ਕੈਨਬਰਾ, ਆਸਟਰੇਲੀਆ: ਲੰਘੀ 7 ਨਵੰਬਰ 2024 ਨੂੰ ਆਸਟਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਕੈਨਬਰਾ ਸਥਿਤ ਆਸਟਰੇਲੀਆ ਦੀ ਫੈਡਰਲ ਪਾਰਲੀਮੈਂਟ ਵਿੱਚ ਨਵੰਬਰ 1984 ਦੌਰਾਨ ਇੰਡੀਆ ਭਰ ਵਿੱਚ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਦੀ 40ਵੀਂ ਯਾਦ ਮੌਕੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਇਸ ਸਮਾਗਮ ਵਿੱਚ ਆਸਟਰੇਲੀਆ ਦੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ, ਆਸਟਰੇਲੀਆ ਰਹਿੰਦੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਤੋਂ ਇਲਾਵਾ ਆਸਟਰੇਲੀਆ ਦੀ ਪਾਰਲੀਮੈਂਟ ਦੇ ਮੈਂਬਰਾਂ, ਸੈਨੇਟਰ ਅਤੇ ਆਸਟਰੇਲੀਆ ਸਰਕਾਰ ਦੇ ਅਧਿਕਾਰੀਆਂ ਤੇ ਮੰਤਰੀਆਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ 1984 ਦੀ ਸਿੱਖ ਨਸਲਕੁਸ਼ੀ ਅਤੇ ਮੌਜੂਦਾ ਸਮੇਂ ਇੰਡੀਆ ਦੀ ਹਕੂਮਤ ਵੱਲੋਂ ਵਿਦੇਸ਼ਾਂ ਵਿੱਚ ਦਖਲਅੰਦਾਜ਼ੀ (ਫੌਰਨ ਇੰਟਰਫੀਰਸ) ਕਰਕੇ ਸਿੱਖਾਂ ਵਿਰੁੱਧ ਕੀਤੇ ਜਾ ਰਹੇ ਕੌਮਾਂਤਰੀ ਜਬਰ (ਟਰਾਂਸ-ਨੈਸ਼ਨਲ) ਰਿਪਰੈਸ਼ਨ ਬਾਰੇ ਵਿਚਾਰਾਂ ਹੋਈਆਂ।
ਇਸ ਸਮਾਗਮ ਲਈ ਉਚੇਚੇ ਤੌਰ ਉੱਤੇ ਆਸਟਰੇਲੀਆ ਪਹੁੰਚੇ ਸਿੱਖ ਫੈਡਰੇਸ਼ਨ ਕੈਨੇਡਾ ਦੇ ਨੁਮਾਇੰਦੇ ਭਾਈ ਮਨਿੰਦਰ ਸਿੰਘ ਅਤੇ ਯੂਐਨ ਗਲੋਬਲ ਸਟੇਰਿੰਗ ਕਮੇਟੀ ਦੇ ਮੈਂਬਰ ਡਾ. ਇਕਤੀਦਾਰ ਚੀਮਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਆਸਟਰੇਲੀਆ ਦੇ ਸਿਆਸਤਦਾਨਾਂ ਵਿੱਚੋਂ ਫੈਡਰਲ ਮਨਿਸਟਰ ਡਾਕਟਰ ਐਨੀ ਐਲੀ, ਐਮਪੀ ਬੋਬ ਕਾਰਟਰ ਅਤੇ ਸੈਮ ਲਿਮ, ਸੈਨੀਟਰ ਡੇਵਿਡ ਸੂ ਬ੍ਰਿਜ, ਡਾਕਟਰ ਮਹਿਰੂਨ ਫਰੂਕੀ ਅਤੇ ਸਟੈਫ ਹੋਡਿੰਗਸਨ ਮੇਅ, ਡਿਪਟੀ ਸਪੀਕਰ ਸ਼ਹਿਰਨ ਕਲੇਡਨ ਅਤੇ ਵੈਸਟ ਆਸਟਰੇਲੀਆ ਸੈਨਟ ਕੈਂਡੀਡੇਟ ਦੀਪ ਸਿੰਘ ਨੇ ਹਾਜ਼ਰੀ ਭਰੀ।
ਅੰਗ੍ਰੇਜ਼ੀ ਵਿੱਚ ਪੜ੍ਹੋ— Australian Sikh Association Hosts Sikh Genocide Remembrance Event at Federal Parliament House