ਸਿੱਖ ਖਬਰਾਂ

ਡੇਰੇ ਵਿੱਚ ਚੱਲਦੇ ‘ਪਖੰਡ’ ਨੂੰ ਬੇਪਰਦ ਕਰਨ ਦੀ ਮੰਗ ਕਰਦਿਆਂ ਆਸ਼ੂਤੋਸ਼ ਦੇ ਪੁੱਤਰ ਨੇ ਪਿਉ ਦੀ ਲਾਸ਼ ਦਿਵਾੳੇਣ ਦੀ ਮੁੱਖ ਮੰਤਰੀ ਨੂੰ ਅਪੀਲ਼

By ਸਿੱਖ ਸਿਆਸਤ ਬਿਊਰੋ

May 19, 2014

ਜਲੰਧਰ, (18 ਮਈ 2014):- ਨੂਰ ਮਹਿਲ ਦੇ ਵਿਵਾਦਤ ਅਤੇ ਚਰਚਿੱਤ ਡੇਰੇ ਦਿਵਯ ਜਯੋਤੀ ਜਾਗਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦੀ ਮੌਤ ਦੇ ਰਹੱਸ ਦੇ ਬਰਕਰਾਰ ਰਹਿੰਦਿਆਂ ਆਸ਼ੂਤੋਸ਼ ਦੇ ਪੁੱਤਰ ਦਲੀਪ ਝਾਅ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਨੂਰਮਹਿਲ ਦੇ ਡੇਰੇ ਤੋਂ ਉਸ ਦੇ ਪਿਤਾ ਦੀ ਮ੍ਰਿਤਕ ਦੇਹ ਲੈ ਕੇ ਦਿੱਤੀ ਜਾਵੇ ਅਤੇ ਡੇਰੇ ਅੰਦਰ ਚੱਲ ਰਹੇ ਪਾਖੰਡ ਨੂੰ ਬੇਪਰਦਾ ਕੀਤਾ ਜਾਵੇ। ਉਹ ਅੱਜ ਇੱਥੇ ਪ੍ਰੈਸ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਕਿਸੇ ਗ਼ੈਰ ਕੁਦਰਤੀ ਵਰਤਾਰੇ ਨਾਲ ਹੋਈ ਹੈ ਤੇ ਇਸੇ ਲਈ ਸੱਚ ਨੂੰ ਲੁਕਾਉਣ ਲਈ ਸਮਾਧੀ ਵਿੱਚ ਜਾਣ ਦਾ ਪਾਖੰਡ ਰਚਿਆ ਗਿਆ ਹੈ।

ਪੰਜਾਬੀ ਟ੍ਰਿਬਿਊਨ ਅਖਬਾਰ ਅਨੁਸਾਰ ਨੂਰ ਮਹਿਲ ਡੇਰੇ ਤੋਂ ਫੋਨ ’ਤੇ ਧਮਕੀਆਂ ਮਿਲਣ ਦਾ ਖੁਲਾਸਾ ਕਰਦਿਆਂ ਦਲੀਪ ਝਾਅ ਨੇ ਕਿਹਾ ਕਿ ਉਹ ਸੂਬਾ ਸਰਕਾਰ ਦੀ ਮਦਦ ਬਿਨਾਂ ਇਕੱਲੇ ਡੇਰੇ ਨਹੀਂ ਜਾ ਸਕਦੇ। ਝਾਅ ਨੇ ਆਪਣੇ ਉਸ ਦਾਅਵੇ ਨੂੰ ਪੁਖ਼ਤਾ ਕਰਦਿਆਂ ਮੁੜ ਦੁਹਰਾਇਆ ਕਿ ਉਹ ਡੀਐਨਏ ਟੈਸਟ ਕਰਾਉਣ ਲਈ ਵੀ ਤਿਆਰ ਹਨ।

ਇਸ ਮੌਕੇ ਝਾਅ ਨੇ ਆਸ਼ੂਤੋਸ਼ ਨੂੰ ਆਪਣਾ ਪਿਤਾ ਦੱਸਦਿਆ ਉਹ ਪੁਰਾਣੀਆਂ ਤਸਵੀਰਾਂ ਵੀ ਦਿਖਾਈਆਂ ਜਦੋਂ ਉਨ੍ਹਾਂ ਦਾ ਨਾਂ ਮਹੇਸ਼ ਝਾਅ ਹੋਇਆ ਕਰਦਾ ਸੀ। ਜ਼ਿਕਰਯੋਗ ਹੈ ਕਿ 28 ਤੇ 29 ਜਨਵਰੀ ਦੀ ਰਾਤ ਨੂੰ ਇਹ ਖ਼ਬਰਾਂ ਆਈਆਂ ਸਨ ਕਿ ਡੇਰਾ ਨੂਰਮਹਿਲ ਦੇ ਮੁਖੀ ਆਸ਼ੂਤੋਸ਼ ਦੀ ਮੌਤ ਹੋ ਗਈ ਹੈ, ਪਰ ਮਗਰੋਂ ਡੇਰੇ ਵਾਲਿਆਂ ਨੇ ਇਹ ਦਾਅਵਾ ਕੀਤਾ ਸੀ ਕਿ ਆਸ਼ੂਤੋਸ਼ ‘ਸਮਾਧੀ’ ਵਿੱਚ ਹੈ ਤੇ ਇਸ ਦਾਅਵੇ ’ਤੇ ਉਹ ਅੱਜ ਵੀ ਕਾਇਮ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦਲੀਪ ਝਾਅ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਿਤਾ ਆਸ਼ੂਤੋਸ਼ ਪਹਿਲਾਂ ਕਦੇ ਵੀ ਸਮਾਧੀ ਵਿੱਚ ਨਹੀਂ ਸੀ ਗਏ। ਉਹ ਅਕਸਰ ਹੀ ਉਨ੍ਹਾਂ ਨਾਲ ਫੋਨ ‘ਤੇ ਰਾਬਤਾ ਰੱਖਦੇ ਸਨ, ਪਰ ਸਾਲ 2014 ’ਚ ਇਕ ਵਾਰ ਵੀ ਉਨ੍ਹਾਂ ਦੇ ਪਿਤਾ ਨੇ ਪਰਿਵਾਰ ਨਾਲ ਸੰਪਰਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਿਤਾ ਆਸ਼ੂਤੋਸ਼ ਦੀ ਮੌਤ ਸ਼ੱਕੀ ਲੱਗ ਰਹੀ ਹੈ ਅਤੇ ਇਹ ਸ਼ੱਕ ਉਦੋਂ ਯਕੀਨ ’ਚ ਬਦਲ ਗਿਆ ਜਦੋਂ ਡੇਰੇ ਨੇ ਆਸ਼ੂਤੋਸ਼ ਦੇ ਸਮਾਧੀ ’ਚ ਜਾਣ ਦੀ ਅਫਵਾਹ ਉਡਾ ਦਿੱਤੀ।

ਇਸ ਮੌਕੇ ਦਲੀਪ ਨੇ ਉਹ ਫੋਨ ਨੰਬਰ ਵੀ ਜਾਰੀ ਕੀਤਾ ਜਿਸ ’ਤੇ ਆਸ਼ੂਤੋਸ਼ ਪਰਿਵਾਰ ਨਾਲ ਸੰਪਰਕ ਕਰਦੇ ਸਨ। ਉਸ ਨੇ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਨਾਮ ਹਰੀਦੱਤ ਰੱਖਿਆ ਸੀ ਤੇ ਉਹ ਅਕਸਰ ਇਸੇ ਨਾਂ ਨਾਲ ਹੀ ਉਸ ਨੂੰ ਪੁਕਾਰਦੇ ਸਨ।

ਝਾਅ ਨੇ ਕਿਹਾ ਉਸ ਨੇ ਪਿਤਾ ਦੀ ਮ੍ਰਿਤਕ ਦੇਹ ਲੈਣ ਲਈ ਭੁੱਖ ਹੜਤਾਲ ਵੀ ਰੱਖੀ ਸੀ ਤੇ ਉਦੋਂ ਭਾਜਪਾ ਆਗੂ ਸੁਸ਼ੀਲ ਮੋਦੀ ਨੇ ਇਹ ਕਹਿ ਕੇ ਭੁੱਖ ਹੜਤਾਲ ਖਤਮ ਕਰਵਾਈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਮਾਮਲਾ ਹੱਲ ਕਰਵਾਉਣਗੇ।

ਉਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੋਂ ਵੀ ਆਪਣੇ ਪਿਤਾ ਦੀ ਮ੍ਰਿਤਕ ਦੇਹ ਦਿਵਾਉਣ ਦੀ ਮੰਗ ਕੀਤੀ ਸੀ। ਇਸ ਮੌਕੇ ਆਸ਼ੂਤੋਸ਼ ਦੇ ਸਾਬਕਾ ਡਰਾਈਵਰ ਪੂਰਨ ਸਿੰਘ ਨੇ ਦੋਸ਼ ਲਾਇਆ ਕਿ ਉਸ ਦੀ ਆਵਾਜ਼ ਬੰਦ ਕਰਨ ਲਈ ਡੇਰੇ ਵਾਲੇ ਉਸ ’ਤੇ ਕਈ ਹਮਲੇ ਕਰਵਾ ਚੁੱਕੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: