ਸਾਰੀ ਦੁਨੀਆਂ ਵਿੱਚ ਯਹੂਦੀਆਂ ਨੂੰ ਛੱਡ ਕੇ ਸ਼ਾਇਦ ਹੀ ਕੋਈ ਕੌਮ ਅਜਿਹੀ ਹੋਵੇ ਜਿਸ ਨੇ ਐਨੇ ਘੱਲੂਘਾਰੇ ਹੰਢਾਏ ਹੋਣ ਜਿੰਨੇ ਕਿ ਸਿੱਖਾਂ ਨੇ ਸੰਨ 1984 ਈ. ਵਿਚ ਬਲੂ ਸਟਾਰ ਨਾਂ ਹੇਠ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਸਮੇਤ ਦਰਜਨਾਂ ਹੋਰ ਸਿੱਖ ਧਾਰਮਿਕ ਅਸਥਾਨਾਂ ਉੱਤੇ ਭਾਰਤੀ ਫੌਜ ਦੁਆਰਾ ਕੀਤਾ ਗਿਆ ਹਮਲਾ ਸਿੱਖਾਂ ਲਈ ਵੀਹਵੀਂ ਸਦੀ ਦਾ ਵੱਡਾ ਘੱਲੂਘਾਰਾ ਕਿਹਾ ਜਾ ਸਕਦਾ ਹੈ। ਨਿਰਸੰਦੇਹ ਇਸ ਹਮਲੇ ਨਾਲ ਸਿੱਖਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੀ, ਪ੍ਰੰਤੂ ਸਿੱਖਾਂ ਦੀ ਆਪਣੀ ਲੀਡਰਸ਼ਿਪ ਨੇ ਵੀ ਇਸ ਘੱਲੂਘਾਰੇ ਕਾਰਨ ਹੋਏ ਜਾਨੀ, ਮਾਲੀ, ਮਾਨਸਿਕ ਅਤੇ ਸਮਾਜਿਕ ਨੁਕਸਾਨ ਦਾ ਲੋੜੀਂਦਾ ਵਿਸਤ੍ਰਿਤ ਲੇਖਾ-ਜੋਖਾ ਤਿਆਰ ਨਹੀਂ ਕੀਤਾ। ਅਜਿਹਾ ਕਿਉਂ ਨਹੀਂ ਕੀਤਾ ਗਿਆ ਇਹ ਇਕ ਅਲੱਗ ਖੋਜ ਦਾ ਵਿਸ਼ਾ ਹੈ। ਪ੍ਰੰਤੂ ਇਕ ਗੱਲ ਸਪੱਸ਼ਟ ਹੈ ਕਿ ਬਹੁਤੇ ਸਿੱਖ ਲੀਡਰਾਂ ਅਤੇ ਸਿੱਖ ਵਿਦਵਾਨਾਂ ਦੀ ਇਨ੍ਹਾਂ ਨੁਕਸਾਨਾਂ ਦੇ ਵੇਰਵੇ ਤਿਆਰ ਕਰਨ ਬਾਰੇ ਧਾਰੀ ਚੁੱਪ ਨੂੰ ਆਉਣ ਵਾਲੀਆਂ ਪੁਸ਼ਤਾਂ ਕਦੇ ਮੁਆਫ ਨਹੀਂ ਕਰਨਗੀਆਂ।
“ਬਲੂ ਸਟਾਰ ਉਪਰੇਸ਼ਨ” ਲਈ ਦੱਸੇ ਗਏ ਕਾਰਨ
ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਸਮੇਂ ਖਾੜਕੂ ਛੁਪੇ ਹੋਏ ਸਨ। ਜੇਕਰ ਸਰਕਾਰ ਦੀ ਇਸ ਗੱਲ ਨੂੰ ਮੰਨ ਵੀ ਲਿਆ ਜਾਵੇ ਤਾਂ ਵੀ ਇਸ ਹਮਲੇ ਦੀ ਕੋਈ ਲੋੜ ਨਹੀਂ ਸੀ। ਪਹਿਲੀ ਗੱਲ ਇਹ ਕਿ ਜੇ ਸਰਕਾਰ ਚਾਹੁੰਦੀ ਤਾਂ ਸਿੱਖਾਂ ਤੇ ਪੰਜਾਬ ਦੀਆਂ ਜਾਇਜ਼ ਮੰਗਾਂ ਨੂੰ ਮੰਨ ਕੇ ਇਸ ਅਣਚਾਹੇ ਤੇ ਗੈਰ-ਜਰੂਰੀ ਫੌਜੀ ਐਕਸ਼ਨ ਤੋਂ ਦੂਰ ਰਹਿ ਸਕਦੀ ਸੀ। ਦੂਜੀ ਗੱਲ ਇਹ ਕਿ ਜੇਕਰ ਦਰਬਾਰ ਸਾਹਿਬ ਵਿਚ ਕੁਝ ਅਜਿਹੇ ਲੋਕ ਛੁਪੇ ਹੋਏ ਵੀ ਸਨ ਤਾਂ ਉਨ੍ਹਾਂ ਨੂੰ ਬਾਹਰ ਕੱਢਣ ਵਾਸਤੇ ਸਰਕਾਰ ਦੁਆਰਾ ਧਰਮ-ਯੁੱਧ ਮੋਰਚੇ ਦੇ ਮੁੱਖ ਸੰਚਾਲਕਾਂ ਨੂੰ ਅਜਿਹਾ ਕਰਨ ਲਈ ਕਹਿਣਾ ਚਾਹੀਦਾ ਸੀ। ਜੇਕਰ ਧਰਮ-ਯੁੱਧ ਮੋਰਚੇ ਦੇ ਸੰਚਾਲਕ ਅਜਿਹਾ ਕਰਨ ਦੇ ਸਮਰੱਥ ਸਨ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਸ ਸਬੰਧੀ ਲੋੜੀਂਦੇ ਆਦੇਸ਼ ਦੇਣ ਲਈ ਬੇਨਤੀ ਕਰਨੀ ਚਾਹੀਦੀ ਸੀ। ਉਸ ਵੇਲੇ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਕੋਈ ਵੀ ਵਿਅਕਤੀ, ਭਾਵੇਂ ਉਹ ਕਿੰਨਾ ਵੀ ਵੱਡਾ ਸੀ, ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮ ਨੂੰ ਨਕਾਰ ਨਹੀਂ ਸੀ ਸਕਦਾ।
ਸਰਕਾਰ ਦੁਆਰਾ ਇਹ ਰਸਤਾ ਨਾ ਚੁਣਿਆ ਜਾਣਾ ਸਪਸ਼ਟ ਕਰਦਾ ਹੈ ਕਿ ਇਸ ਫੌਜੀ ਹਮਲੇ ਪਿਛੇ ਕੋਈ ਹੋਰ ਰਾਜਨੀਤਿਕ ਕਾਰਨ ਸਨ। ਤੀਜੀ ਗੱਲ ਇਹ ਕਿ ਜੇਕਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਕੁਝ ਖਾੜਕੂ ਛੁਪੇ ਹੋਏ ਸਨ ਤਾਂ ਕਈ ਦਰਜਨ ਹੋਰ ਸਿੱਖ ਧਾਰਮਿਕ ਅਸਥਾਨਾਂ ’ਤੇ ਹਮਲਾ ਕਿਉਂ ਕੀਤਾ ਗਿਆ। ਜੇ ਕਰ ਮੰਨ ਵੀ ਲਿਆ ਜਾਏ ਕਿ ਉਨ੍ਹਾਂ ਅਸਥਾਨਾਂ ਵਿਚੋਂ ਪੰਜ-ਚਾਰ ਵਿਚ ਦੋ-ਦੋ ਜਾਂ ਤਿੰਨ-ਤਿੰਨ ਅਜਿਹੇ ਵਿਅਕਤੀ ਰਹਿ ਰਹੇ ਸਨ ਜਿੰਨਾਂ ਵਿਰੁੱਧ ਕਈ ਕੇਸ ਦਰਜ ਸਨ ਤਾਂ ਵੀ ਦਰਜਨਾਂ ਧਾਰਮਿਕ ਅਸਥਾਨਾਂ ”ਤੇ ਫੌਜੀ ਹਮਲੇ ਦੀ ਲੋੜ ਸੀ? ਚੌਥੀ ਗੱਲ ਇਹ ਕਿ ਜੇਕਰ ਫੌਜੀ ਕਾਰਵਾਈ ਕਰਨੀ ਹੀ ਸੀ ਤਾਂ ਉਹ ਹੀ ਦਿਨ ਕਿਉਂ ਚੁਣਿਆ ਗਿਆ ਜਦੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸ਼ਰਧਾਲੂ-ਔਰਤਾਂ, ਬੱਚੇ, ਬੁੱਢੇ ਤੇ ਜਵਾਨ ਵੱਖ-ਵੱਖ ਗੁਰਦੁਆਰਿਆਂ ਵਿਚ ਇਕੱਤਰ ਹੋਏ ਸਨ। ਜੇਕਰ ਇਸ ਫੌਜੀ ਕਾਰਵਾਈ ਦਾ ਮੰਤਵ ਸਿਰਫ ਖਾੜਕੂਆਂ ਨੂੰ ਪਕੜਨਾ ਹੀ ਸੀ ਤਾਂ ਇਹ ਗੈਰ- ਜ਼ਰੂਰੀ ਫੌਜੀ ਹਮਲਾ ਗੁਰਪੂਰਬ ਨੂੰ ਛੱਡ ਕੇ ਕਿਸੇ ਵੀ ਹੋਰ ਦਿਨ ਕੀਤਾ ਜਾ ਸਕਦਾ ਸੀ।
ਕੁਝ ਹੋਰ ਮਹੱਤਵਪੂਰਨ ਤੱਥ
ਜਦੋਂ ਭਾਰਤੀ ਫੌਜ ਦਾ ਸਾਰੇ ਦਰਬਾਰ ਸਾਹਿਬ ਕੰਪਲੈਕਸ ”ਤੇ ਕਬਜ਼ਾ ਹੋ ਚੁੱਕਾ ਸੀ ਤਾਂ ਉਸ ਤੋਂ ਬਾਅਦ ਸਿੱਖ ਰੈਫਰੈਂਸ ਲਾਇਬ੍ਰੇਰੀ ਅੱਗ ਲੱਗਣ ਨਾਲ ਨਸ਼ਟ ਹੋਈ। ਸਰਕਾਰੀ ਪੱਖ ਵਲੋਂ ਕਿਹਾ ਗਿਆ ਕਿ ਖਾੜਕੂਆਂ ਵਲੋਂ ਗੋਲੀ ਚਲਾਉਣ ਨਾਲ ਇਹ ਅੱਗ ਲੱਗੀ। ਪੰ੍ਰਤੂ ਇਹ ਦਲੀਲ ਕੋਈ ਵਜਨ ਨਹੀਂ ਰੱਖਦੀ। ਜਦੋਂ ਫੌਜ ਨੇ ਸਾਰੇ ਖੇਤਰ ਉੱਤੇ ਕਬਜ਼ਾ ਕਰ ਲਿਆ ਸੀ ਤਾਂ ਇਹ ਸਰਕਾਰ ਦਾ ਫਰਜ਼ ਸੀ ਕਿ ਉਥੇ ਉਹ ਘੱਟੋ-ਘੱਟ ਇਤਿਹਾਸਕ ਮਹੱਤਤਾ ਵਾਲੀ ਹਰ ਚੀਜ਼ ਦੀ ਰੱਖਿਆ ਕਰਦੀ। ਪ੍ਰੰਤੂ ਅਜਿਹਾ ਨਹੀਂ ਕੀਤਾ ਗਿਆ। ਜੇਕਰ ਲਾਇਬ੍ਰੇਰੀ ਨੂੰ ਅੱਗ ਲੱਗ ਹੀ ਗਈ ਸੀ ਤਾਂ ਬਾਕੀ ਬਚੇ ਸਾਰੇ ਦਸਤਾਵੇਜ਼ਾਂ, ਖਰੜਿਆਂ ਤੇ ਕਿਤਾਬਾਂ ਨੂੰ ਕਿਉਂ ਗਾਇਬ ਕੀਤਾ ਗਿਆ? ਕੁਝ ਸਮਾਂ ਪਹਿਲਾਂ ਭਾਰਤ ਦੇ ਰੱਖਿਆ ਮੰਤਰੀ ਸ੍ਰੀ ਜਾਰਜ ਫਰਨਾਂਡੇਜ਼ ਨੇ ਕਿਹਾ ਸੀ ਕਿ ਇਸ ਲਾਇਬ੍ਰੇਰੀ ਦੀਆਂ ਪੁਸਤਕਾਂ ਤੇ ਖਰੜੇ ਕਿਸੇ ਕੇਂਦਰੀ ਏਜੰਸੀ ਦੇ ਕਬਜ਼ੇ ਵਿਚ ਹਨ।
ਇਸ ਫੌਜੀ ਕਾਰਵਾਈ ਦੌਰਾਨ ਦਰਬਾਰ ਸਾਹਿਬ ਦੇ ਅੰਦਰ ਤੇ ਬਾਹਰ ਵੱਡੇ ਪੱਧਰ ”ਤੇ ਲੁੱਟ-ਹੋਈ। ਜੂਨ 1984 ਵਿਖੇ ਫੌਜੀ ਹਮਲੇ ਤੋਂ ਬਾਅਦ ਅਖਬਾਰਾਂ ਵਿੱਚ ਖਬਰਾਂ ਆਈਆਂ ਕਿ ਦਰਬਾਰ ਸਾਹਿਬ ਕੰਪਲੈਕਸ ਵਿਚ ਲੰਗਰ ਦੇ ਬਰਤਨ ਵੀ ਗਾਇਬ ਸਨ। ਕਰਫਿਊ ਦੌਰਾਨ ਇਹ ਸਭ ਕੁਝ ਕਿਸ ਨੇ ਚੁਰਾਇਆ, ਇਸ ਬਾਰੇ ਲੋੜੀਂਦੀ ਛਾਣ-ਬੀਣ ਦੀ ਜ਼ਰੂਰਤ ਹੈ। ਇਸੇ ਪ੍ਰਕਾਰ ਜਿਹਨਾਂ ਨੇ ਦਰਬਾਰ ਸਾਹਿਬ ਦੇ ਨਾਲ ਲਗਦੇ ਭਾਗਾਂ ਵਿਚ ਲੁੱਟ-ਮਾਰ ਕੀਤੀ ਉਹਨਾਂ ਦੀ ਨਿਸ਼ਾਨ-ਦੇਹੀ ਵੀ ਕਰਨ ਦੀ ਲੋੜ ਹੈ।
ਹਿੰਦੁਸਤਾਨ ਦੇ ਇਤਿਹਾਸ ਵਿਚ ਤਾਂ ਕੀ ਇਹ ਸ਼ਾਇਦ ਸਾਰੇ ਏਸ਼ੀਆ ਦੇ ਇਤਿਹਾਸ ਵਿਚ ਪਹਿਲੀ ਮਿਸਾਲ ਸੀ ਕਿ ਪੰਜਾਹ ਹਜ਼ਾਰ ਵਰਗ ਕਿਲੋਮੀਟਰ ਤੋਂ ਵੱਧ ਖੇਤਰ ਵਿਚ ਕਰਫਿਊ ਲਗਾਇਆ ਗਿਆ। ਇਸ ਕਰਫਿਊ ਦੌਰਾਨ ਸਾਰੇ ਪੰਜਾਬ ਵਿਚ ਸੜਕਾਂ ਉੱਤੇ ਹਰ ਤਰ੍ਹਾਂ ਦੀ ਆਵਾਜਾਈ ’ਤੇ ਪਾਬੰਦੀ ਲਗਾਈ ਗਈ। ਇੱਥੋਂ ਤਕ ਕਿ ਸੜਕ ”ਤੇ ਸਾਈਕਲ ਉੱਤੇ ਜਾਂ ਪੈਦਲ ਜਾਣ ਦੀ ਵੀ ਮਨਾਹੀ ਕੀਤੀ ਗਈ। ਹੈਰਾਨੀ ਦੀ ਗੱਲ ਹੈ ਕਿ ਇੰਨੇ ਵੱਡੇ ਇਲਾਕੇ ਵਿਚ ਅਜਿਹਾ ਕਰਫਿਊ ਭਾਰਤ-ਪਾਕਿਸਤਾਨ ਅਤੇ ਭਾਰਤ-ਚੀਨ ਜੰਗਾਂ ਵੇਲੇ ਵੀ ਨਹੀਂ ਸੀ ਲਗਾਇਆ ਗਿਆ। ਭਾਵੇਂ ਇੰਨੇ ਵੱਡੇ ਖੇਤਰ ਵਿਚ ਕਰਫਿਊ ਲਾਉਣ ਦੀ ਲੋੜ ਨਹੀਂ ਸੀ ਪ੍ਰੰਤੂ ਜਿਸ ਰਾਜਨੀਤਿਕ ਮਨੋਰਥ ਦੀ ਪੂਰਤੀ ਲਈ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਗਿਆ ਸੀ ਉਸ ਦ੍ਰਿਸ਼ਟੀਕੋਣ ਤੋਂ ਇਹ ਕਰਫਿਊ ਜ਼ਰੂਰ ਲਾਭਦਾਇਕ ਸੀ। ਇਸ ਦੇ ਉਲਟ ਨਵੰਬਰ 1984 ਵਿਚ ਸਿੱਖਾਂ ਦੇ ਵਿਆਪਕ ਕਤਲੇਆਮ ’ਤੇ ਲੁੱਟ-ਮਾਰ ਸਮੇਂ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਲੋੜੀਂਦਾ ਕਰਫਿਊ ਨਾ ਲਗਾਇਆ ਜਾਣਾ ਉਸੇ ਰਾਜਨੀਤਕ ਉਦੇਸ਼ ਪ੍ਰਾਪਤੀ ਦਾ ਹਿੱਸਾ ਕਿਹਾ ਜਾ ਸਕਦਾ ਹੈ। ਇਸ ਗੱਲ ਦਾ ਇੱਕ ਹੋਰ ਪਰਮਾਣ ਇਹ ਹੈ ਕਿ ਜੂਨ 1984 ਦੇ ਕਰਫਿਊ ਦੌਰਾਨ ਵੀ ਲੋਕਾਂ ਨਾਲ ਪੱਖ-ਪਾਤ ਵਾਲਾ ਰਵੱਈਆ ਜਾਰੀ ਰਿਹਾ ਉਸ ਸਮੇਂ ਜਿਹੜੇ ਪੇਂਡੂ ਲੋਕਾਂ ਨੇ ਪਿੰਡਾਂ ਤੋਂ ਅੰਮ੍ਰਿਤਸਰ ਵਲ ਆਉਣ ਲਈ ਕਰਫਿਊ ਤੋੜਿਆ ਉਨ੍ਹਾਂ ”ਤੇ ਅੰਨ੍ਹੇਵਾਹ ਗੋਲੀ ਚਲਾਈ ਗਈ। ਇਸ ਦੇ ਉਲਟ ਜਿਹਨਾਂ ਲੋਕਾਂ ਨੇ ਕਰਫਿਊ ਦੌਰਾਨ ਅੰਮ੍ਰਿਤਸਰ ਵਿਚ ਲੱਡੂ ਵੰਡੇ ਉਹਨਾਂ ਦੁਆਰਾ ਕਰਫਿਊ ਤੋੜਨ ਨੂੰ ਗਲਤ ਵੀ ਨਾ ਕਿਹਾ ਗਿਆ।
“ਬਲੂ ਸਟਾਰ ਉਪਰੇਸ਼ਨ” ਤੋਂ ਇਕਦਮ ਬਾਅਦ ਦੇ ਦਿਨਾਂ ਦੀਆਂ ਮੁੱਖ ਘਟਨਾਵਾਂ ਇਸ ਫੌਜੀ ਹਮਲੇ ਦੀ ਕਾਰਵਾਈ “ਮੁਕੰਮਲ” ਹੋਣ ਉਪਰੰਤ ਭਾਰਤ ਦੀਆਂ ਲਗਭਗ ਸਾਰੀਆਂ ਮੁੱਖ ਰਾਜਨੀਤਿਕ ਪਾਰਟੀਆਂ ਇਸ ਫੌਜੀ ਕਾਰਵਾਈ ਦੀ ਪ੍ਰੋੜਤਾ ਕਰ ਰਹੀਆਂ ਸਨ। ਕਾਂਗਰਸ ਪਾਰਟੀ ਤਾਂ ਖੁਦ ਇਸ ਹਮਲੇ ਲਈ ਜ਼ਿੰਮੇਵਾਰ ਸੀ। ਪ੍ਰੰਤੂ ਦੂਜੀ ਵੱਡੀ ਪਾਰਟੀ ਬੀ.ਜੇ.ਪੀ. ਦੇ ਲੀਡਰ ਕੁਝ ਇਸ ਤਰ੍ਹਾਂ ਦੇ ਸ਼ਬਦ ਉਚਾਰ ਰਹੇ ਸਨ। “ਏਕ ਠੀਕ ਕਦਮ ਜੋ ਬਹੁਤ ਦੇਰ ਸੇ ਲੀਆ ਗਯਾ।” ਉਸ ਵੇਲੇ ਦੇ ਸਿੱਖ ਰਾਸ਼ਟਰਪਤੀ ਨੇ ਵੀ ਇਸ ਹਮਲੇ ਦੀ ਪ੍ਰੋੜਤਾ ਕੀਤੀ। ਭਾਰਤ ਦੇ ਕੇਵਲ ਕੁਝ ਇੱਕ ਲੀਡਰ ਹੀ ਅਜਿਹੇ ਸਨ ਜਿਨ੍ਹਾਂ ਨੇ ਫੌਜੀ ਕਾਰਵਾਈ ਦਾ ਵਿਰੋਧ ਕੀਤਾ ਸੀ।
ਜਿਸ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੇ ਗੋਲੀਆਂ ਨਾਲ ਢਹਿ-ਢੇਰੀ ਕੀਤਾ ਸੀ, ਉਸੇ ਸਰਕਾਰ ਨੇ ਇਸ ਦੀ ਦੁਬਾਰਾ ਉਸਾਰੀ ਕੀਤੀ ਜੋ ਸਿੱਖ ਰਵਾਇਤਾਂ ਦੇ ਵਿਰੁੱਧ ਸੀ। ਜੇਕਰ ਸਰਕਾਰ ਦੀ ਕੁਝ ਲੋਕਾਂ ਨੂੰ ਪਕੜਨ ਲਈ ਸ੍ਰੀ ਅਕਾਲ ਤਖਤ ਨੂੰ ਢਾਹੁਣ ਦੀ ਮਜਬੂਰੀ ਬਣ ਗਈ ਸੀ ਤਾਂ ਇਸ ਦੀ ਪੁਨਰ ਉਸਾਰੀ ਲਈ ਤਾਂ ਕੋਈ ਅਜਿਹੀ “ਮਜਬੂਰੀ” ਨਹੀਂ ਸੀ। ਅਜਿਹਾ ਸਭ ਕੁਝ ਕੀਤੇ ਜਾਣ ਦਾ ਇੱਕ ਉਦੇਸ਼ ਸੀ ਸਿੱਖ ਸਵੈਮਾਣ ਅਤੇ ਸਿੱਖ ਰਵਾਇਤਾਂ ਨੂੰ ਤਹਿਸ-ਨਹਿਸ ਕਰਨਾ।
ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਜੂਨ ਦੇ ਦੂਜੇ ਹਫਤੇ ਸਤਲੁਜ-ਜਮਨਾ ਲੰਿਕ ਨਹਿਰ ਦੀ ਖੁਦਾਈ ਵੀ ਸ਼ੁਰੂ ਕਰ ਦਿੱਤੀ ਗਈ ਸੀ। ਮੈਂ ਇੱਥੇ ਇਸ ਨਹਿਰ ਦੇ ਹੱਕ ਜਾਂ ਵਿਰੋਧ ਵਿਚ ਗੱਲ ਨਹੀਂ ਕਰ ਰਿਹਾ ਹਾਂ। ਇੱਥੇ ਮੇਰਾ ਮਤਲਬ ਇਹ ਹੈ ਕਿ ਜਦੋਂ ਪੰਜਾਬ ਭਰ ਵਿੱਚ ਇੰਨੀ ਵੱਡੀ ਫੌਜੀ ਕਾਰਵਾਈ ਅਜੇ ਮੁਕੰਮਲ ਹੀ ਹੋਈ ਹੋਵੇ, ਜਿਸ ਵਿਚ ਹਜ਼ਾਰਾਂ ਲੋਕ ਮਾਰੇ ਗਏ ਹੋਣ, ਤਾਂ ਉਸੇ ਵੇਲੇ ਬੇ-ਲੋੜੀ ਕਾਹਲ ਵਿੱਚ ਇਸ ਨਹਿਰ ਦੀ ਖੁਦਾਈ ਸ਼ੁਰੂ ਕੀਤੇ ਜਾਣਾ ਮਹੱਤਵਪੂਰਨ ਗੱਲ ਹੈ। ਇਹ ਗੱਲ ਕਹਿਣਾ ਕੋਈ ਅਤਿ-ਕਥਨੀ ਨਹੀਂ ਹੋਵੇਗਾ ਕਿ ਇਸ ਫੌਜੀ ਕਾਰਵਾਈ ਦਾ ਇੱਕ ਉਦੇਸ਼ ਇਸ ਨਹਿਰ ਦੇ ਤਿਆਰ ਕਰਨ ਲਈ ਰਾਹ ਸੌਖਾ ਕਰਨਾ ਵੀ ਸੀ।
ਕੁਝ ਸਿੱਟੇ
ਸੰਨ 1984 ਵਿਚ “ਬਲੂ ਸਟਾਰ ਉਪਰੇਸ਼ਨ” ਨਾਂ ਦੀ ਫੌਜੀ ਕਾਰਵਾਈ ਨੂੰ ਕਈ ਰਾਜਨੀਤਿਕ ਉਦੇਸ਼ਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਇੱਕ ਸੀ ਸਿੱਖਾਂ ਦੇ ਅਲੱਗ ਰਾਜਨੀਤਿਕ ਪ੍ਰਵਚਨ ਜਿਸ ਨੂੰ ਉਸ ਵੇਲੇ ਤਕ ਚੋਖੇ ਰੂਪ ਵਿੱਚ ਅਕਾਲੀ ਦਲ ਰੂਪਮਾਨ ਕਰਦਾ ਆ ਰਿਹਾ ਸੀ, ਨੂੰ ਅੱਗੇ ਵਧਣ ਤੋਂ ਰੋਕਣਾਂ। ਅਜਿਹਾ ਨਿਵੇਕਲਾ ਰਾਜਨੀਤਿਕ ਪ੍ਰਵਚਨ ਭਾਰਤੀ ਸ਼ਾਸਕ ਵਰਗ ਦੇ ਇਕਸਾਰੀਕਰਨ ਵਿਰੁੱਧ ਇੱਕ ਵੱਡੀ ਰੁਕਾਵਟ ਬਣ ਰਿਹਾ ਸੀ। ਇਸ ਫੌਜੀ ਕਾਰਵਾਈ ਦਾ ਦੂਜਾ ਮੰਤਵ ਸੀ ਦੇਸ਼ ਦੀ ਹਿੰਦੂ ਬਹੁਗਿਣਤੀ ਦਾ ਕਾਂਗਰਸ ਲਈ ਵੋਟ ਬੈਂਕ ਵਧਾਉਣਾ। ਤੀਜਾ ਕਾਰਨ ਸੀ ਹਿੰਦੂਤਵ ਨੂੰ ਅਪ੍ਰਤੱਖ ਰੂਪ ਵਿਚ ਤਕੜਾ ਕਰਨਾ ਜੋ ਬੀ.ਜੇ.ਪੀ. ਲਈ ਉਸ ਦੇ ਆਪਣੇ ਦ੍ਰਿਸ਼ਟੀਕੋਣ ਤੋਂ ਲਾਭਦਾਇਕ ਸੀ। ਇਸੇ ਕਾਰਨ ਬੀ.ਜੇ.ਪੀ. ਨੇ ਵੀ ਇਸ ਫੌਜੀ ਹਮਲੇ ਦੀ ਪੂਰੀ ਹਮਾਇਤ ਕੀਤੀ। ਇਸ ਫੌਜੀ ਕਾਰਵਾਈ ਪਿੱਛੇ ਚੌਥਾ ਕਾਰਨ ਸੀ ਪੰਜਾਬ ਦੇ ਕੁਦਰਤੀ ਸਾਧਨਾਂ ਬਾਰੇ ਅਕਾਲੀ ਦਲ ਨੂੰ ਉਦਾਸੀਨ ਬਣਾਉਣਾ। ਇਹਨਾਂ ਉਦੇਸ਼ਾਂ ਦੀ ਕਿੱਥੋਂ ਤਕ ਪੂਰਤੀ ਹੋਈ ਇਹ ਇੱਕ ਅਲੱਗ ਲੇਖ ਦਾ ਵਿਸ਼ਾ ਹੈ।
*ਉਪਰੋਕਤ ਲਿਖਤ ਪਹਿਲਾਂ 2 ਜੂਨ 2016 ਨੂੰ ਛਾਪੀ ਗਈ ਸੀ
-0-