੀਦੇ ਹਨ ਜਿਨ੍ਹਾਂ ਨੇ ਸੰਤ ਭਿੰਡਰਾਂਵਾਲਿਆਂ ਦੇ ਪੋਸਟਰ ਪਾੜ ਕੇ ਸ਼ਾਂਤ ਬੈਠੇ ਸਿੱਖਾਂ ‘ਚ ਬਿਨਾਂ ਵਜਾ ਭੜਕਾਹਟ ਪੈਦਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ-ਕਸ਼ਮੀਰ ਦੇ ਸਮੁੱਚੇ ਸਿੱਖ ਭਾਈਚਾਰੇ ਦੇ ਨਾਲ ਖੜੀ ਹੈ, ਜੇਕਰ ਜੰਮੂ ਸਰਕਾਰ ਇਹ ਕੇਸ ਵਾਪਸ ਨਹੀਂ ਲੈਂਦੀ ਤਾਂ ਸ਼੍ਰੋਮਣੀ ਕਮੇਟੀ ਇਨ੍ਹਾਂ ਕੇਸਾਂ ਦਾ ਸਾਰਾ ਖਰਚਾ ਆਪਣੇ ਸਿਰ ਲਵੇਗੀ ਤੇ ਨਿਆਂ ਪਾਲਿਕਾ ਪਾਸੋਂ ਪੂਰਾ ਇਨਸਾਫ ਲੈਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version