ਕਿਸੇ ਵੀ ਇਨਕਲਾਬੀ ਕੌਮ ਵਾਂਗ ਸਿੱਖ ਕੌਮ ਦਾ ਵੀ ਰਾਤਾਂ ਨਾਲ ਡੂੰਘਾ ਰਿਸ਼ਤਾ ਹੈ। ਕਾਲੀਆਂ ਸਿਆਹ ਹਨੇ੍ਹਰੀਆਂ ਰਾਤਾਂ ਵਿਚ ਹੀ ਇਸ ਕੌਮ ਦੀਆਂ ਹੋਣੀਆਂ ਦੇ ਫੈਸਲੇ ਹੁੰਦੇ ਰਹੇ ਹਨ ਅਤੇ ਕਾਲੀਆਂ ਰਾਤਾਂ ਦੀ ਪੀੜ ਦੇ ਅਹਿਸਾਸ ਤੋਂ ਬਾਅਦ ਹੀ ਕੌਮ ਦਾ ਸੂਰਜ ਫਿਰ ਵਕਤ ਦੇ ਅੰਬਰਾਂ ਉੱਤੇ ਸੱਚ ਦਾ ਪਰਚਮ ਬਣਕੇ ਝੁੱਲਦਾ ਰਿਹਾ ਹੈ। ਗੁਰੂ ਨਾਨਕ ਜੀ ਦੀਆਂ ਉਦਾਸੀਆਂ ਵੇਲੇ ਰਾਤਾਂ ਦੀ ਰੂਹਾਨੀ ਚੁੱਪ ਵਿਚ ਇਸ ਕੌਮ ਦੀ ਹੋਣੀ ਦੇ ਨਕਸ਼ ਘੜ੍ਹੇ ਗਏ ਅਤੇ ਇਸ ਦੀ ਰੂਹਾਨੀ ਫਲਾਸਫੀ ਦੇ ਬੀਜ ਬੀਜੇ ਗਏ। ਅਜਿਹੀ ਹੀ ਕਿਸੇ ਕਾਲੀ ਰਾਤ ਵੇਲੇ ਕੌਮ ਦੇ ਚੜ੍ਹਦੇ ਸੂਰਜ ਨੂੰ ਕਤਲ ਕਰਨ ਲਈ ਜਹਾਂਗੀਰ ਦੇ ਮਹਿਲਾਂ ’ਚ ਇਕ ਸੁਚੇਤ ਸਾਜ਼ਿਸ਼ ਬੁਣੀ ਗਈ। ਇਕ ਹੋਰ ਕਾਲੀ ਰਾਤ ਵੇਲੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਅਂੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਚਮਕੌਰ ਸਾਹਿਬ ਦੀ ਭਿਆਨਕ ਜੰਗ ਵਿਚੋਂ ਵੀ ਆਪ ਰਾਤ ਦੀ ਰੂਹਾਨੀ ਚੁੱਪ ਨੂੰ ਤੋੜਦਿਆਂ ਨਿਕਲ ਗਏ ਅਤੇ ਉਸੇ ਰੂਹਾਨੀਅਤ ਦੇ ਵੇਗ ਵਿਚੋਂ ਹੀ ਮਿੱਤਰ ਪਿਆਰੇ ਨੂੰ… ਦੀ ਮਹਾਨ ਫਿਲਾਸਫੀ ਦਾ ਜਨਮ ਹੋਇਆ। ਇਨ੍ਹਾਂ ਹੀ ਦਿਨਾਂ ਵਿਚ ਇਕ ਹੋਰ ਕਕਰੀਲੀ ਭਿਆਨਕ ਰਾਤ ਨੂੰ ਮਾਂ ਗੁਜਰ ਕੌਰ ਦੋ ਛੋਟੀਆਂ-ਛੋਟੀਆਂ ਮਲੂਕ ਜਿੰਦਾ ਨੂੰ ਸਿੱਖ ਇਨਕਲਾਬ ਦੀ ਸਪਿਰਟ ਨਾਲ ਭਰਪੂਰ ਕਰਦੀ ਰਹੀ। ਰਾਤਾਂ ਦੀ ਭਿਆਨਕਤਾ ਨਾਲ ਲੜਦੇ ਰਹੇ ਖਾਲਸਾ ਪੰਥ ਨੇ ਆਪਣੀ ਰੂਹਾਨੀ ਉੱਚਤਾ ਅਤੇ ਨੈਤਿਕ ਚਰਿੱਤਰ ਦੇ ਬਲ ਉਤੇ ਕੌਮ ਦੇ ਵੇਹੜਿਆਂ ਵਿਚ ਖੁਸ਼ੀਆਂ ਦਾ ਚਾਨਣ ਵੀ ਬਖੇਰਿਆ। ਜਦੋਂ ਛੋਟੀਆਂ-ਛੋਟੀਆਂ ਮਾਸੂਮ ਜਿੰਦਾ ਤਕ ਨੂੰ ਸ਼ਹੀਦ ਕਰਕੇ ਮੁਗਲੀਆ ਸਲਤਨਤ ਸੂਰਜ ਨੂੰ ਕਤਲ ਕਰਨ ਦੇ ਜਸ਼ਨ ਮਨਾ ਰਹੀ ਸੀ ਉਸ ਵੇਲੇ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿਚ ਕੌਮੀ ਸੱਚ ਦਾ ਚਾਨਣ ਵਾਹੋ ਦਾਹੀ ਸਿੱਖ ਕੌਮ ਦੇ ਵਿਹੜਿਆਂ ਵਿਚ ਲੋਅ ਖਿਲਾਰ ਰਿਹਾ ਸੀ।
ਹਜ਼ਾਰਾਂ ਲੱਖਾਂ ਵਾਰ ਕੌਮ ਦੋਖੀ ਤਾਕਤਾਂ ਨੇ ਸੋਚ ਦੇ ਇਸ ਪੰਥਕ ਸੂਰਜ ਨੂੰ ਕਤਲ ਕਰਕੇ ਪੰਥ ਦੇ ਵਿਹੜਿਆਂ ਵਿਚ ਹਨੇ੍ਹਰਾ ਕਰਨ ਦਾ ਯਤਨ ਕੀਤਾ ਤੇ ਹਰ ਵਾਰ ਹੀ ਹਨ੍ਹੇਰੇ ਦੀਆਂ ਹਮਜੋਲੀ ਤਾਕਤਾਂ ਨੂੰ ਸੱਚ ਦੇ ਸੂਰਜ ਸਾਹਵੇਂ ਨਿਵਣਾ ਪਿਆ ਹੈ। ਜਹਾਂਗੀਰ, ਔਰੰਗਜ਼ੇਬ, ਅਬਦਾਲੀਆਂ ਅਤੇ ਨਾਦਰਾਂ, ਦੁਰਾਨੀਆਂ ਤੋਂ ਚਲੀ ਆਉਂਦੀ ਇਤਿਹਾਸਕ ਰਵਾਇਤ ਮੂਲ ਬਿਪਰਧਾਰਾ ਦੇ ਵਾਰਸਾਂ ਨੇ ਸੰਭਾਲ ਲਈ ਸੀ। ਅਸਲ ਵਿਚ ਸਿੱਖ ਕੌਮ ਨਾਲ ਬਿਪਰਧਾਰਾ ਦੀ ਨਫਰਤ ਅਤੇ ਦੁਸ਼ਮਣੀ ਦੀ ਨੀਂਹ ਉਸੇ ਦਿਨ ਹੀ ਰੱਖੀ ਗਈ ਸੀ ਜਿਸ ਦਿਨ ਗੁਰੂ ਨਾਨਕ ਜੀ ਨੇ ਭਰੀ ਸਭਾ ਵਿਚ ਜਨੇਊ ਪਾਉਣ ਤੋਂ ਇਨਕਾਰ ਕਰਕੇ ਬਿਪਰਧਾਰਾ ਦੀ ਸੋਚ ਨੂੰ ਆਪਣੇ ਫਲਸਫੇ ਦੇ ਇਕ ਵਾਰ ਨਾਲ ਤਾਰ-ਤਾਰ ਕਰ ਦਿੱਤਾ ਸੀ। ਸਦੀਆਂ ਤੋਂ ਪੱਥਰਾਂ ਨੂੰ ਪੂਜਦੀ ਆ ਰਹੀ ਇਸ ਧਾਰਾ ਨੂੰ ਕਿਸੇ ਨੇ ਪਹਿਲੀ ਵਾਰ ਆਪਣੀ ਸੋਚ ਨਾਲ ਪਹਿਲੀ ਵਾਰ ਪੱਥਰ ਕੀਤਾ ਸੀ। ਝੂਠ, ਬਦਮਾਸ਼ੀ ਅਤੇ ਕਪਟ ਦੇ ਆਸਰੇ ਖੜ੍ਹੇ ਬਿਪਰਧਾਰਾ ਦੇ ਵਿਸ਼ਾਲ ਮਹੱਲ ਨੂੰ ਜਦੋਂ ਬਾਬਾ ਨਾਨਕ ਜੀ ਨੇ ‘ਦਇਆ ਸੰਤੋਖ’, ਜਤ ਅਤੇ ਸਤ ਦਾ ਪਾਠ ਪੜ੍ਹਾਇਆ ਤਾਂ ਸਿਧਾਂਤਕ ਤੌਰ ’ਤੇ ਉਸ ਦਿਨ ਪਹਿਲੀ ਵਾਰ ਬਿਪਰਧਾਰਾ ਦੇ ਮਹੱਲ ਦੀਆਂ ਨੀਹਾਂ ਧੁਰ ਡੂੰਘਾਈ ਤਕ ਹਿਲ ਗਈਆਂ ਸਨ। ਪਹਿਲੀ ਵਾਰ ਉਸ ਨੂੰ ਕਿਸੇ ਨੇ ਭਰੀ ਸਭਾ ਵਿਚ ਗਲਾਮੇਂ ਤੋਂ ਫੜ ਕੇ ਝੰਜੋੜਿਆ ਸੀ। ਬਿਪਰਧਾਰਾ ਦੀ ਸਿੱਖ ਕੌਮ ਨਾਲ ਦੁਸ਼ਮਣੀ ਦੀ ਅਸਲ ਨੀਂਹ ਇਨ੍ਹਾਂ ਪਲਾਂ ਵਿਚ ਹੀ ਰੱਖੀ ਗਈ। ਕਾਸ਼..! ਉਸ ਵੇਲੇ ਦਾ ਕੋਈ ਇਤਿਹਾਸਕਾਰ ਉਨ੍ਹਾਂ ਮਹਾਨ ਇਨਕਲਾਬੀ ਪਲਾਂ ਨੂੰ ਉਸ ਦੀ ਸੁੱਚੀ ਭਾਵਨਾ ਤਹਿਤ ਸਿੱਖ ਕੌਮ ਅੱਗੇ ਪੇਸ਼ ਕਰਨ ਦਾ ਮਹਾਨ ਕਾਰਜ ਕਰ ਲੈਂਦਾ ਤਾਂ ਲੰਬੇ ਸਮੇਂ ਤਕ ਸਿੱਖ ਕੌਮ ਨੂੰ ਆਪਣੇ ਦੋਸਤਾਂ ਅਤੇ ਦੁਸ਼ਮਣਾ ਬਾਰੇ ਵੱਡਾ ਭੁਲੇਖਾ ਨਾ ਪੈਂਦਾ।
ਖੈਰ, ਉਨ੍ਹਾਂ ਮਹਾਨ ਪਲਾਂ ਵਿਚ ਗੁਰੂ ਨਾਨਕ ਜੀ ਵਲੋਂ ਰੂਹਾਨੀ ਸੱਚ ਦਾ ਜੋ ਮਹਾਨ ਕਾਰਜ ਕੀਤਾ ਗਿਆ ਉਹ ਸਿੱਖ ਪੰਥ ਵਿਚ ਦੀ ਅੱਡਰੀ ਹਸਤੀ ਦਾ ਇਤਿਹਾਸਕ ਸੱਚ ਹੋ ਨਿਬੜਿਆ। ਉਨ੍ਹਾਂ ਪਲਾਂ ਦੌਰਾਨ ਬਿਪਰਧਾਰਾ ਨੇ ਸਿੱਖ ਕੌਮ ਪ੍ਰਤੀ ਜੋ ਦੋਹਰੀ ਨਫਰਤ ਆਪਣੇ ਸੀਨੇ ਵਿਚ ਪਾਲੀ ਵਕਤ-ਬ-ਵਕਤ ਉਸ ਦਾ ਨਿਕਾਸ ਬਿਪਰਧਾਰਾ ਦੀ ਸਪੱਸ਼ਟ ਦੁਸ਼ਮਣੀ ਵਜੋਂ ਹੁੰਦਾ ਰਿਹਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਮਾਸੂਮ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਅਤੇ ਸ਼ਹੀਦੀ ਵੇਲੇ ਨਫਰਤ ਦਾ ਇਹ ਉਬਾਲ ਜਵਾਲਾਮੁਖੀ ਵਾਂਗ ਬਾਹਰ ਨਿਕਲਿਆ। ਬਿਪਰਧਾਰਾ ਵਿਰੁੱਧ ਪੰਥ ਦੀ ਆਵਾਜ਼ ਬਣਨ ਵਾਲੀ ਹਰ ਧਿਰ ਦਾ ਖਾਤਮਾ ਇਸ ਦੀ ਇਤਿਹਾਸਕ ਲੋੜ ਅਤੇ ਮਜਬੂਰੀ ਬਣ ਗਿਆ। ਜਦੋਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਪੰਥਕ ਰਵਾਇਤਾਂ ਅਤੇ ਖਾਲਸਾਈ ਉਤਸ਼ਾਹ ਦੇ ਧੌਂਸੇ ਗਜਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਉਸ ਵੇਲੇ ਵੀ ਸਭ ਤੋਂ ਵੱਡਾ ਵਿਰੋਧ ਬਿਪਰਧਾਰਾ ਦੇ ਪੈਰੋਕਾਰਾਂ ਵਲੋਂ ਹੀ ਹੋਇਆ।
ਗੁਰੂ ਨਾਨਕ ਜੀ ਵਲੋਂ ਇਸ ਧਾਰਾ ਤੋਂ ਕੀਤੇ ਸਪੱਸ਼ਟ ਤੋੜ ਵਿਛੋੜੇ ਵੇਲੇ ਦੋਹਾਂ ਧਿਰਾਂ ਵਿਚ ਪਈ ਦੁਸ਼ਮਣੀ ਸਦੀਆਂ ਤਕ ਨਾਲ ਤੁਰਦੀ ਰਹੀ, ਜਿਨ੍ਹਾਂ ਸਮਿਆਂ ਵਿਚ ਪੰਥ ਖਾਲਸਾ ਅੰਮ੍ਰਿਤ ਦੀ ਸਪਿਰਟ ਅਤੇ ਸ਼ਕਤੀ ਤੋਂ ਆਤਮਕ ਬਲ ਲੈਂਦਿਆਂ ਹੋਇਆ ਦਿੱਲੀ ਤੋਂ ਦਰ੍ਹਾ ਖੈਬਰ ਤਕ ਆਪਣੀਆਂ ਜਿੱਤਾਂ ਦੇ ਖਾਲਾਸਾਈ ਨਿਸ਼ਾਨ ਝੁਲਾ ਰਿਹਾ ਸੀ ਉਸ ਵੇਲੇ ਵੀ ਬਿਪਰਧਾਰਾ ਦਾ ਲੁਕਵਾਂ ਹਮਲਾ ਪੰਥ ਦੀ ਆਤਮਿਕ ਸ਼ਕਤੀ ਨੂੰ ਖੋਰ ਦੇਣ ਲਈ ਆਪਣੇ ਪੂਰੇ ਤੇਜ਼ ਨਾਲ ਹੋ ਰਿਹਾ ਸੀ। ਜਦੋਂ ਬਿਪਰਧਾਰਾ ਖਾਲਸਾਈ ਵਿਚਾਰਧਾਰਾ ਦਾ ਸਪੱਸ਼ਟ ਸਾਹਮਣਾ ਕਰਨ ਤੋਂ ਸਮਰੱਥ ਨਹੀਂ ਹੁੰਦੀ ਉਦੋਂ ਉਹ ਆਪਣੀਆਂ ਫੌਜਾਂ ਨੂੰ ਪਿਛੇ ਮੋੜ ਕੇ ਕੌਮ ਉਤੇ ਅੰਦਰੂਨੀ ਹਮਲਾ ਵਿੱਢ ਦੇਂਦੀ ਰਹੀ ਹੈ। ਅੰਦਰੂਨੀ ਹਮਲਿਆਂ ਰਾਹੀਂ ਸਿੱਖ ਕੌਮ ਦੇ ਇਨਕਲਾਬੀ ਤੱਤ ਨੂੰ ਖੋਰਨ ਦੀ ਇਸ ਦੀ ਸਮਰੱਥਾ ਅਤੇ ਸਹਿਣਸ਼ੀਲਤਾ ਕਾਫੀ ਉੱਚ ਪਾਏ ਦੀ ਹੈ। ਸਿੱਧੇ ਹਮਲੇ ਨਾਲੋਂ ਲੁਕਵੇਂ ਹਮਲੇ ਰਾਹੀਂ ਪੰਥ ਦੀ ਵਿਲੱਖਣਤਾ ਨੂੰ ਖੋਰਨਾ ਇਸ ਦੀ ਵਿਸ਼ੇਸ਼ਤਾ ਰਹੀ ਹੈ। ਵੀਹਵੀਂ ਸਦੀ ਵਿਚ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿਚ ਸਿੱਖਾਂ ਦੀ ਪੰਥਕ ਭੂਮਿਕਾ ਨੂੰ ਜਿਸ ਸ਼ਤਰਾਨਾ ਢੰਗ ਨਾਲ ਗਾਂਧੀ ਨੇ ਮੁਲਕ ਦੀ ਆਜ਼ਾਦੀ ਨਾਲ ਜੋੜਿਆ ਉਹ ਸਭ ਦੇ ਸਾਹਮਣੇ ਹੈ। ਲੁਕਵੇਂ ਵਾਰ ਨਾਲ ਪੰਥ ਦੇ ਜਜ਼ਬਿਆਂ ਨੂੰ ਹਿੰਦੂ ਬਿਪਰਧਾਰਾ ਦੇ ਸਮੁੰਦਰ ਵਿਚ ਰੋੜ ਦੇਣ ਦੀ ਇਹ ਕਿਿਰਆ ਇਨ੍ਹਾਂ ਦੀ ਪ੍ਰਾਪਤੀ ਰਹੀ ਹੈ।
ਸਿੱਖ ਵਿਚਾਰਧਾਰਾ ਦੇ ਨਾਲ ਨਾਲ ਸਿੱਖ ਕੌਮ ਦੀ ਸ਼ਰਧਾ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਹਰ ਸੱਤਾਵਾਨ ਲਈ ਵੱਡੇ ਡਰ ਅਤੇ ਭੈਅ ਦਾ ਕੇਂਦਰ ਰਿਹਾ ਹੈ। ਭਾਵੇਂ ਉਹ ਅਹਿਮਦਸ਼ਾਹ ਅਬਦਾਲੀ ਹੋਵੇ ਜਾਂ ਨਾਦਰਸ਼ਾਹ ਜਾਂ ਫਿਰ ਬਿਪਰਧਾਰਾ ਦੇ ਅਜੋਕੇ ਪੈਰੋਕਾਰ, ਸਾਰਿਆਂ ਲਈ ਸ੍ਰੀ ਹਰਿਮੰਦਰ ਸਾਹਿਬ ਦੀ ਰੂਹਾਨੀਅਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੰਥਕ ਦ੍ਰਿੜ੍ਹਤਾ ਹਮੇਸ਼ਾ ਨਫਰਤ ਦਾ ਕੇਂਦਰ ਰਹੀ ਹੈ। ਇਸ ਨਫਰਤ ਦਾ ਵੱਡਾ ਕਾਰਨ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਹ ਵਿਚਾਰਧਾਰਾ ਹੈ ਜੋ ਸਮੁੱਚੀ ਮਨੁੱਖਤਾ ਨੂੰ ਬਰਾਬਰੀ ਅਤੇ ਸਾਂਝੀਵਾਲਤਾ ’ਤੇ ਅਧਾਰਤ ਇਕ ਨਵੇਂ ਸਮਾਜ ਵਜੋਂ ਵਿਕਸਿਤ ਕਰਨਾ ਚਾਹੁੰਦੀ ਹੈ। ਦਸ ਗੁਰੂ ਸਾਹਿਬਾਨਾਂ ਦਾ ਸਪੱਸ਼ਟ ਸੰਦੇਸ਼ ਹੀ ਮਨੁੱਖੀ ਬਰਾਬਰੀ ਅਤੇ ਲੁੱਟ-ਖਸੁੱਟ ਤੋਂ ਰਹਿਤ ਸਮਾਜ ਦੀ ਸਿਰਜਨਾ ਕਰਨਾ ਸੀ। ਲੁੱਟ-ਖਸੁੱਟ ’ਤੇ ਅਧਾਰਤ ਹਰ ਸਿਆਸੀ ਰਾਜ ਸ਼ਕਤੀ ਲਈ ਇਹ ਸੰਦੇਸ਼ ਮੌਤ ਤੋਂ ਵੀ ਵੱਡਾ ਸੀ। ਜੇ ਦਰਬਾਰ ਸਾਹਿਬ ਅੰਦਰ ਜਾਗਦੀ ਰੂਹਾਨੀ ਜੋਤ ਸ਼ਰਧਾਲੂਆਂ ਨੂੰ ਮਹਿਜ਼ ਆਪਣੇ ਮਨ ਅਤੇ ਆਤਮਾ ਦੀ ਸ਼ੁੱਧੀ ਦੀ ਹੀ ਪ੍ਰੇਰਨਾ ਦਿੰਦੀ ਹੁੰਦੀ ਤਾਂ ਕਿਸੇ ਵੀ ਹਾਕਮ ਲਈ ਇਹ ਇੰਨੀ ਵੱਡੀ ਚੁਣੌਤੀ ਨਾ ਬਣਦਾ। ਸਮੇਂ ਦੀਆਂ ਸਰਕਾਰਾਂ ਨੂੰ ਉਸ ਵਿਚਾਰਧਾਰਾ ਤੋਂ ਭੈਅ ਆਉਂਦਾ ਸੀ, ਜੋ ਇਸ ਰੂਹਾਨੀ ਕੇਂਦਰ ਤੋਂ ਸ਼ਰਧਾਲੂ ਲੈ ਕੇ ਜਾਂਦੇ ਸਨ। ਭਾਈਚਾਰੇ, ਬਰਾਬਰੀ ਅਤੇ ਸਾਂਝੀਵਾਲਤਾ ਦਾ ਸੰਦੇਸ਼ ਅਤੇ ਇਨ੍ਹਾਂ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਸਮਾਜੀ ਜੱਦੋ-ਜਹਿਦ ਦੀ ਜੋ ਪ੍ਰੇਰਨਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਤੋਂ ਮਿਲਦੀ ਹੈ ਉਹ ਹੀ ਸਮੇਂ ਦੀਆਂ ਸਰਕਾਰਾਂ ਲਈ ਭੈਅ ਦਾ ਕਾਰਨ ਬਣਦੀ ਰਹੀ ਹੈ। ਦਰਬਾਰ ਸਾਹਿਬ ਦਾ ਸਰੋਵਰ ਵੀ ਜੇ ਗੰਗਾ ਜਾਂ ਜਮਨਾ ਦੇ ਤੀਰਥ ਇਸ਼ਨਾਨਾਂ ਵਾਂਗ ਚੁੱਭੀਆਂ ਲਾਉਣ ਦੀ ਹੀ ਥਾਂ ਹੁੰਦੀ ਤਾਂ ਕਿਸੇ ਵੀ ਸਰਕਾਰ ਲਈ ਇਹ ਚੁਣੌਤੀ ਨਹੀਂ ਸੀ ਬਣਨਾ। ਜੇ ਗੰਗਾ ਦੀ ਟੁੱਭੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਵਿਚ ਕੋਈ ਇਨਕਲਾਬੀ ਫਰਕ ਸੀ ਤਾਂ ਹੀ ਅਹਿਮਦਸ਼ਾਹ ਅਬਦਾਲੀ ਤੋਂ ਲੈ ਕੇ ਇੰਦਰਾ ਗਾਂਧੀ ਤਕ ਹਰ ਹਾਕਮ ਨੇ ਇਸ ਮਹਾਨ ਕੇਂਦਰ ਨੂੰ ਤਹਿਸ-ਨਹਿਸ ਕਰਨ ਦਾ ਯਤਨ ਕੀਤਾ। ਅਸਲ ਵਿਚ ਸਮੁੱਚੀ ਸਿੱਖ ਕੌਮ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਨਾਲ ਜ਼ੁਲਮ, ਬੇਇਨਸਾਫੀ ਅਤੇ ਲੁੱਟ-ਖਸੁੱਟ ਵਿਰੁੱਧ ਜੂਝ ਮਰਨ ਦਾ ਆਤਮਿਕ ਬਲ ਮਿਲਦਾ ਰਿਹਾ ਹੈ ਤਾਂ ਹੀ ਸਿੰਘ ਹਜ਼ਾਰਾਂ ਮੀਲਾਂ ਦਾ ਪੈਂਡਾ ਕਰਕੇ ਰੇਗਿਸਤਾਨਾਂ ਨੂੰ ਚੀਰ ਕੇ ਹਜ਼ਾਰਾਂ ਦੁਸ਼ਵਾਰੀਆਂ ਨੂੰ ਸਹਿ ਕੇ ਵੀ ਇਸ ਮਹਾਨ ਕੇਂਦਰ ਦੇ ਦਰਸ਼ਨ ਇਸ਼ਨਾਨ ਲਈ ਆਉਂਦੇ ਹਨ। ਕੋਈ ਵੀ ਹਕੂਮਤ ਅਜਿਹੇ ਕਿਸੇ ਧਾਰਮਿਕ ਕੇਂਦਰ ਨੂੰ ਸਹਿਣ ਨਹੀਂ ਕਰ ਸਕਦੀ ਜੋ ਆਪਣੇ ਸ਼ਰਧਾਲੂਆਂ ਨੂੰ ਜ਼ੁਲਮ ਅਤੇ ਧੱਕੇਸ਼ਾਹੀ ਵਿਰੁੱਧ ਜੂਝਣ ਦੀ ਪ੍ਰੇਰਨਾ ਦਿੰਦਾ ਹੈ।
ਜਦੋਂ ਤਕ ਸਿੱਖ ਕੌਮ ਇਸ ਮਹਾਨ ਕੇਂਦਰ ਤੋਂ ਰੂਹਾਨੀ ਸ਼ਕਤੀ ਲੈ ਕੇ ਅੰਗਰੇਜ਼ਾਂ ਵਿਰੁੱਧ ਡੱਟਦੀ ਰਹੀ ਉਦੋਂ ਤਕ ਤਾਂ ਠੀਕ ਸੀ ਪਰ ਜਿਉਂ ਹੀ ਸੱਤਾ ਤਬਦੀਲੀ ਤੋਂ ਬਾਅਦ ਸਿੱਖਾਂ ਨੇ ਆਪਣੇ ਨਾਲ ਹੋਏ ਸ਼ਰੀਹਣ ਧੱਕੇ ਵਿਰੁੱਧ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰੇਰਣਾ ਲੈਣੀ ਆਰੰਭ ਕਰ ਦਿੱਤੀ ਉਦੋਂ ਹੀ ਇਹ ਫਿਰ ਨਵੇਂ ਹਾਕਮਾਂ ਦੀਆਂ ਅੱਖਾਂ ਵਿਚ ਰੜਕਣ ਲੱਗ ਪਿਆ।
ਬੇਸ਼ੱਕ ਲੰਮੇ ਸਮੇਂ ਤਕ ਬਿਪਰਧਾਰਾ ਦੇ ਨਵੇਂ ਵਾਰਸਾਂ ਨੇ ਅੰਗਰੇਜ਼ਾਂ ਦੀ ਨੀਤੀ ਉਤੇ ਚਲਦਿਆਂ ਇਸ ਕੇਂਦਰ ਉਤੇ ਆਪਣੇ ਖਾਸ ਬੰਦਿਆਂ ਦਾ ਕਬਜ਼ਾ ਕਰਵਾ ਕੇ ਸਿੱਖ ਵਿਚਾਰਧਾਰਾ ਦੇ ਇਨਕਲਾਬੀ ਤੱਤ ਨੂੰ ਤਬਾਹ ਕਰਨ ਦਾ ਯਤਨ ਜਾਰੀ ਰੱਖਿਆ ਪਰ ਸੰਤ ਜਰਨੈਲ ਸਿੰਘ ਜੀ ਦੀ ਪੰਥ ਦੇ ਸਿਆਸੀ ਮੰਚ ਉਤੇ ਹੋਈ ਆਮਦ ਨੇ ਬਿਪਰਧਾਰਾ ਦੀ ਇਹ ਸਾਜਿਸ਼ ਤਾਰ-ਤਾਰ ਕਰ ਦਿੱਤੀ। ਸਿੱਖ ਸਿਆਸਤ ਅਤੇ ਇਥੋਂ ਤਕ ਕਿ ਧਾਰਮਿਕ ਸਿੱਖ ਕੇਂਦਰਾਂ ਉਤੇ ਪਈ ਹੋਈ ਹਿੰਦੂਵਾਦੀ ਦ੍ਰਿਸ਼ਟੀਕੋਣ ਦੀ ਜਕੜ ਉਸ ਵਕਤ ਕੁਝ ਢਿੱਲੀ ਪੈਣੀ ਸ਼ੁਰੂ ਹੋਈ ਜਦੋਂ ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਹੇਠ ਸਿੱਖ ਸੰਘਰਸ਼ ਨੇ ਇਕ ਤਿੱਖਾ ਵਿਚਾਰਧਾਰਕ ਮੋੜਾ ਮੋੜਦਿਆਂ, ਪੰਥ ਦੀਆਂ ਇਨਕਲਾਬੀ ਰਵਾਇਤਾਂ ਨੂੰ ਮੁੜ ਤੋਂ ਉਜਾਗਰ ਕੀਤਾ। ਸੰਤ ਜਰਨੈਲ ਸਿੰਘ ਨੇ ਕੌਮ ਦੀ ਮਾਨਸਿਕਤਾ ਨੂੰ ਲੱਗੇ ਹੋਏ ਹਿੰਦੂ ਰਵਾਇਤਾਂ ਦੇ ਜੰਗਾਲ ਨੂੰ ਪੰਥਕ ਸੋਚ ਨਾਲ ਝਾੜਨ ਦੀ ਸੁਚਤੇ ਕੋਸ਼ਿਸ਼ ਕੀਤੀ। ਉਨ੍ਹਾਂ ਤੋਂ ਪਹਿਲਾਂ ਦੇ ਸਿੱਖ ਆਗੂ ਤਾਂ ਸਿੱਖ ਕੌਮ ਨੂੰ ਭਾਰਤੀ ਹਾਕਮਾਂ ਦੇ ਆਗਿਆਕਾਰ ਬਣਾਈ ਰੱਖਣ ਦੀਆਂ ਰਾਜਸੀ ਮਸ਼ਕਾਂ ਹੀ ਕਰਦੇ ਰਹੇ ਸਨ। ਅੱਜ ਵੀ ਕੌਮ ਦੇ ਆਗੂ ਬਣੇ ਹੋਏ ਲੋਕ ਆਪਣੀ ਸਾਰੀ ਸ਼ਕਤੀ ਹਿੰਦੂ ਹਾਕਮਾਂ ਦੀ ਚਾਕਰੀ ਵਿਚ ਲਗਾ ਰਹੇ ਹਨ। 1947 ਤੋਂ ਬਾਅਦ ਦੀ ਅਕਾਲੀ ਲੀਡਰਸ਼ਿਪ ਨੇ ਸਿੱਖਾਂ ਦੀਆਂ ਰੂਹਾਨੀ, ਸੱਭਿਆਚਾਰਕ ਅਤੇ ਸਿਆਸੀ ਕਾਮਨਾਵਾਂ ਨੂੰ ਮਹਿਜ਼ ਆਰਥਿਕ ਤਰੱਕੀ ਦੇ ਛਣਕਣੇ ਤਕ ਹੀ ਸੁੰਗੇੜ ਦਿੱਤਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕੌਮ ਦੀਆਂ ਇਨ੍ਹਾਂ ਇਛਾਵਾਂ ਦਾ ਸਹੀ ਅੰਦਾਜ਼ਾ ਲਾਉਂਦਿਆਂ ਆਪਣੀ ਦ੍ਰਿੜ ਵਿਚਾਰਧਾਰਕ ਲੀਹ ਪੇਸ਼ ਕੀਤੀ ਜਿਸ ਕਾਰਨ ਉਹ ਦਿਨਾਂ ਵਿਚ ਹੀ ਸਿੱਖ ਕੌਮ ਦੀ ਰੂਹਾਨੀ ਅਤੇ ਸਿਆਸੀ ਸੋਚ ਦਾ ਕੇਂਦਰ ਬਣ ਗਏ। ਸਿੱਖੀ ਦੀ ਆਤਮਾ ਨੂੰ ਲਗਾਏ ਗਏ ਸੋਕੜੇ ਨੇ ਸ਼ਾਇਦ ਸਭ ਤੋਂ ਵੱਧ ਸੰਤਾਂ ਨੂੰ ਹੀ ਦੁੱਖੀ ਕੀਤਾ ਇਸੇ ਲਈ ਉਨ੍ਹਾਂ ਨੇ ਕੌਮ ਨੂੰ ਆਰਥਿਕ ਤੌਰ ’ਤੇ ਖੁਸ਼ਹਾਲ ਹੋਣ ਦੇ ਨਾਲ ਨਾਲ ਰੂਹਾਨੀ ਕੰਗਾਲੀ ਵਿਚੋਂ ਕੱਢਣ ਦੇ ਯਤਨ ਤੇਜ਼ ਕੀਤੇ। ਕੌਮ ਦੇ ਵਿਹੜੇ ਵਿਚ ਪਸਰੀ ਵਿਚਾਰਧਾਰਕ ਵੀਰਾਨਗੀ, ਕੌਮ ਦੇ ਨੈਤਿਕ ਨਿਘਾਰ ਅਤੇ ਰੂਹਾਨੀ ਗੁਰਬਤ ਦੀਆਂ ਅਲਾਮਤਾਂ ਨੂੰ ਸੰਤ ਜਰਨੈਲ ਸਿੰਘ ਨੇ ਹੀ ਸਹੀ ਦਿਸ਼ਾਂ ਤੋਂ ਫੜਿਆ। ਝੂਠੇ ਜਿਹੇ ਹਰੇ ਇਨਕਲਾਬ ਦੀ ਖੁਸ਼ਹਾਲੀ ਨਾਲ ਮੁੱਛਾਂ ਮਰੋੜਦੀ ਸਿੱਖ ਕੌਮ ਦੀ ਮੁਰਝਾਉਂਦੀ ਜਾ ਰਹੀ ਰੂਹ ਨੂੰ ਸੰਤ ਜਰਨੈਲ ਸਿੰਘ ਨੇ ਆਪਣੀ ਵਿਲੱਖਣ ਵਿਚਾਰਧਾਰਾ ਨਾਲ ਮੁੜ ਜਿੰਦਾ ਕੀਤਾ ਤੇ ਕੌਮ ਵਿਚ ਇਹ ਅਹਿਸਾਸ ਪੈਦਾ ਕੀਤਾ ਕਿ ਮਹਿਜ਼ ਪੈਸੇ ਧੇਲੇ ਦੀ ਖੁਸ਼ਹਾਲੀ ਹੀ ਸਭ ਕੁਝ ਨਹੀਂ ਜੇ ਕੌਮ ਨੈਤਿਕ ਤੌਰ ’ਤੇ ਤਬਾਹ ਹੋ ਗਈ ਫਿਰ ਸਾਡੇ ਪੱਲੇ ਕੁਝ ਵੀ ਨਹੀਂ ਬਚੇਗਾ।
ਆਪਣੀਆਂ ਗਿਣਤੀਆਂ ਮਿਣਤੀਆਂ ਅਤੇ ਸਿਆਸੀ ਖੇਡਾਂ ਨੂੰ ਮਿਲੀ ਇਕ ਸਪੱਸ਼ਟ ਚੁਣੌਤੀ ਨੇ ਬਿਪਰਧਾਰਾ ਦੇ ਪੈਰੋਕਾਰਾਂ ਨੂੰ ਝੁੰਜਲਾ ਕੇ ਰੱਖ ਦਿੱਤਾ। ਸਮੁੱਚਾ ਸਰਕਾਰੀ ਤੰਤਰ, ਸਮੁੱਚੀ ਪ੍ਰੈਸ ਅਤੇ ਏਜੰਸੀਆਂ ਸਿੱਖ ਕੌਮ ਨੂੰ ਜਦੋਂ ਬਿਪਰਧਾਰਾ ਦੇ ਸਮੁੰਦਰ ਵਿਚ ਡੋਬ ਦੇਣ ਦੇ ਸੁਚੇਤ ਯਤਨ ਵਿਚ ਅੱਗੇ ਵਧ ਰਹੀਆਂ ਸਨ ਉਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਇਸ ਸਮੁੱਚੇ ਵਰਗ ਨੂੰ ਦਿੱਤੀ ਗਈ ਚੁਣੌਤੀ ਨਾ ਕੇਵਲ ਗੂੰਜਵੀਂ ਸੀ ਬਲਕਿ ਇਹ ਸਿੱਖ ਕੌਮ ਦੀਆਂ ਹੇਠਲੀਆਂ ਪਰਤਾਂ ਤਕ ਆਪਣਾ ਅਸਰ ਦਿਖਾ ਰਹੀ ਸੀ। ਜਿਸ ਕਾਰਨ ਸੰਤਾਂ ਦੀ ਅਗਵਾਈ ਹੇਠ ਜੁੜ ਰਿਹਾ ਸਿੱਖ ਕੌਮ ਦਾ ਕਾਫਲਾ ਨਾ ਕੇਵਲ ਦਿਨ ਪ੍ਰਤੀ ਦਿਨ ਵੱਡਾ ਹੁੰਦਾ ਗਿਆ ਬਲਕਿ ਇਸ ਕਾਫਲੇ ਵਿਚ ਸਿਰਲੱਥ ਮਰਜੀਵੜਿਆਂ ਦੀ ਗਿਣਤੀ ਵੀ ਵਧਦੀ ਗਈ। ਸੰਤ ਜਰਨੈਲ ਸਿੰਘ ਦੀ ਸਿਆਸੀ ਵਿਚਾਰਧਾਰਾ ਬਿਪਰ ਸੰਸਕਾਰਾਂ ਨੂੰ ਸਪੱਸ਼ਟ ਚੁਣੌਤੀ ਦਿੰਦੀ ਸੀ। ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਨਾਂਹ ਕਰਕੇ ਕੌਮ ਨੂੰ ਜਿਸ ਲੀਹ ਉਤੇ ਪਾਇਆ ਸੀ ਸੰਤਾਂ ਨੇ ਉਸ ਧੁੰਦਲੀ ਪੈ ਚੁੱਕੀ ਲੀਹ ਨੂੰ ਮੁੜ ਤੋਂ ਉਜਾਗਰ ਕੀਤਾ। ਸੱਤਾਧਾਰੀ ਤਾਕਤਾਂ ਨੂੰ ਜਦੋਂ ਮਹਿਸੂਸ ਹੋਇਆ ਕਿ ਸਿੱਖ ਕੌਮ ਨੂੰ ਆਤਮਕ ਤੌਰ ’ਤੇ ਧੁਆਂਖ ਦੇਣ ਦੇ ਉਨ੍ਹਾਂ ਦੇ ਯਤਨ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਤਾਂ ਉਨ੍ਹਾਂ ਲੁਕਵੇਂ ਹਮਲੇ ਤੋਂ ਮੋੜਾ ਕੱਟ ਕੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਅਣਗਿਣਤ ਫੌਜਾਂ, ਟੈਂਕਾਂ, ਤੋਪਾਂ ਅਤੇ ਕਮਾਂਡੋਆਂ ਨਾਲ ਖੂਨੀ ਹਮਲਾ ਵਿੱਢ ਦਿੱਤਾ ਉਸ ਵਿਚਾਰਧਾਰਾ ਨੂੰ ਖਤਮ ਕਰਨ ਲਈ ਜੋ ਸਿੱਖਾਂ ਨੂੰ ਜ਼ਬਰ ਤਾਕਤਾਂ ਵਿਰੁੱਧ ਜੂਝਣ ਦਾ ਰੂਹਾਨੀ ਸੰਦੇਸ਼ ਦਿੰਦੀ ਸੀ। ਬਿਪਰ ਵਿਚਾਰਧਾਰਾ ਅਤੇ ਖਾਲਸਾਈ ਵਿਚਾਰਧਾਰਾਵਾਂ ਦਰਮਿਆਨ ਛਿੜੀ ਇਸ ਜੰਗ ਵਿਚ ਜਿਥੇ ਇਕ ਪਾਸੇ ਕੂੜ ਦੀਆਂ ਤਾਕਤਾਂ ਆਪਣੇ ਬਾਹੂਬਲ ਨਾਲ ਮੈਦਾਨ ਵਿਚ ਸਨ ਉਥੇ ਦੂਜੇ ਪਾਸੇ ਤਲੀ ਉਤੇ ਸੀਸ ਲੈ ਕੇ ਵਿਚਰ ਰਹੇ ਖਾਲਸਾ ਪੰਥ ਦੇ ਮੁੱਠੀ ਭਰ ਅਨਮੋਲ ਹੀਰੇ ਗੁਰੂ ਸਾਹਿਬਾਂ ਦੀ ਰੂਹਾਨੀ ਵਿਚਾਰਧਾਰਾ ਦੇ ਤੇਜ਼ ਨਾਲ ਮੈਦਾਨ ਵਿਚ ਸ਼ਮਸ਼ੀਰਾਂ ਦੇ ਜ਼ੌਹਰ ਦਿਖਾ ਰਹੇ ਸਨ। ਇਤਿਹਾਸ ਦੀ ਇਸ ਬੇਜੋੜ ਲੜਾਈ ਵਿਚ ਪੰਥ ਖਾਲਸਾ ਨੇ ਆਪਣੀ ਨੈਤਿਕ ਉੱਤਮਤਾ ਦਾ ਲੋਹਾ ਮਨਵਾਇਆ। ਆਤਮਕ ਤੌਰ ’ਤੇ ਹਾਰੀਆਂ ਹੋਈਆਂ ਫੌਜਾਂ ਦੇ ਜਰਨੈਲਾਂ, ਸਿਧਾਂਤਕਾਰਾਂ ਅਤੇ ਪਿੱਠੂਆਂ ਨੇ ਬੇਸ਼ੱਕ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਲੜਦਿਆਂ ਸ਼ਹੀਦ ਹੋਏ ਸਿੰਘ ਸੂਰਮਿਆਂ ਬਾਰੇ ਅਸਲੋਂ ਹੀ ਨੀਵੀਆਂ ਅਤੇ ਕੰਗਾਲ ਅਫਵਾਹਾਂ ਫੈਲਾਉਣ ਦਾ ਯਤਨ ਕੀਤਾ ਪਰ ਸਿੱਖ ਯਾਦ ਵਿਚ ਉਨ੍ਹਾਂ ਦੀ ਥਾਂ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਵਿਚੋਂ ਮੁਗਲੀਆ ਸਲਤਨਤ ਨੂੰ ਲੜਾਈ ਦੇ ਰਹੇ ਸਿੰਘ ਸੂਰਮਿਆਂ ਜਿੰਨੀ ਹੀ ਬਲਵਾਨ ਅਤੇ ਸਤਿਕਾਰਤ ਹੈ।
ਜੂਨ 1984 ਵਿਚ ਵਾਪਰੇ ਤੀਜੇ ਘੱਲੂਘਾਰੇ ਨੂੰ ਵਾਪਰਿਆਂ ਅੱਜ ਦੋ ਦਹਾਕੇ ਬੀਤ ਗਏ ਹਨ। ਘੱਲੂਘਾਰੇ ਦੀ ਪੀੜ ਨਾਲ ਜ਼ਖਮੀ ਹੋਏ ਹਜ਼ਾਰਾਂ ਸਿੱਖ ਜੌਜਵਾਨ ਕੌਮ ਦੀ ਹੋਣੀ ਬਦਲਣ ਲਈ ਆਪਾ ਵਾਰ ਗਏ ਹਨ। ਵੀਹਵੀਂ ਸਦੀ ਦੇ ਆਖਰੀ ਦਹਾਕਿਆਂ ਵਿਚ ਕੌਮ ਨੇ ਇਕ ਵਾਰ ਫਿਰ ਮੁਗਲੀਆ ਸਲਤਨਤ ਦੇ ਜ਼ੁਲਮਾਂ ਨੂੰ ਪਿੰਡੇ ’ਤੇ ਹੰਢਾਇਆ ਹੈ। ਅਣਗਿਣਤ ਸਿੱਖ ਨੌਜਵਾਨ ਗੁੰਮਨਾਮੀ ਦੀ ਜ਼ਿੰਦਗੀ ਵਿਚ ਵਿਚਰਦਿਆਂ ਹੋਇਆਂ ਹੀ ਕੌਮ ਦੀ ਝੋਲੀ ਵਿਚ ਮਹਾਨ ਇਤਿਹਾਸਕ ਕਾਰਵਾਈਆਂ ਪਾ ਗਏ ਹਨ। ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਕੇਹਰ ਸਿੰਘ, ਸ਼ਹੀਦ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਸੁਖਦੇਵ ਸਿੰਘ ਸੁੱਖਾ ਨੇ ਕੌਮ ਦੀ ਇਕ ਅਣਖੀਲੀ ਪੀੜ੍ਹੀ ਦੀ ਅਗਵਾਈ ਕੀਤੀ ਹੈ। ਆਪਣੇ ਨੈਤਿਕ ਬਲ ਦੇ ਸਹਾਰੇ ਇਨ੍ਹਾਂ ਸ਼ਹੀਦਾਂ ਨੇ ਵਿਰੋਧੀ ਸਫਾਂ ਵਿਚ ਵੀ ਆਪਣੀ ਧਾਂਕ ਜਮਾਈ ਹੈ। ਖਾਲਸਾਈ ਰਵਾਇਤਾਂ ਦੇ ਇਸ ਵੇਗ ਵਿਚ ਅਣਗਿਣਤ ਬਾਪੂਆਂ ਦੀ ਦਾਹੜੀ ਅਤੇ ਪੱਗ ਹਕੂਮਤੀ ਤਸੀਹਾ ਕੇਂਦਰਾਂ ਵਿਚ ਰੋਲੀ ਗਈ, ਹਜ਼ਾਰਾਂ ਧੀਆਂ ਅਤੇ ਮਾਵਾਂ ਦੀ ਚੀਕ ਅਜਿਹੇ ਕੇਂਦਰਾਂ ਵਿਚ ਦਮ ਤੋੜਦੀ ਰਹੀ। ਸ਼ਹੀਦ ਆਪਣੀ ਜ਼ਿੰਮੇਵਾਰੀ ਨਿਭਾ ਕੇ ਅਗਲੇ ਜਹਾਨ ਵਿਚ ਜਾ ਬਿਰਾਜੇ ਹਨ ਪਿਛੇ ਕੌਮ ਦੇ ਮੋਢਿਆਂ ਉਤੇ ਇਕ ਵੱਡੀ ਜ਼ਿੰਮੇਵਾਰੀ ਛੱਡ ਗਏ ਹਨ। ਅੱਜ ਸ਼ਹੀਦ ਨੌਜਵਾਨਾਂ ਦੀਆਂ ਰੂਹਾਂ ਸਾਡੇ ਅੰਗ-ਸੰਗ ਹਨ, ਉਨ੍ਹਾਂ ਦੇ ਸੁਪਨੇ ਉਨ੍ਹਾਂ ਦੀਆਂ ਰੀਝਾਂ, ਉਨ੍ਹਾਂ ਦੀ ਤੜਪ ਕੌਮ ਦੀ ਖਾਮੋਸ਼ੀ ਵਿਚ ਬਿਰਾਜਮਾਨ ਹੈ। ਸਿੱਖ ਕੌਮ ਉਸ ਖਾਮੋਸ਼ ਤੜਪ ਦਾ ਇਜ਼ਹਾਰ ਵਕਤ-ਬ-ਵਕਤ ਕਰਦੀ ਰਹਿੰਦੀ ਹੈ। ਪਰ ਫਿਰ ਵੀ ਕੋਈ ਰਾਹ ਸਿਰਾ ਦਿਸਦਾ ਨਜ਼ਰ ਨਹੀਂ ਆਉਂਦਾ। ਜ਼ੁਲਮੋਂ-ਸਿਤਮ ਅਤੇ ਆਤਮਿਕ ਕਸ਼ਟਾਂ ਦੀ ਇਹ ਰਾਤ ਹਾਲੇ ਮੁੱਕਦੀ ਪ੍ਰਤੀਤ ਨਹੀਂ ਹੁੰਦੀ। ਜ਼ੁਲਮੋਂ-ਤਸ਼ੱਦਦ ਦੀ ਭੱਠੀ ਵਿਚ ਤਪੀ ਕੌਮ ਵਿਚ ਤੜਪ ਨੂੰ ਲੈ ਕੇ ਜੀਅ ਰਹੀ ਹੈ। ਖਾੜਕੂ ਸੰਘਰਸ਼ ਦੀਆਂ ਗਲਤੀਆਂ ਵੀ ਇਸ ਕਾਫਲੇ ਵਿਚ ਵਿਚਰੇ ਵੀਰਾਂ ਨੂੰ ਤੰਗ ਕਰ ਰਹੀਆਂ ਹਨ। ਸਿਆਸੀ ਮੁਹਾਜ਼ ’ਤੇ ਹੋਈ ਅਸਫਲਤਾ ਨੇ ਬਾਜ਼ੀ ਪਲਟ ਦਿੱਤੀ ਹੈ।
ਵਰਤਮਾਨ ਸਮੇਂ ਦਾ ਸੱਚ ਇਕ ਬੌਧਿਕ ਅਤੇ ਵਿਚਾਰਧਾਰਕ ਸੰਘਰਸ਼ ਦੀ ਮੰਗ ਕਰਦਾ ਹੈ। ਅੱਜ ਵੀ ਬਿਪਰਧਾਰਾ ਆਪਣੀ ਲੁਕਵੀਂ ਲੜਾਈ ਦੇ ਸਾਰੇ ਹਥਿਆਰ ਤਿੱਖੇ ਕਰਕੇ ਮੈਦਾਨ ਵਿਚ ਨਿੱਤਰੀ ਹੋਈ ਹੈ। ਅੱਜ ਫਿਰ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਬਿਪਰਧਾਰਾ ਦੇ ਪੈਰੋਕਾਰਾਂ ਦੇ ਕਬਜ਼ੇ ਹੇਠ ਹੈ। ਉਹ ਇਸ ਮਹਾਨ ਸਿੱਖ ਕੇਂਦਰ ਨੂੰ ਪੂਜਾ ਪਾਠ ਵਾਲਾ ਇਕ ਸਧਾਰਨ ਜਿਹਾ ਗੁਰਦੁਆਰਾ ਬਣਾ ਦੇਣ ਲਈ ਤਤਪਰ ਹੈ। ਅਜਿਹਾ ਕਰਕੇ ਬਿਰਧਾਰਾ ਇਸ ਕੇਂਦਰ ਨੂੰ ਸਿੱਖਾਂ ਲਈ ਆਤਮਕ ਬਲ ਪ੍ਰਦਾਨ ਕਰਨ ਵਾਲੇ ਕੇਂਦਰ ਵਜੋਂ ਖਤਮ ਕਰਨਾ ਚਾਹੁੰਦੀ ਹੈ। ਉਹ ਸ੍ਰੀ ਦਰਬਾਰ ਸਾਹਿਬ ਦੀ ਇਨਕਲਾਬੀ ਸਪਿਰਟ ਨੂੰ ਖਤਮ ਕਰਨ ਦੇ ਵੱਡੇ ਅਤੇ ਸੁਚੇਤ ਯਤਨ ਕਰ ਰਹੀ ਹੈ। ਅਕਾਲ ਤਖ਼ਤ ਦੇ ਜਥੇਦਾਰ ਅਤੇ ਹੋਰ ਧਾਰਮਿਕ ਸ਼ਖ਼ਸੀਅਤਾਂ ਬਿਪਰਧਾਰਾ ਦੀ ਇਸ ਸਿੱਖ ਵਿਰੋਧੀ ਜੰਗ ਵਿਚ ਉਸ ਦਾ ਸਾਥ ਦੇ ਰਹੇ ਹਨ। ਸਿਰਲੱਥ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੀ ਇਸ ਵੇਲੇ ਪੂਰੀ ਤਰ੍ਹਾਂ ਹਿੰਦੂ ਸ਼ਕਤੀਆਂ ਦੇ ਕਬਜ਼ੇ ਹੇਠ ਹੈ। ਸਿੱਖਾਂ ਨੂੰ ਸਿਆਸੀ ਅਗਵਾਈ ਦੇਣ ਵਾਲੇ ਕੌਮ ਨੂੰ ਰੂਹਾਨੀ ਤੌਰ ’ਤੇ ਕੰਗਾਲ ਕਰ ਦੇਣ ਦੇ ਯਤਨਾਂ ਨੂੰ ਅੱਗੇ ਵਧਾ ਰਹੇ ਹਨ।
ਪੰਥਕ ਵਿਚਾਰਧਾਰਾ ਦੇ ਆਗੂਆਂ ਲਈ ਵਰਤਮਾਨ ਚੁਣੌਤੀ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਨਕਲਾਬੀ ਸਪਿਰਟ ਨੂੰ ਕਾਇਮ ਰੱਖਣ ਦੀ ਹੈ। ਜੂਨ 1984 ਦੇ ਸ਼ਹੀਦਾਂ ਦਾ ਸਪੱਸ਼ਟ ਸੰਦੇਸ਼ ਹੀ ਇਸ ਸਪਿਰਟ ਨੂੰ ਕਾਇਮ ਰੱਖਣ ਦਾ ਹੈ। ਉਨ੍ਹਾਂ ਨੇ ਸ਼ਹੀਦੀਆਂ ਹੀ ਪੰਥਕ ਸਪਿਰਟ ਦਾ ਝੰਡਾ ਉਤਾਂਹ ਰੱਖਣ ਲਈ ਪਾਈਆਂ ਸਨ। ਪੰਥਕ ਧਿਰਾਂ ਦੀ ਦੂਜੀ ਵੱਡੀ ਜ਼ਿੰਮੇਵਾਰੀ ਸਿੱਖ ਕੌਮ ਦੀ ਰੂਹ ਨੂੰ ਲੱਗੇ ਸੋਕੜੇ ਨੂੰ ਖਤਮ ਕਰਨ ਦੀ ਹੈ। ਨੈਤਿਕ ਨਿਘਾਰ ਅਤੇ ਗੁਰਬਤ ਦੇ ਜਿਸ ਰਾਹ ਉਤੇ ਅੱਜ ਕੌਮ ਤੁਰ ਰਹੀ ਹੈ, ਜੇ ਉਸ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਰਗੇ ਸਪੱਸ਼ਟ ਸਟੈਂਡ ਨਾਲ ਨਾ ਮੋੜਿਆ ਗਿਆ ਤਾਂ ਕੌਮ ਦੇ ਵਿਹੜਿਆਂ ਵਿਚ ਛਾਈ ਰਾਤ ਲੰਮੇਰੀ ਹੁੰਦੀ ਰਹੇਗੀ। ਸਿੱਖ ਕੌਮ ਵਿਚ ਇਸ ਵੇਲੇ ਜੋ ਜਗੀਰੂ ਕਿਸਮ ਦੇ ਸਿਆਸੀ ਲੋਕ ਤਹਿਜੀਬ ਵਿਹੂਣੀਆਂ ਸਿਆਸੀ ਲੁੱਡੀਆਂ ਪਾ ਰਹੇ ਹਨ ਉਸ ਨੂੰ ਹਾਰ ਦੇਣੀ ਪੰਥਕ ਧਿਰਾਂ ਦੀ ਵੱਡੀ ਜ਼ਿੰਮੇਵਾਰੀ ਹੈ। ਇਹ ਲੋਕ ਆਪਣੀ ਦੌਲਤ ਦੇ ਅਫਰੇਵੇਂ ਨਾਲ ਜੋ ਚੱਜ ਖਿਲਾਰ ਰਹੇ ਹਨ ਉਸ ਨਾਲ ਕਿਰਤੀ ਸਿੱਖਾਂ ਦੀ ਰੂਹ ਵਲੂੰਧਰੀ ਗਈ ਹੈ। ਸਮੁੱਚਾ ਸਿੱਖ ਚਰਿੱਤਰ ਇਨ੍ਹਾਂ ਕਾਰਵਾਈਆਂ ਨਾਲ ਸ਼ਰਮਸਾਰ ਹੋ ਗਿਆ ਹੈ। ਇਹੋ ਜਿਹੀਆਂ ਕਾਰਵਾਈਆਂ ਸਿੱਖੀ ਦੀਆਂ ਸਮਾਜੀ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਦੀ ਤਬਾਹੀ ਕਰ ਰਹੀਆਂ ਹਨ। ਅੱਜ ਦੌਲਤ ਦੇ ਅੰਨ੍ਹੇ ਵਿਖਾਵੇ, ਨਸ਼ਿਆਂ ਦੇ ਸੇਵਨ, ਪੱਛਮੀ ਪਹਿਰਾਵਿਆਂ ਅਤੇ ਸਿੱਖੀ ਦੀ ਸ਼ਾਨ ਨਾਲੋਂ ਉਖੜੀ ਹੋਈ ਜਿਹੋ ਜਿਹੀ ਜੀਵਨ ਸ਼ੈਲੀ ਸਿੱਖ ਕੌਮ ਦਾ ਅੰਗ ਬਣ ਰਹੀ ਹੈ, ਇਸ ਚੁਣੌਤੀ ਨੂੰ ਸਿਧਾਂਤਕ ਰੂਪ ਵਿਚ ਟੱਕਰਿਆਂ ਹੀ ਸ਼ਹੀਦਾਂ ਦੇ ਸੁਪਨਿਆਂ ਦਾ ਸੰਸਾਰ ਸਿਰਜਿਆ ਜਾ ਸਕੇਗਾ। ਸਿਆਸੀ ਤੌਰ ’ਤੇ ਸਿੱਖਾਂ ਨੂੰ ਪੰਥਕ ਨੁਕਤਾਨਜ਼ਰ ਤੋਂ ਸੁਚੇਤ ਕਰਨ ਦੇ ਨਾਲ ਨਾਲ ਇਕ ਵਿਚਾਰਧਾਰਕ ਲਹਿਰ ਵੀ ਚਲਾਉਣੀ ਪਵੇਗੀ। ਸਭ ਤੋਂ ਵੱਡੀ ਗੱਲ ਕੌਮ ਵਿਚ ਸਵੈਮਾਣ ਦਾ ਜਜ਼ਬਾ ਭਰਨਾ ਪਵੇਗਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕੌਮ ਵਿਚ ਸਵੈਮਾਣ ਜਜ਼ਬਾ ਭਰਿਆ ਸੀ। ਉਸ ਜਜ਼ਬੇ ਕਾਰਨ ਹੀ ਸਿੱਖ ਨੌਜਵਾਨ ਆਪਣੇ ਬੰਦ-ਬੰਦ ਕਟਵਾ ਕੇ ਸ਼ਹੀਦੀਆਂ ਪਾ ਗਏ। ਜੇ ਕੌਮ ਸਵੈਮਾਣ ਤੋਂ ਹੀਣੀ ਹੋ ਗਈ ਤਾਂ ਇਸ ਨੂੰ “ਕਾਕਿਆਂ” ਦੇ ਗਲ ਪੈਣੋ ਨਹੀਂ ਰੋਕਿਆ ਜਾ ਸਕੇਗਾ। ਅਜਿਹੀ ਸਥਿਤੀ ਵਿਚ ਸ਼ਹੀਦਾਂ ਦੀ ਰੂਹ ਲਹੂ ਦੇ ਹੰਝੂ ਕੇਰਦੀ ਰਹੇਗੀ।
ਜੂਨ 1984 ਦੇ ਘੱਲੂਘਾਰੇ ਦਾ ਸਭ ਤੋਂ ਵੱਡਾ ਸਬਕ ਹੀ ਉਸ ਘੱਲੂਘਾਰੇ ਦੇ ਜਖਮਾਂ ਨੂੰ ਆਪਣੇ ਸੀਨੇ ਵਿਚ ਵਸਾ ਕੇ ਕੌਮ ਦੀ ਹੋਣੀ ਸੰਵਾਰਨ ਦਾ ਇਮਾਨਦਾਰ ਸੰਕਲਪ ਕਰਨ ਦਾ ਹੈ। ਅਜਿਹੇ ਪਾਵਨ ਸੰਕਲਪ ਪ੍ਰਤੀ ਨਿਸ਼ਠਾ ਅਤੇ ਪ੍ਰਤੀਬਧਤਾ ਵਿਖਾ ਕੇ ਹੀ ਅਸੀਂ ਕੌਮ ਦੇ ਵਕਤੀ ਤੌਰ ’ਤੇ ਡੁੱਬੇ ਹੋਏ ਸੂਰਜ ਨੂੰ ਮੁੜ ਤੋਂ ਚਮਕਾ ਸਕਾਂਗੇ ਅਤੇ ਜ਼ੁਲਮਾਂ ਦੀ ਇਹ ਰਾਤ ਤਾਂ ਹੀ ਮੁੱਕ ਸਕੇਗੀ।
– 0 –