ਵਿਦੇਸ਼

ਆਸਟਰੇਲੀਆ ਵਿੱਚ ਸਿੱਖਾਂ ਦੀਆਂ ਮੁਸ਼ਕਲਾਂ ਦੁਰ ਕਰਨ ਲਈ ਸਰਕਾਰੀ ਪੱਧਰ ‘ਤੇ ਯਤਨ ਕੀਤੇ ਜਾਣਗੇ: ਬਿੱਲ ਸ਼ੋਰਟਨ

By ਸਿੱਖ ਸਿਆਸਤ ਬਿਊਰੋ

March 14, 2016

ਸਿਡਨੀ( 13 ਮਾਰਚ, 2016): ਆਸਟਰੇਲੀਆ ਵਿੱਚ ਸਿੱਖ ਪਛਾਣ ਸਬੰਧੀ ਭੁਲੇਖਿਆਂ ਅਤੇ ਨਸਲੀ ਅਧਾਰ ‘ਤੇ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਦੇ ਸਬੰਧ ਵਿੱਚ ਆਸਟਰੇਲੀਅਨ ਲੇਬਰ ਪਾਰਟੀ ਦੇ ਮੁਖੀ ਤੇ ਸੰਘੀ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਕੌਮੀ ਨੇਤਾ ਬਿੱਲ ਸ਼ੋਰਟਨ ਨੇ ਕਿਹਾ ਹੈ ਕਿ ਉਹ ਪਰਵਾਸੀ ਸਿੱਖਾਂ ਨਾਲ ਵਿਤਕਰਾ ਰੋਕਣ ਤੇ ਪਛਾਣ ਬਾਰੇ ਜਾਣਕਾਰੀ ਦੇਣ ਲਈ ਸੂਬੇ ਦੀਆਂ ਲੇਬਰ ਸਰਕਾਰਾਂ ਨੂੰ ਪੱਤਰ ਲਿਖਣਗੇ। ਸਰਕਾਰੀ ਪ੍ਰਚਾਰ ਰਾਹੀਂ ਸਿੱਖ ਪਹਿਰਾਵੇ ਨੂੰ ਦਰਸਾਉਦੀਆਂ ਤਸਵੀਰਾਂ ਪ੍ਰਕਾਸ਼ਤ ਕਰਨ ਲਈ ਕਿਹਾ ਜਾਵੇਗਾ।

ਉਹ ਅੱਜ ਇਥੇ ਗੁਰਦੁਆਰਾ ਰਿਵਸਬੀ ਵਿਖੇ ਆਏ ਸਨ। ੳੁਹ ਲੇਬਰ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੀ ਕੁਰਸੀ ਲੲੀ ਦਾਅਵੇਦਾਰ ਹਨ। ਲੇਬਰ ਪਾਰਟੀ ਦੀਆਂ ਦੇਸ਼ ਅੰਦਰ ਕੁੱਲ ਛੇ ਸੂਬੇ ਵਿੱਚੋਂ ਤਿੰਨ ਅਤੇ ਦੋ ਕੇਂਦਰ ਸਾਸ਼ਤ ਪ੍ਰਦੇਸ਼ਾਂ ’ਚੋ ਵੀ ਇੱਕ ਅੰਦਰ ਸਰਕਾਰਾਂ ਹਨ।

ਇਸ ਮੌਕੇ ਸ਼ੋਰਟਨ ਨਾਲ ਐਮ ਪੀ ਕ੍ਰਿਸ, ਜੈਸਨ ਕਲੇਅਰ, ਹਰੀਸ਼ ਵੈਲਜੀ, ਇਸ਼ਾ ਅਮਜ਼ਦ ਵੀ ਸਨ। ਸਿੱਖ ਆਗੂ ਮਹਿੰਦਰ ਸਿੰਘ ਬਿੱਟਾ, ਪ੍ਰਧਾਨ ਰਣਜੀਤ ਸਿੰਘ, ਅਵਤਾਰ ਸਿੰਘ, ਪਦਮਦੀਪ ਸਿੰਘ, ਨਰਿੰਦਰ ਸਿੰਘ ਗਰੇਵਾਲ, ਚਰਨ ਸਿੰਘ ਕੂਨਰ, ਭੁਪਿੰਦਰ ਛਿੱਬੜ ਤੇ ਅਮਰ ਸਿੰਘ ਨੇ ੳੁਨ੍ਹਾਂ ਦਾ ਨਿੱਘਾ ਸੁਆਗਤ ਕੀਤਾ।

ਸ੍ਰੀ ਸ਼ੋਰਟਨ ਨੇ ਸੰਗਤ ਨੂੰ ਸੰਬੋਧਨ ਕਰਨ ਤੋਂ ਪਹਿਲੋਂ ਗੁਰਦੁਆਰੇ ਦੇ ਪ੍ਰਬੰਧਕਾਂ ਤੇ ਭਾਈਚਾਰੇ ਦੇ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ,ਜਿਸ ਵਿੱਚ ਸਿੱਖ ਆਗੂਆਂ ਨੇ ਸਿੱਖੀ ਪਛਾਣ ਬਾਰੇ ਭਰਮ ਭੁਲੇਖਿਆਂ ਕਾਰਨ ਨਸਲੀ ਵਿਤਕਰੇ ਦਾ ਮੁੱਦਾ ਉਠਾਇਆ। ਆਗੂਆ ਨੇ ਕਿਹਾ ਕਿ ਸਕੂਲੀ ਸਿੱਖਿਆ ’ਚ ਸਿੱਖਾਂ ਵੱਲੋਂ ਸੰਸਾਰ ਜੰਗਾਂ ਖਾਸਕਰ ਵਿੱਚ ਪਾੲੇ ਯੋਗਦਾਨ, ਆਸਟਰੇਲੀਆ ਤੇ ਨਿਊਜ਼ੀਲੈਂਡ ਨੂੰ ਖੁਸ਼ਹਾਲ ਕਰਨ ਲਈ ਕੀਤੀ ਜਾ ਰਹੀ ਮਿਹਨਤ, ਪਹਿਰਾਵੇ ਤੇ ਵਿਲੱਖਣਤਾ ਨੂੰ ਦਰਸਾਉਂਦਾ ਸਿਲੇਬਸ ਬਣਾਇਆ ਜਾਵੇ।

ਮਨਜਿੰਦਰ ਸਿੰਘ ਨੇ ਕਿਹਾ ਕਿ ਇਰਾਕ ਵਿਚਲੀਆਂ ਘਟਨਾਵਾਂ ਦਾ ਖਮਿਆਜ਼ਾ ਆਸਟਰੇਲੀਆ ’ਚ ਬੈਠੇ ਸਿੱਖਾਂ ਨੂੰ ਭੁਗਤਣਾ ਪੈਂਦਾ ਹੈ। ਮੈਲਬਰਨ ਵਿੱਚ ਸਿੱਖ ਬੱਚੇ ’ਤੇ ਬੱਸ ਵਿੱਚ ਹੋਏ ਹਮਲੇ ਦੀ ਘਟਨਾ ਸੁਣਨ ’ਤੇ ਸ੍ਰੀ ਸ਼ੋਰਟਨ ਨੇ ਇਸ ਨੂੰ ਮੰਦਭਾਗੀ ਦੱਸਿਆ। ਉਨ੍ਹਾਂ ਸਿੱਖਾਂ ਨੂੰ ਅਪੀਲ ਕੀਤੀ ਉਹ ਲੇਬਰ ਪਾਰਟੀ ਨਾਲ ਸਰਗਰਮੀ ਨਾਲ ਜੁੜਨ ਤੇ ਭਾਈਚਾਰੇ ਦੇ ਮੁੱਦੇ ਉਠਾਉਣ।

ਗੁਰਦੁਆਰਾ ਦੀਵਾਨ ਹਾਲ ਵਿਖੇ ਸੈਕਟਰੀ ਪਦਮਦੀਪ ਸਿੰਘ ਨੇ ਪਰਵਾਸੀ ਸਿੱਖਾਂ ਦੇ ਆਸਟਰੇਲੀਆ ’ਚ ਯੋਗਦਾਨ ਬਾਰੇ ਦੱਸਿਆ। ਸ੍ਰੀ ਸ਼ੋਰਟਨ ਨੇ ਸੰਗਤ ਨੂੰ ਕਿਹਾ ਕਿ ਉਹ ਅੱਜ ਰੱਬ ਦੇ ਇਸ ਘਰ ਆ ਕੇ ਦਿਲੀ ਸਕੂਨ ਮਹਿਸੂਸ ਕਰ ਰਹੇ ਹਨ। ਆਸਟਰੇਲੀਆ ਨੂੰ ਮਾਣ ਹੈ ਕਿ ਉਸ ਵਿੱਚ ਸਿੱਖ ਪਰਵਾਸੀ ਮਿਹਨਤਕਸ਼ ਹਨ।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: