ਨਵੀਂ ਦਿੱਲੀ: ਪਟਿਆਲਾ ਤੋਂ ਪਾਰਲੀਮੈਂਟ ਮੈਂਬਰ ਡਾ. ਧਰਮਵੀਰ ਗਾਂਧੀ ਨੇ ਮੌਨਸੂਨ ਸੈਸ਼ਨ ਵਿੱਚ ਬੋਲਦਿਆਂ ਭਾਰਤੀ ਸੰਸਦ ਨੂੰ ਪੰਜਾਬ ਲਈ ਅੰਦਰੂਨੀ ਖ਼ੁਦਮੁਖ਼ਤਿਆਰੀ ਲਈ ਵਿਚਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਪਾਰਲੀਮੈਂਟ ਦਾ ਧਿਆਨ ਪੰਜਾਬ ਦੀ ਦਿਨੋਂ-ਦਿਨ ਬਦਤਰ ਹੋ ਰਹੀ ਆਰਥਕ ਤੇ ਸਮਾਜਕ ਹਾਲਤ ਵੱਲ ਦਿਵਾਇਆ। ਉਨ੍ਹਾਂ ਕਿਹਾ ਕਿ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਅਤੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਮਰ ਰਹੇ ਹਨ। ਡਾ. ਗਾਂਧੀ ਨੇ ਇਸ ਤੱਥ ’ਤੇ ਰੋਸ ਪ੍ਰਗਟ ਕੀਤਾ ਕਿ ਪੰਜਾਬ ਅੱਜ ਅਜਿਹੇ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ ਕਿ ਇੱਥੇ ਵਸਦੇ ਲੋਕਾਂ ਨੂੰ ਸਿਹਤ ਸਹੂਲਤਾਂ ਤੇ ਨੌਜਵਾਨਾਂ ਨੂੰ ਸਿੱਖਿਆ ਸਹੂਲਤਾਂ ਨਹੀਂ ਮਿਲ ਰਹੀਆਂ।
ਇਸ ਸਬੰਧੀ ਬਿਆਨ ਜਾਰੀ ਕਰਦਿਆਂ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਖੇਤੀਬਾੜੀ ਦੇ ਟਿਕਾਊ ਨਾ ਰਹਿਣ ਕਰਕੇ ਤੇ ਨਾਕਸ ਉਦਯੋਗਿਕ ਵਿਕਾਸ ਕਾਰਨ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਅਤੇ ਪਰਵਾਸ ਦੀ ਦਰ ਵਧ ਗਈ ਹੈ। ਸੂਬੇ ਸਿਰ ਖੜ੍ਹੇ ਦੋ ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਦੀ ਸਾਲਾਨਾ ਕਿਸ਼ਤ ਹੀ 25,000 ਕਰੋੜ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਤੇ ਦੂਜੇ ਸੋਮਿਆਂ ਦੇ ਮਾਲਕੀ ਹੱਕ ਖੋਹੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਆਪਣੀ ਮਿੱਟੀ, ਧਰਤੀ ਹੇਠਲੇ ਪਾਣੀ ਅਤੇ ਵਾਤਾਵਰਨ ਦੀ ਬਲੀ ਦੇ ਕੇ ਭਾਰਤ ਨੂੰ ਅਨਾਜ ਸੁਰੱਖਿਆ ਮੁਹੱਈਆ ਕਰਵਾਉਣ ਲਈ ਖ਼ੁਦ ਅਨੇਕਾਂ ਖ਼ਤਰਿਆਂ ਨੂੰ ਸਹੇੜ ਲਿਆ ਹੈ।
ਗਾਂਧੀ ਨੇ ਮੰਗ ਕੀਤੀ ਕਿ ਪੰਜਾਬ ਦੇ ਲੋਕਾਂ ਕੋਲ ਹੁਣ ਸਮੱਸਿਆਵਾਂ ਦਾ ਇੱਕੋ-ਇਕ ਹੱਲ ਅੰਦਰੂਨੀ ਖ਼ੁਦਮੁਖ਼ਤਿਆਰੀ ਹੈ। ਇਸ ਨਾਲ ਸੂਬਾ ਆਪਣੇ ਲੋਕਾਂ ਦੀ ਭਲਾਈ ਲਈ ਆਪਣੇ ਮਸਲੇ ਖ਼ੁਦ ਨਜਿੱਠਣ ਦੇ ਸਮਰੱਥ ਹੋ ਸਕੇਗਾ।