ਚੰਡੀਗੜ੍ਹ: ਪਟਿਆਲਾ ਤੋਂ ਭਾਰਤੀ ਪਾਰਲੀਮੈਂਟ ਦੇ ਮੈਂਬਰ ਡਾ. ਧਰਮਵੀਰ ਗਾਂਧੀ ਨੇ ਪੰਜਾਬ ਲਈ ਖੁਦਮੁਖਤਿਆਰੀ ਦੀ ਮੰਗ ਕੀਤੀ ਹੈ।
ਇੱਥੇ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਉਨ੍ਹਾਂ ਵਲੋਂ ਬਣਾਈ ਗਈ ਬੁੱਧੀਜੀਵੀਆਂ ਦੀ ਸੰਸਥਾ ਪੰਜਾਬ ਮੰਚ ਨੇ ਡੂੰਘੀ ਵਿਚਾਰ ਅਤੇ ਖੋਜ ਉਪਰੰਤ ਇਹ ਸਿੱਟਾ ਕੱਢਿਆ ਹੈ ਕਿ ਪੰਜਾਬ ਨੂੰ ਖੁਦਮੁਖਤਿਆਰੀ ਦੇਣਾ ਹੀ ਸਾਰੀ ਸਮੱਸਿਆਵਾਂ ਦਾ ਇਕੋ ਇਕ ਹੱਲ ਹੈ।
ਉਨ੍ਹਾਂ ਇਸ ਦੌਰਾਨ ਨਾਅਰਾ ਬੁਲੰਦ ਕੀਤਾ, “ਜਮਹੂਰੀ ਭਾਰਤ, ਲੋਕਤੰਤਰਿਕ ਪੰਜਾਬ”। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੁਦਰਤੀ ਸੋਰਤਾਂ ਅਤੇ ਪੂੰਜੀ ਨੂੰ ਬਚਾ ਕੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੰਜਾਬ ਨੂੰ ਖੁਦਮੁਖਤਿਆਰੀ ਦੇਣਾ ਹੀ ਇਕ ਹੱਲ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਰੈਫਰੈਂਡਮ 2020 ਦੀ ਹਮਾਇਤ ਨਹੀਂ ਕਰਦੇ। ਉਨ੍ਹਾਂ ਕਿਹਾ, “ਅਸੀਂ ਪੰਜਾਬ ਲਈ ਖੁਦਮੁਖਤਿਆਰੀ ਦੀ ਮੰਗ ਕਰਦੇ ਹਾਂ, ਨਾ ਕਿ ਕਿਸੇ ਇਕ ਭਾਈਚਾਰੇ ਜਾ ਧਰਮ ਲਈ।”
ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਏ ਜਾਣ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ, “ਮੈਂ ਹਮੇਸ਼ਾ ਮੰਗ ਕੀਤੀ ਹੈ ਕਿ ਪੰਜਾਬ ਆਪ ਦੀ ਅਗਵਾਈ ਸੂਬੇ ਦੇ ਆਗੂਆਂ ਦੇ ਹੱਥ ਹੋਵੇ।”
ਪਰ ਉਨ੍ਹਾਂ ਸਾਫ ਕੀਤਾ ਕਿ ਉਹ ਖਹਿਰਾ ਵਲੋਂ 2 ਅਗਸਤ ਨੂੰ ਬਠਿੰਡਾ ਵਿਚ ਬੁਲਾਏ ਗਏ ਇਕੱਠ ਵਿਚ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿਚ ਕੋਈ ਤੀਜਾ ਬਦਲ ਪੰਜਾਬ ਦੀ ਖੁਦਮੁਖਤਿਆਰੀ ਦੀ ਮੰਗ ਨੂੰ ਲੈ ਕੇ ਖੜਾ ਹੁੰਦਾ ਹੈ ਤਾਂ ਉਹ ਉਸਦਾ ਹਿੱਸਾ ਬਣਨਗੇ।