ਸਿਆਸੀ ਖਬਰਾਂ

ਅਵਤਾਰ ਸਿੰਘ ਮੱਕੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣੇ ਰਹਿਣ ਦੇ ਯੋਗ ਨਹੀਂ : ਭਾਈ ਚੀਮਾ

By ਪਰਦੀਪ ਸਿੰਘ

October 26, 2010

ਫ਼ਤਿਹਗੜ੍ਹ ਸਾਹਿਬ, 25 ਅਕਤੂਬਰ (ਪੰਜਾਬ ਨਿਊਜ਼ ਨੈੱਟ.) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਅਵਤਾਰ ਸਿੰਘ ਮੱਕੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣੇ ਰਹਿਣ ਦੇ ਯੋਗ ਨਹੀਂ ਹੈ। ਜ਼ਿਕਰਯੋਗ ਹੈ ਕਿ ਸ. ਮੱਕੜ ਨੇ ਕੱਲ੍ਹ ਰਾਜਪੁਰਾ ਵਿਖੇ ਕਿਹਾ ਸੀ ਕਿ ਸ਼ੋਮਣੀ ਕਮੇਟੀ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੀ ਮਦਦ ਨਹੀਂ ਕਰ ਸਕਦੀ। ਭਾਈ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਜੇ ਮੱਕੜ ਦੇ ਸਿਆਸੀ ਅਕਾਵਾਂ ਦੀ ਹਰ ਤਰ੍ਹਾਂ ਦੀ ਮੱਦਦ ਕਰ ਸਕਦੀ ਹੈ ਤਾਂ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੀ ਮਦਦ ਕਿਉਂ ਨਹੀਂ ਕਰ ਸਕਦੀ। ਉਨਾਂ ਕਿਹਾ ਕਿ ਇਸ ਸੰਸਥਾ ਦੀ ਸਥਾਪਨਾ ਸਿੱਖ ਹਿੱਤਾਂ ਦੀ ਰੱਖਿਆ ਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮੱਦਦ ਲਈ ਹੀ ਹੋਈ ਸੀ ਨਾ ਕਿ ਸਿਆਸੀ ਅਕਾਵਾਂ ਦੇ ਘਰ ਭਰਨ ਲਈ।ਦੁਨੀਆਂ ਭਰ ਵਿੱਚ ਵਸਦੇ ਸਿੱਖ ਸਮੇਂ-ਸਮੇਂ ‘ਤੇ ਮੱਦਦ ਲਈ ਇਸ ਸੰਸਥਾ ਵੱਲ ਹੀ ਵੇਖਦੇ ਹਨ ਕਿ ਸ਼੍ਰੋਮਣੀ ਕਮੇਟੀ ਉਨ੍ਹਾਂ ਦੀ ਬਾਂਹ ਫੜੇਗੀ ਪਰ ਉਦੋਂ ਉਨ੍ਹਾਂ ਨੂੰ ਨਮੋਸ਼ੀ ਝੱਲਣੀ ਪੈਂਦੀ ਹੈ ਜਦੋਂ ਸ਼੍ਰੋਮਣੀ ਕਮੇਟੀ ਵਲੋਂ ਥਾਪਿਆ ਗਿਆ ਜੋਗਿੰਦਰ ਸਿੰਘ ਵੇਦਾਂਤੀ ਵਰਗਾ ਜਥੇਦਾਰ ਸਿੱਖ ਕਤਲੇਆਮ ਦੀਆਂ ਪੀੜਤ ਬੀਬੀਆਂ ਨੂੰ ‘ਖੇਖਣ ਕਰਦੀਆਂ’ ਦੱਸਦਾ ਹੈ ਤੇ ਅਵਤਾਰ ਸਿੰਘ ਮੱਕੜ ਵਰਗਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਿੱਖ ਪੀੜਤਾਂ ਨੂੰ ਇਹ ਕਹਿ ਕੇ ਦੁਰਕਾਰਦਾ ਹੈ ਕਿ ਇਹ ਸੰਸਥਾ ਉਨ੍ਹਾਂ ਦੀ ਮਦਦ ਨਹੀਂ ਕਰ ਸਕਦੀ। ਭਾਈ ਚੀਮਾ ਨੇ ਕਿਹਾ ਕਿ ਜੇ ਸ਼੍ਰੋਮਣੀ ਕਮੇਟੀ ਨੇ ਸਿੱਖਾਂ ਦੀ ਹੀ ਮਦਦ ਨਹੀਂ ਕਰਨੀ ਤਾਂ ਕੀ ਇਹ ਸੱਜਣ ਕੁਮਾਰ ਤੇ ਟਾਈਟਲਰ ਵਰਗੇ ਸਿੱਖਾਂ ਦੇ ਕਾਤਲਾਂ ਦੀ ਮਦਦ ਲਈ ਬਣੀ ਹੈ? ਉਨ੍ਹਾਂ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਇਨ੍ਹਾਂ ਲੋਕਾਂ ਨੇ ਖ਼ੁਦ ਹੀ ਅਪਣੇ ਨਕਾਬ ਲਾਹੁਣੇ ਸ਼ੁਰੂ ਕਰ ਦਿੱਤੇ ਹਨ ਇਸ ਲਈ ਇਨ੍ਹਾਂ ਮਸੰਦਾਂ ਨੂੰ ਆਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਗੁਰਧਾਮਾਂ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਵੇ ਕਿਉਂਕਿ ਇਨ੍ਹਾਂ ਜਿੰਮੇਵਾਰ ਆਹੁਦਿਆਂ ‘ਤੇ ਅਜਿਹੇ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: