ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਅਕਸਰ ਜਾਂਦੇ ਰਹਿੰਦੇ। ਕਦੀ ਇਕੱਲਿਆਂ, ਕਦੀ ਦੋਸਤਾਂ ਸਮੇਤ, ਕਦੀ ਬੱਚਿਆਂ ਨਾਲ, ਤਕਰੀਬਨ ਤਕਰੀਬਨ ਮਹੀਨੇ ਵਿੱਚ ਇੱਕ ਵਾਰੀ ਔਸਤਨ ਚੱਕਰ ਲੱਗ ਹੀ ਜਾਂਦਾ। ਉੱਥੇ ਅਕਾਲੀ ਮੋਰਚੇ ਉੱਪਰ ਸੇਵਾ ਹਿੱਤ ਜੱਥੇ ਪੁੱਜਦੇ ਸੀ। ਅਕਾਲ ਤਖਤ ਸਾਹਿਬ ਵਿਖੇ ਅਰਦਾਸ ਹੁੰਦੀ ਤੇ ਕੇਸਰੀ ਸਿਰੋਪਾਓ ਪਹਿਨੇ ਜੁਆਨ ਗ੍ਰਿਫਤਾਰੀਆਂ ਲਈ ਨਿਕਲਦੇ। ਐੱਸ.ਵਾਈ.ਐੱਲ. ਦੀ ਪੁਟਾਈ ਵਿਰੁੱਧ ਲੱਗਾ ਮੋਰਚਾ ਸੰਤ ਜਰਨੈਲ ਸਿੰਘ ਨੇ ਅਪਣਾ ਲਿਆ ਤੇ ਸਥਾਨ ਕਪੂਰੀ ਤੋਂ ਬਦਲ ਕੇ ਅੰਮ੍ਰਿਤਸਰ ਹੋ ਗਿਆ। ਜਿਸ ਦਿਨ ਭਿੰਡਰਾਂਵਾਲਿਆਂ ਨੇ ਦਮਦਮੀ ਟਕਸਾਲ ਨੂੰ ਮੋਰਚੇ ਵਿੱਚ ਸ਼ਾਮਲ ਕਰਨ ਦਾ ਐਲਾਨ ਕਰਨਾ ਸੀ, ਤੇ ਰਸਮੀ ਤੌਰ ’ਤੇ ਮੋਰਚਾ ਆਪਣੇ ਹੱਥਾਂ ਵਿੱਚ ਲੈਣਾ ਸੀ, ਉਸ ਦਿਨ ਪਟਿਆਲੇ ਤੋਂ ਕੁੱਝ ਪੱਤਰਕਾਰਾਂ ਦੀ ਗੱਡੀ ਵਿੱਚ ਬੈਠ ਕੇ ਮੈਂ ਵੀ ਅੰਮ੍ਰਿਤਸਰ ਪੁੱਜ ਗਿਆ।
ਕਪੂਰੀ ਦਾ ਮੋਰਚਾ: ਖੱਬੀਆਂ ਪਾਰਟੀਆਂ ਦੇ ਬਿਆਨ ਆ ਰਹੇ ਸਨ ਕਿ ਅਕਾਲੀ ਪੰਜਾਬੀਆਂ ਦੇ ਜ਼ਜ਼ਬਾਤ ਧਰਮ ਯੁੱਧ ਦੇ ਨਾਮ ਹੇਠ ਭੜਕਾ ਰਹੇ ਹਨ। ਉਹ ਆਰਥਿਕ ਪ੍ਰੋਗਰਾਮ ਦੇਣ ਤਾਂ ਖੱਬੀਆਂ ਪਾਰਟੀਆਂ ਉਨ੍ਹਾਂ ਦਾ ਸਮਰਥਨ ਕਰਨਗੀਆਂ। ਅਕਾਲੀਆਂ ਨੇ ਐਲਾਨ ਕੀਤਾ, ਠੀਕ ਹੈ… ਪੰਜਾਬ ਵਿਚ ਪਹਿਲਾਂ ਹੀ ਪਾਣੀ ਦੀ ਥੁੜ੍ਹ ਹੈ, ਹੁਣ ਐੱਸ.ਵਾਈ.ਐੱਲ.ਨਹਿਰ ਰਾਹੀਂ ਰਾਇਪੇਰੀਅਨ ਸਟੇਟ ਪੰਜਾਬ ਦੇ ਪਾਣੀਆਂ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ। ਪੰਜਾਬ ਦੀ ਆਰਥਿਕਤਾ ਨੂੰ ਤਬਾਹ ਹੋਣੋਂ ਰੋਕਣ ਹਿੱਤ ਕਪੂਰੀ ਵਿਖੇ ਮੋਰਚਾ ਉਸ ਦਿਨ ਆਰੰਭਿਆ ਜਾਏਗਾ ਜਿਸ ਦਿਨ ਇੰਦਰਾ ਗਾਂਧੀ ਇਸ ਨੂੰ ਪਹਿਲਾ ਟੱਕ ਲਾਉਣ ਲਈ ਆਏਗੀ। ਕਮਿਊਨਿਸਟਾਂ ਨੇ ਅਕਾਲੀਆਂ ਦੇ ਇਸ ਆਰਥਿਕਤਾ ਦੇ ਨਾਲ ਸਬੰਧਤ ਮੋਰਚੇ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ। ਮਿੱਥੇ ਦਿਨ ਸੁਰੱਖਿਆ ਬਲ ਕਪੂਰੀ ਪੁੱਜਣੇ ਸ਼ੁਰੂ ਹੋ ਗਏ ਤੇ ਕਾਂਗਰਸੀ ਵਰਕਰ ਵੀ ਪੰਜਾਬ ਦਾ ਪਾਣੀ ਲੁੱਟਣ ਖਾਤਰ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਪੁੱਜਣੇਂ ਸ਼ੁਰੂ ਹੋ ਗਏ। ਇੱਧਰੋਂ ਕੇਸਰੀ ਝੰਡੀ ਲੈ ਕੇ ਅਕਾਲੀ ਅਤੇ ਲਾਲ ਫਰੇਰੇ ਲਹਿਰਾਉਂਦੇ ਮਾਰਕਸੀਏ ਪੁੱਜਣੇ ਸ਼ੁਰੂ ਹੋ ਗਏ। ਜਦੋਂ ਇੰਦਰਾ ਗਾਂਧੀ ਦੇ ਆਉਣ ਸਮੇਂ ਲਾਊਡ ਸਪੀਕਰਾਂ ਉੱਪਰ ਐਲਾਨ ਕੀਤੇ ਜਾਣ ਉਪਰੰਤ ਵੀ ਅਕਾਲੀ ਵਾਪਸ ਨਾ ਪਰਤੇ ਤਾਂ ਲਾਠੀ ਚਾਰਜ ਸ਼ੁਰੂ ਹੋਇਆ। ਕਮਿਊਨਿਸਟਾਂ ਨੇ ਪਹਿਲਾਂ ਹੀ ਆਪਣੇ ਟਿਕਾਣੇ ਅਜਿਹੀ ਥਾਂ ਰੱਖੇ ਹੋਏ ਸਨ ਕਿ ਭੱਜਣ ਵਿੱਚ ਵਿਘਨ ਨਾ ਪਵੇ। ਮਿੰਟਾਂ ਵਿੱਚ ਹੀ ਨਾ ਕੋਈ ਕਮਿਊਨਿਸਟ ਦਿੱਸਿਆ ਨਾ ਲਾਲ ਫਰੇਰਾ ਲਹਿਰਾਉਂਦਾ ਨਜ਼ਰੀਂ ਪਿਆ। ਅਕਾਲੀਆਂ ਨੂੰ ਹੋਸ਼ ਆਈ ਕਿ ਕਾਮਰੇਡ ਆਪਣਾ ਐਕਸ਼ਨ ਕਰਵਾ ਕੇ ਦੌੜ ਗਏ ਹਨ। ਇਸ ਲਈ ਧਰਮ ਯੁੱਧ ਮੋਰਚਾ ਹੀ ਠੀਕ ਹੈ। ਕਮਿਊਨਿਸਟਾਂ ਦੇ ਕਹਿਣ ”ਤੇ ਅਕਾਲੀਆਂ ਨੇ ਆਰਥਿਕ ਪ੍ਰੋਗਰਾਮ ਮਿਿਥਆ। ਪਰ ਕਮਿਊਨਿਸਟ ਵੱਖੀ ਵਿੱਚ ਛੁਰਾ ਮਾਰ ਕੇ ਤਿੱਤਰ ਹੋ ਗਏ।
ਸੰਤ ਜਰਨੈਲ ਸਿੰਘ ਦੀ ਚੜ੍ਹਤ ਸੀ। ਨੌਜਵਾਨ ਸਿੰਘ ਵੱਡੀ ਗਿਣਤੀ ਵਿੱਚ ਸਾਬਤ ਸੂਰਤ ਵੀ ਹੋ ਰਹੇ ਸਨ ਤੇ ਅੰਮ੍ਰਿਤ ਵੀ ਛੱਕ ਰਹੇ ਸਨ। ਭਾਈ ਅਮਰੀਕ ਸਿੰਘ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਨ ਤੇ ਭਾਈ ਹਰਮਿੰਦਰ ਸਿੰਘ ਸੰਧੂ ਸਕੱਤਰ। ਜਦੋਂ ਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਹੋਂਦ ਵਿੱਚ ਆਈ ਹੈ, ਉਸਦੀ ਸਿਆਸੀ ਅਤੇ ਧਾਰਮਿਕ ਚੜ੍ਹਤ ਦੀ ਸਿਖਰ ਦਾ ਇਹੋ ਸਮਾਂ ਸੀ। ਤਦ ਸੰਤ ਜਰਨੈਲ ਸਿੰਘ ਨੇ ਅਕਾਲੀਆਂ ਦੇ ਧਰਮ-ਯੁੱਧ ਦਾ ਮੋਰਚਾ ਸੰਭਾਲ ਲਿਆ। ਜਿਸ ਦਿਨ ਇਹ ਮੋਰਚਾ ਸੰਤਾਂ ਨੇ ਸੰਭਾਲਿਆ, ਉਸ ਦਿਨ ਦੀਵਾਨ ਹਾਲ ਮੰਜੀ ਸਾਹਿਬ ਵਿੱਚ ਬੇਮਿਸਾਲ ਇਕੱਠ ਸੀ। ਉਸ ਇਕੱਠ ਵਿੱਚ ਅਕਾਲੀ ਲੀਡਰਾਂ ਨੇ ਭਾਸ਼ਣ ਦਿੱਤੇ। ਸ. ਗੁਰਚਰਨ ਸਿੰਘ ਟੌਹੜਾ ਨੇ ਕਿਹਾ, “ਸੰਤ ਜੀ ਮੋਰਚੇ ਲਾਉਣੇ ਸੌਖੇ ਹਨ, ਨਿਭਾਉਣੇ ਬੜੇ ਔਖੇ ਹਨ। ਇੱਕ ਇੱਕ ਘਰ ਵਿਚੋਂ ਇੱਕ ਇੱਕ ਬੰਦਾ ਘੱਟੋ-ਘੱਟ ਗ੍ਰਿਫਤਾਰੀ ਲਈ ਆਉਣਾ ਚਾਹੀਦਾ ਹੈ।”” ਫਿਰ ਤਲਵੰਡੀ ਸਾਹਿਬ, ਲੌਂਗੋਵਾਲ ਸਾਹਿਬ, ਬਾਦਲ ਸਾਹਿਬ, ਸੁਖਜਿੰਦਰ ਸਿੰਘ ਆਦਿਕ ਸਮੇਤ ਅਨੇਕ ਅਕਾਲੀ ਲੀਡਰਾਂ ਨੇ ਭਾਸ਼ਣ ਦਿੱਤੇ। ਬੀਬੀ ਰਾਜਿੰਦਰ ਕੌਰ (ਡਾ.) ਨੇ ਕਿਹਾ, “ਸੰਤ ਜੀ। ਮੋਰਚਾ ਸ਼ਹਾਦਤ ਮੰਗਦਾ ਹੈ। ਲੀਡਰ ਜੇ ਸ਼ਹਾਦਤ ਤੋਂ ਭੱਜ ਗਏ ਤਾਂ ਮੋਰਚਾ ਕਾਮਯਾਬ ਨਹੀਂ ਹੋਵੇਗਾ….।”
ਅਖੀਰ ਵਿੱਚ ਸੰਤ ਜਰਨੈਲ ਸਿੰਘ ਜੀ ਦਾ ਭਾਸ਼ਣ ਸੀ। ਉਹ ਅੱਧਾ ਮਿੰਟ ਬੋਲੇ ਤੇ ਕਿਹਾ, “ਟੌਹੜਾ ਸਾਹਿਬ ਨੇ ਕਿਹਾ ਹੈ ਕਿ ਇੱਕ ਘਰ ਵਿੱਚੋਂ ਇੱਕ ਬੰਦਾ ਗ੍ਰਿਫਤਾਰੀ ਦੇਣ ਯਕੀਨਨ ਆਏ ਤਦ ਕਾਮਯਾਬੀ ਮਿਲੇਗੀ… ਮੈਂ ਆਖਦਾ ਹਾਂ ਇੱਕ ਬੰਦੇ ਨੂੰ ਤਾਂ ਘਰ ਵਿੱਚ ਰਹਿਣ ਲਈ ਹੁਕਮ ਦੇਣਾ ਪਵੇਗਾ।… ਪਰਿਵਾਰਾਂ ਦੇ ਪਰਿਵਾਰ ਆਉਣਗੇ…ਗ੍ਰਿਫਤਾਰੀਆਂ ਲਈ ਨਹੀਂ ਕੇਵਲ ਮਰਨ ਲਈ ਘਰੋਂ ਨਿਕਲਣਗੇ… ਜੇ ਲੀਡਰ ਇਮਾਨਦਾਰ ਹੋਏ ਤਾਂ…। ਬੀਬੀ ਰਾਜਿੰਦਰ ਕੌਰ ਨੇ ਸਹੀ ਕਿਹਾ ਹੈ ਕਿ ਲੀਡਰ ਦੀ ਕੁਰਬਾਨੀ ਦੇ ਬਂੈਰ ਮੋਰਚਾ ਸਫਲ ਨਹੀਂ ਹੋਣਾ। ਇਹ ਸਹੀ ਕਿਹਾ ਹੈ ਬੀਬੀ ਨੇ। ਇੱਥੇ ਮੈਂ ਅਰਜ਼ ਕਰ ਦੇਣੀ ਵਾਜਬ ਸਮਝਦਾ ਹਾਂ ਕਿ ਮੈਂ ਤਾਂ ਲੀਡਰ ਹਾਂ ਨਹੀਂ। ਇਥੇ ਬੜੇ ਲੀਡਰ ਸਟੇਜ ਉਪਰ ਸੁਸ਼ੋਭਿਤ ਹਨ, ਤਲਵੰਡੀ ਸਾਹਿਬ, ਬਾਦਲ ਸਾਹਿਬ, ਲੌਂਗੋਵਾਲ ਸਾਹਿਬ ਤੇ ਟੌਹੜਾ ਸਾਹਿਬ, ਬੀਬੀ ਜੀ ਇਨ੍ਹਾਂ ਲੀਡਰਾਂ ਉਪਰ ਸ਼ੱਕ ਨਾ ਕਰੋ। ਇਹ ਕੁਰਬਾਨੀਆਂ ਦੇਣਗੇ। ਇਹ ਗੁਰੂ ਗ੍ਰੰਥ ਸਾਹਿਬ ਅੱਗੇ ਸਹੁੰਆਂ ਖਾ ਚੁੱਕੇ ਹਨ ਕਿ ਮਰ ਜਾਣਾ ਮਨਜ਼ੂਰ, ਪੰਥ ਨੂੰ ਪਿੱਠ ਨਹੀਂ ਦੇਣੀ…. ਇਹ ਪਿੱਛੇ ਨਹੀਂ ਹੱਟਣਗੇ। ਜੇ ਕਿਤੇ ਮੈਂ ਲੀਡਰ ਹੁੰਦਾ, ਤਦ ਮੈਂ ਵੀ ਕੁਰਬਾਨੀ ਦੇਣ ਬਾਰੇ ਆਖਦਾ, ਸੋਚਦਾ। ਪਰ ਇਥੇ ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਹਾਜ਼ਰੀ ਵਿੱਚ ਝੂਠ ਨਹੀਂ ਬੋਲਾਂਗਾ ਮੈਂ। ਕੁਰਬਾਨੀ….ਸ਼ਹਾਦਤ…. ਇਹ ਬੜੇ ਵੱਡੇ ਫੈਸਲੇ ਹਨ। ਇਸ ਬਾਰੇ ਮੈਂ ਝੂਠ ਨਹੀਂ ਬੋਲ ਸਕਦਾ। ਜਿੰਨੀ ਕੁ ਸੇਵਾ ਮਹਾਰਾਜ ਲੈਣਗੇ….ਨਿਭਾਵਾਂਗਾ….ਨਿਭਾਉਣ ਦਾ ਯਤਨ ਅਵੱਸ਼ ਕਰਾਂਗਾ। ਪਰ ਇਨ੍ਹਾਂ ਲੀਡਰਾਂ ਉੱਪਰ ਉਦੋਂ ਤੱਕ ਤਾਂ ਆਪਾਂ ਨੂੰ ਇਤਬਾਰ ਕਰਨਾ ਪਵੇਗਾ ਜਦ ਤਕ ਇਹ ਬੇਈਮਾਨ ਸਾਬਤ ਨਹੀਂ ਹੁੰਦੇ। ਜੇ ਇਨ੍ਹਾਂ ਨੇ ਦਗਾ ਕੀਤਾ…ਤੁਹਾਡੇ ਨਾਲ ਸੌਦੇਬਾਜ਼ੀ ਕੀਤੀ…ਫਿਰ ਤੁਸੀਂ ਜਾਣੋ ਤੇ ਇਹ ਜਾਨਣ। ਹਾਲ ਦੀ ਘੜੀ ਜੋ ਵਾਅਦੇ ਇਨ੍ਹਾਂ ਨੇ ਕੀਤੇ ਹਨ, ਉਨ੍ਹਾਂ ਉੱਪਰ ਇਤਬਾਰ ਕਰੋ।”
ਸੰਤ ਜਰਨੈਲ ਸਿੰਘ ਦੇ ਬੋਲਾਂ ਵਿੱਚ ਤਾਕਤ ਸੀ। ਇਹ ਤਾਕਤ ਨਾ ਵਿਦਵੱਤਾ ਦੀ ਸੀ ਨਾ ਹੰਢੀ ਹੋਈ ਸਿਆਸਤ ਦੀ। ਉਹ ਤਾਂ ਅਬੋਧ ਬਾਲਕ ਵਾਂਗ ਬੋਲਦਾ ਸੀ…ਪੂਰਨ ਨਿਰੱਛਲਤਾ ਨਾਲ। ਜੇ ਉਸ ਵਿੱਚ ਕਿਸੇ ਚੀਜ਼ ਦੀ ਤਾਕਤ ਸੀ, ਜਿਸ ਸਦਕਾ ਕੀ ਨੌਜੁਆਨ ਤੇ ਕੀ ਬਜੁਰਗ ਜਾਨਾਂ ਵਾਰਨ ਨੂੰ ਤਤਪਰ ਸਨ, ਤਾਂ ਉਹ ਸੀ ਉਸ ਦੀ ਈਮਾਨਦਾਰੀ। ਵਿਦਵੱਤਾ ਅਤੇ ਸਿਆਸਤ ਦਾ ਤਜਰਬਾ, ਈਮਾਨਦਾਰੀ ਦੇ ਕਦਮਾਂ ਦੀ ਖਾਕ ਹਨ ਕੇਵਲ…ਇਹ ਗੱਲ ਉਹ ਲੋਕ ਜਾਣਦੇ ਹਨ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਦਾ ਵਿਹਾਰ ਦੇਖਿਆ ਹੈ।
ਸੰਤ ਜਰਨੈਲ ਸਿੰਘ ਨੂੰ ਆਖਰੀ ਵਾਰ ਮੈਂ 24-25 ਮਈ, 1984 ਨੂੰ ਦੇਖਿਆ। ਮੌਸਮ ਅਤੇ ਮਾਹੌਲ…ਦੋਵਾਂ ਵਿੱਚ ਗਰਮੀ ਅਤੇ ਤਲਖੀ ਸੀ। ਪਹਿਲਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਪਾਸ ਗਏ। ਪਾਣੀ ਪੀਤਾ…ਕੁੱਝ ਗੱਲਾਂ ਕੀਤੀਆਂ। ਆਸੇ ਪਾਸੇ ਬੈਠੇ ਅਕਾਲੀ ਵਰਕਰਾਂ ਦੀ ਘੁਸਰ-ਮੁਸਰ ਤੋਂ ਅਤੇ ਸੰਤ ਲੌਂਗੋਵਾਲ ਦੀ ਖਾਮੋਸ਼ੀ ਤੋਂ ਅਸੀਂ ਤਾੜ ਗਏ ਕਿ ਸਭ ਅੱਛਾ ਨਹੀਂ ਹੈ। ਕਿਸੇ ਗੱਲ ਦਾ ਕੋਈ ਪਤਾ ਨਹੀਂ ਲੱਗਿਆ। ਪ੍ਰਤੱਖ ਸੀ ਕਿ ਅਕਾਲੀ ਅਤੇ ਸੰਤ ਜੀ ਆਪਸ ਵਿੱਚ ਇਕਸੁਰ ਨਹੀਂ ਸਨ।
ਫਿਰ ਦੋਸਤ ਮਿੱਤਰ ਕਹਿਣ ਲੱਗੇ…ਸੰਤ ਭਿੰਡਰਾਂਵਾਲਿਆਂ ਨੂੰ ਫਤਹਿ ਬੁਲਾ ਚਲੀਏ। ਉੱਠ ਕੇ ਉੱਪਰ ਚਲੇ ਗਏ। ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਵਿੱਚ ਸਨ ਉਦੋਂ। ਉਨ੍ਹਾਂ ਨੇ ਸਭ ਦਾ ਹਾਲ ਚਾਲ ਪੁੱਛਿਆ। ਚਾਹ- ਪਾਣੀ ਪੁੱਛਿਆ। ਪੰਜ ਕੁ ਮਿੰਟ ਬਾਅਦ 20-25 ਬਾਵਰਦੀ ਸਿੱਖ ਫੌਜੀ ਉੱਥੇ ਆ ਗਏ। ਸੰਤਾਂ ਨੂੰ ਫਤਹਿ ਬੁਲਾਈ ਤੇ ਬੈਠ ਗਏ। ਸੰਤਾਂ ਨੇ ਕਿਹਾ, “ਕਿਵੇਂ ਆਏ ਭਾਈਓ?”” ਫੌਜੀਆਂ ਨੇ ਕਿਹਾ, “ਬਾਬਾ ਜੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਾਂ। ਸਾਡੀ ਰੈਜੀਮੈਂਟ ਇੱਥੇ ਅੰਮ੍ਰਿਤਸਰ ਆ ਗਈ ਹੈ ਨਾ। ਮੱਥਾ ਟੇਕਣ ਆਏ ਤਾਂ ਦਿਲ ਕੀਤਾ ਤੁਹਾਡੇ ਦਰਸ਼ਨ ਕਰ ਚੱਲੀਏ।”” ਸੰਤ ਜੀ ਨੇ ਫਿਰ ਪੁੱਛਿਆ, “ਪਰ ਮੇਰੇ ਦਰਸ਼ਨਾਂ ਵਿੱਚ ਕੀ ਪਿਆ ਹੈ? ਮਹਾਰਾਜ ਦੇ ਦਰਸ਼ਨ ਕਰ ਲਏ ਸਨ ਤੁਸਾਂ, ਉਹ ਕਾਫੀ ਨਹੀਂ ਸਨ?” ਇੱਕ ਫੌਜੀ ਬੋਲਿਆ, “ਅਖਬਾਰਾਂ ਰਸਾਲਿਆਂ ਵਿੱਚ ਦੂਰ ਬੈਠੇ ਤੁਹਾਡੇ ਬਾਰੇ ਪੜ੍ਹਦੇ ਸਾਂ ਬਾਬਾ ਜੀ। ਤੁਸੀਂ ਸਾਨੂੰ ਚੰਗੇ ਲੱਗੇ। ਇਸ ਲਈ ਸੋਚਿਆ… ਫਿਰ ਪਤਾ ਨਹੀਂ ਕਦੋਂ ਸਾਡੀ ਰੈਜੀਮੈਂਟ ਇੱਧਰ ਆਵੇ… ਪਤਾ ਨਹੀਂ ਕਦੋਂ ਮਿਲ ਸਕੀਏ।” ਇਹ ਸੁਣ ਕੇ ਸੰਤਾਂ ਨੇ ਕਿਹਾ, “ਜਿਹੜਾ ਚੰਗਾ ਲਗਦਾ ਹੋਵੇ…ਦਿਲ ਕਰਦਾ ਹੈ ਨਾ ਭਾਈਓ ਕਿ ਉਸ ਵਰਗੇ ਬਣੀਏ? ਜੇ ਸਚਮੁੱਚ ਮੈਂ ਤੁਹਾਨੂੰ ਚੰਗਾ ਲੱਗਿਆ ਹੋਵਾਂ ਤਾਂ ਕੇਸਾਂ ਦੀ ਬੇਦਅਬੀ ਨਾ ਕਰਿਓ। ਹੋਰ ਤਾਂ
ਵਧੀਕ ਮੇਰੇ ਵਿੱਚ ਖਾਸ ਨਹੀਂ ਹੈ, ਮੈਂ ਸਾਬਤ ਸੂਰਤ ਸਿੱਖ ਹਾਂ। ਬਸ ਇੰਨਾਂ ਕੁ ਆਖਾ ਮੇਰਾ ਮੰਨ ਲਇਓ।”” ਕੁਝ ਦੇਰ ਉਹ ਚੁਪ ਰਹੇ। ਫੌਜੀ ਭੀ ਚੁਪ ਚਾਪ ਬੈਠੇ ਰਹੇ। ਫਿਰ ਸੰਤ ਕਹਿਣ ਲੱਗੇ, “ਥੋੜ੍ਹੇ ਦਿਨਾਂ ਬਾਅਦ ਤੁਸੀਂ ਮੇਰੇ ਉੱਪਰ ਹਮਲਾ ਕਰਨ ਆਓਗੇ।” ਫੌਜੀ ਬੋਲੇ; “ਇਹ ਕਿਵੇਂ ਹੋ ਸਕਦਾ ਹੈ ਬਾਬਾ ਜੀ? ਅਸੀਂ ਇਹ ਕਿਵੇਂ ਕਰ ਸਕਦੇ ਹਾਂ?”
ਸੰਤਾਂ ਨੇ ਕਿਹਾ, “ਤੁਹਾਡਾ ਦਿਲ ਨਹੀਂ ਕਰੇਗਾ, ਇਹ ਮੈਨੂੰ ਪਤਾ ਹੈ। ਪਰ ਸਾਡੇ ਤੁਹਾਡੇ ਕੀ ਵੱਸ ਹੈ? ਇਹੀ ਹੋਵੇਗਾ ਇੱਕ ਦਿਨ। ਤੁਹਾਨੂੰ ਰਾਜਸੱਤਾ ਦਾ ਪਤਾ ਨਹੀਂ ਹੈ। ਮੈਨੂੰ ਪਤਾ ਹੈ ਇਹ ਕੀ ਚੀਜ਼ ਹੈ। ਜੋ ਭੀ ਹੋਵੇਗਾ ਭਲਾ ਹੋਵੇਗਾ। ਤੁਸੀਂ ਸਿੱਖੀ ਨੂੰ ਪਿਆਰ ਕਰਦੇ ਰਹਿਣਾ।”
ਫੌਜੀ ਚਲੇ ਗਏ। ਨਾਂ ਇਨ੍ਹਾਂ ਫੌਜੀਆਂ ਨੂੰ ਤੇ ਨਾ ਸਾਡੇ ਵਿੱਚੋਂ ਕਿਸੇ ਹਾਜ਼ਰ ਸਰੋਤੇ ਨੂੰ ਇਹ ਯਕੀਨ ਆਇਆ ਕਿ ਇੱਥੇ ਦਰਬਾਰ ਸਾਹਿਬ ਉੱਤੇ ਸੈਨਿਕ ਹੱਲਾ ਹੋ ਸਕਦਾ ਹੈ। ਫਿਰ ਵੀ, ਮੈਂ ਕਿਹਾ- “ਬਾਬਾ ਜੀ ਆਲੇ ਦੁਆਲੇ ਨੂੰ ਦੇਖਦਿਆਂ ਹੋਇਆ ਲੱਗ ਰਿਹਾ ਹੈ ਕਿ ਕੋਈ ਦੁਰਘਟਨਾ ਕਦੀ ਵੀ ਵਾਪਰ ਸਕਦੀ ਹੈ। ਤੁਸੀਂ ਕਿੱਧਰੇ ਹੋਰ ਚਲੇ ਜਾਓ। ਇੰਦਰਾ ਗਾਂਧੀ ਨੇ ਇੱਥੇ ਦਰਬਾਰ ਸਾਹਿਬ ਉੱਪਰ ਜਹਾਜ਼ ਰਾਹੀਂ ਬੰਬ ਸੁਟਵਾ ਕੇ ਰੌਲਾ ਪਾ ਦੇਣਾ ਹੈ ਕਿ ਪਾਕਿਸਤਾਨ ਬੰਬ ਸੁੱਟ ਗਿਆ ਹੈ। ਵੱਡੀ ਗਿਣਤੀ ਵਿੱਚ ਫੌਜੀ ਗੱਡੀਆਂ ਘੁੰਮ ਰਹੀਆਂ ਹਨ…ਸ਼ਾਇਦ ਪਾਕਿਸਤਾਨ ਨਾਲ ਕੋਈ ਰੱਫੜ ਵੀ ਛੇੜ ਲੈਣ ਤਾਂ ਕਿ ਸਿੱਖ ਪਾਕਿਸਤਾਨ ਵਿਰੁੱਧ ਹੋ ਜਾਣ।”
ਸੰਤ ਬੋਲੇ, “ਮੇਰੀ ਲੜਾਈ ਇੰਦਰਾ ਗਾਂਧੀ ਨਾਲ ਏਨੀ ਸਿੱਧੀ ਅਤੇ ਪਾਰਦਰਸ਼ੀ ਹੈ ਕਿ ਜੇ ਪਾਕਿਸਤਾਨ ਵੀ ਬੰਬ ਸੁੱਟ ਜਾਵੇ ਦਰਬਾਰ ਸਾਹਿਬ ਉਪਰ, ਤਾਂ ਦੁਨੀਆਂ ਇਹੋ ਕਹੇਗੀ ਕਿ ਇੰਦਰਾ ਗਾਂਧੀ ਨੇ ਸੁੱਟਿਆ ਹੈ। ਰਹੀ ਗੱਲ ਕਿ ਇੱਥੋਂ ਚਲਾ ਜਾਵਾਂ…ਦਰਬਾਰ ਸਾਹਿਬ ਛੱਡ ਕੇ ਕਿੱਥੇ ਜਾਵਾਂ? ਜੇ ਇਥੇ ਪਨਾਹ ਨਾ ਮਿਲੀ ਫਿਰ ਕਿੱਥੇ ਮਿਲੇਗੀ?”
ਇੱਕ ਸਿੱਖ ਨੇ ਕਿਹਾ, “ਚੰਗਾ ਬਾਬਾ ਜੀ ਚਲਦੇ ਹਾਂ। ਮੇਰੀ ਉਮਰ ਤੁਹਾਨੂੰ ਲੱਗ ਜਾਵੇ।”” ਸੰਤ ਹੱਸ ਪਏ, ਕਹਿਣ ਲੱਗੇ, “ਕਿਉਂ ਤੇਰੀ ਉਮਰ ਮੈਨੂੰ ਕਿਉਂ ਲੱਗੇ? ਕੀ ਤੇਰਾ ਖਿਆਲ ਹੈ ਕਲਗੀਧਰ ਪਿਤਾ ਮੈਨੂੰ ਪਿਆਰ ਨਹੀਂ ਕਰਦੇ? ਇਹ ਇੱਕ ਜਾਨ ਉਨ੍ਹਾਂ ਦੇ ਨਾਮ ਤੇ ਜੇ ਚਲੀ ਜਾਵੇ ਤਾਂ ਭਾਈ ਆਪਣੇ ਨਾਲੋਂ ਖੁਸ਼ਨਸੀਬ ਹੋਰ ਕੌਣ ਹੋਵੇਗਾ?”
ਫਿਰ ਅਸੀਂ ਵਾਪਸ ਪਟਿਆਲੇ ਆ ਗਏ। ਅਖਬਾਰਾਂ ਅੱਗ ਉਗਲ ਰਹੀਆਂ ਸਨ। ਮੇਰੇ ਪਾਸ ਯੂਨੀਵਰਸਿਟੀ ਦੇ ਕੁੱਝ ਵਿਿਦਆਰਥੀ ਆਏ ਤੇ ਕਹਿਣ ਲੱਗੇ- “ਪੇਪਰ ਹੋ ਗਏ ਹਨ, ਛੁੱਟੀਆਂ ਹਨ। ਫਿਰ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਪਿੰਡ ਜਾ ਕੇ ਮਨਾ ਲਵਾਂਗੇ ਪਰ ਹੁਣ ਇਕੱਠੇ ਹਾਂ ਇੱਥੇ। ਜੀਅ ਕਰਦਾ ਹੈ ਇਕ ਦਿਨ ਸਾਰੇ ਦੋਸਤ ਰਲ ਕੇ ਯੂਨੀਵਰਸਿਟੀ ਦੇ ਗੇਟ ਉੱਪਰ ਛਬੀਲ ਲਾ ਲਈਏ। ਤੁਸੀਂ ਵੀ ਆ ਜਾਣਾ, ਜੇ ਅਧਿਆਪਕ ਨਾਲ ਹੋਵੇ ਤਾਂ ਅਨੁਸ਼ਾਸਨ ਬਣਿਆ ਰਹੇਗਾ।” ਮੈਂ ਸਹਿਮਤੀ ਦੇ ਦਿੱਤੀ। ਮੇਨ ਗੇਟ ਉੱਪਰ ਟੱਬ, ਸ਼ਰਬਤ,
ਬਰਫ, ਗਲਾਸ ਤੇ ਸੇਵਾਦਾਰ ਸਭ ਆ ਗਏ। ਏਨੀ ਗਰਮੀ ਵਿੱਚ ਆਮ ਸੰਗਤ ਤਾਂ ਸੜਕਾਂ ਉੱਤੇ ਘੱਟ ਸੀ ਫੌਜੀ ਗੱਡੀਆਂ ਅਤੇ ਗੱਡੀਆਂ ਉੱਪਰ ਲੱਦੇ ਟੈਂਕ ਲੰਘੇ ਜਾ ਰਹੇ ਸਨ। ਮੰੁਡਿਆਂ ਵਿੱਚ ਬੜਾ ਉਤਸ਼ਾਹ ਸੀ। ਉਹ ਫੌਜੀ ਗੱਡੀਆਂ ਦੇ ਸਾਹਮਣੇ ਖਲੋ ਕੇ ਉਨ੍ਹਾਂ ਨੂੰ ਰੋਕ ਲੈਂਦੇ ਤੇ ਆਖਦੇ-ਭਾਈਓ ਬੜੀ ਦੂਰੋਂ ਆਏ ਲਗਦੇ ਹੋ। ਠੰਢਾ ਜਲ ਪੀਤੇ ਬਗੈਰ ਕਿਵੇਂ ਲੰਘ ਸਕਦੇ ਹੋ? ਵਿਿਦਆਰਥੀ ਇੱਕ ਦੂਜੇ ਤੋਂ ਅੱਗੇ ਵਧ-ਵਧ ਉਨ੍ਹਾਂ ਦੀ ਸੇਵਾ ਕਰਦੇ। ਫੌਜੀਆਂ ਦੀਆਂ ਏਨੀਆਂ ਗੱਡੀਆਂ ਲੰਘੀਆਂ ਕਿ ਤਿੰਨ ਚੁਥਾਈ ਸ਼ਰਬਤ ਫੌਜੀਆਂ ਨੇ ਛੱਕਿਆ। ਇਹ ਸਾਰੀਆਂ ਗੱਡੀਆਂ ਅੰਬਾਲੇ ਵੱਲੋਂ ਪੰਜਾਬ ਵਿੱਚ ਦਾਖਲ ਹੋ ਰਹੀਆਂ ਸਨ।
ਇੱਕ ਜੂਨ ਨੂੰ ਸੀ.ਆਰ.ਪੀ. ਨੇ ਦਰਬਾਰ ਸਾਹਿਬ ਦੁਆਲੇ ਘੇਰਾ ਤੰਗ ਕਰ ਲਿਆ ਤੇ ਤਿੰਨ ਜੂਨ, 1984 ਨੂੰ ਫੌਜ ਨੇ ਕਮਾਨ ਸੰਭਾਲ ਲਈ। ਸ਼ਾਇਦ ਚਾਰ ਜੂਨ ਨੂੰ ਫੌਜ ਨੇ ਦਰਬਾਰ ਸਾਹਿਬ ਉੱਪਰ ਹੱਲਾ ਬੋਲ ਦਿੱਤਾ। ਸਾਰੇ ਪੰਜਾਬ ਵਿੱਚ ਕਰਫਿਊ ਲੱਗ ਗਿਆ। ਰੇਡੀਓ ਅਤੇ ਟੈਲੀਵੀਜ਼ਨ ਰਾਹੀਂ ਖਬਰਾਂ ਆ ਰਹੀਆਂ ਸਨ, ਪਰ ਕੋਈ ਉਨ੍ਹਾਂ ਖਬਰਾਂ ਨੂੰ ਸੱਚੀਆਂ ਨਹੀਂ ਮੰਨਦਾ ਸੀ। ਬੀ.ਬੀ.ਸੀ. ਦਾ ਹਰ ਬੁਲਟਿਨ ਸੁਣਿਆ ਜਾਂਦਾ। ਸਤੀਸ਼ ਜੈਕਬ ਅਤੇ ਮਾਰਕ ਟੱਲੀ ਦੀ ਸੂਚਨਾ ਅਤੇ ਬਿਆਨਕਾਰੀ ਂਜ਼ਬ ਦੀ ਸੀ। ਭਾਰਤੀ ਟੀ.ਵੀ.ਅਤੇ ਰੇਡੀਓ ਇਹ ਦਸਦੇ ਰਹੇ ਕਿ ਦਰਬਾਰ ਸਾਹਿਬ ਦੇ ਅੰਦਰੋਂ ਭਾਰੀ ਮਾਤਰਾ ਵਿੱਚ ਅਫੀਮ, ਭੁੱਕੀ, ਚਰਸ, ਹਸ਼ੀਸ਼ ਆਦਿਕ ਮਿਲੇ ਹਨ ਅਤੇ ਇਹ ਵੀ ਖਬਰਾਂ ਵਿੱਚ ਦੱਸਿਆ ਕਿ ਕੁਝ ਗਰਭਵਤੀ ਕੁੜੀਆਂ/ਔਰਤਾਂ ਮਿਲੀਆਂ ਹਨ। ਕੁੱਲ ਮਿਲਾ ਕੇ ਭਾਰਤੀ ਸਰਕਾਰੀ ਮੀਡੀਏ ਨੇ ਇਹ ਪ੍ਰਭਾਵ ਪਾਉਣ ਦਾ ਯਤਨ ਕੀਤਾ ਜਿਵੇਂ ਸੰਤ ਜਰਨੈਲ ਸਿੰਘ ਮੱਸੇ ਰੰਘੜ ਵਾਂਗ ਵਿਹਾਰ ਕਰ ਰਿਹਾ ਸੀ ਤੇ ਸਰਕਾਰ ਇਸ ਸਥਾਨ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਟੈਂਕਾਂ ਅਤੇ ਤੋਪਾਂ ਨਾਲ ਮਜਬੂਰੀਵਸ ਹਮਲਾ ਕਰ ਰਹੀ ਸੀ।
6 ਜੂਨ ਨੂੰ ਖਬਰ ਨਸ਼ਰ ਹੋਈ ਕਿ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਅਤੇ ਜਨਰਲ ਸੁਬੇਗ ਸਿੰਘ ਦੀਆਂ ਬਾਕੀ ਸਾਥੀਆਂ ਸਮੇਤ ਲਾਸ਼ਾਂ ਮਿਲ ਗਈਆਂ ਹਨ। ਸੰਤ ਜਰਨੈਲ ਸਿੰਘ ਦੀ ਲਾਸ਼ ਦੀ ਸ਼ਨਾਖਤ ਕਰਨ ਲਈ ਉਨ੍ਹਾਂ ਨੇ ਸ਼ਨਾਖਤ ਕੀਤੀ। ਦਰਬਾਰ ਸਾਹਿਬ ਦਾ ਭਾਰੀ ਨੁਕਸਾਨ ਹੋਇਆ। ਅਕਾਲ ਤਖਤ ਸਾਹਿਬ ਦੀ ਬਿਲਡਿੰਗ ਪੂਰੀ ਤਰ੍ਹਾਂ ਤਬਾਹ ਹੋ ਗਈ। ਪ੍ਰੀਕਰਮਾ ਦੀ ਸੰਗਮਰਮਰ ਟੁੱਟ ਗਈ ਸੀ। ਸਰਾਵਾਂ ਵਿੱਚ ਮੌਜੂਦ ਮੁਸਾਫਿਰ ਗ੍ਰਿਫਤਾਰ ਕਰ ਲਏ ਗਏ ਸਨ। ਉਨ੍ਹਾਂ ਵਿੱਚੋਂ ਕਈਆਂ ਦੀ ਮੌਤ ਕੇਵਲ ਪਿਆਸੇ ਰਹਿਣ ਕਾਰਨ ਹੋ ਗਈ ਸੀ। ਬਿਜਲੀ ਅਤੇ ਪਾਣੀ ਬੰਦ ਕਰ ਦਿੱਤਾ ਗਿਆ ਹੋਇਆ ਸੀ।
ਟੌਹੜਾ ਸਾਹਿਬ ਤੇ ਸੰਤ ਲੌਂਗੋਵਾਲ ਸਰਾਵਾਂ ਵਿੱਚ ਸਨ। ਸੰਤ ਲੌਂਗੋਵਾਲ ਨੂੰ ਸੁਰੱਖਿਆ ਦੇਣ ਲਈ ਫੌਜੀ ਟੁਕੜੀ ਚੁਫੇਰੇ ਖਲੋਤੀ ਸੀ। ਭਾਈ ਅਮਰੀਕ ਸਿੰਘ ਦਾ ਛੋਟਾ ਭਰਾ ਮਨਜੀਤ ਸਿੰਘ ਅਤੇ ਫੈਡਰੇਸ਼ਨ ਦਾ ਸਕੱਤਰ ਹਰਮਿੰਦਰ ਸਿੰਘ ਸੰਧੂ ਸੰਤ ਲੌਂਗੋਵਾਲ ਦੇ ਇੱਕ ਕਮਰੇ ਵਿੱਚ ਆ ਵੜੇ ਤਾਂ ਸੰਤ ਜੀ ਨੇ ਉੱਚੀ-ਉੱਚੀ ਚਿਲਾਣਾ ਸ਼ੁਰੂ ਕਰ ਦਿੱਤਾ, “ਕਾਤਲ ਹਨ। ਮਾਰਨਗੇ। ਫੜੋ। ਬਚਾਓ।” ਫੌਜੀਆਂ
ਨੇ ਬੰਦੂਕਾਂ ਉਨ੍ਹਾਂ ਵੱਲ ਸੇਧ ਲਈਆਂ। ਖਤਰਨਾਕ ਕੰਮ ਹੋ ਜਾਣਾ ਸੀ, ਜੇ ਟੌਹੜਾ ਸਾਹਿਬ ਰੋਕਦੇ ਹੋਏ ਇਹ ਨਾ ਕਹਿੰਦੇ, “ਨਹੀਂ…ਨਹੀਂ…। ਸੰਤ ਜੀ ਘਬਰਾ ਗਏ ਹਨ। ਇਹ ਨਾ ਕਾਤਲ ਹਨ ਨਾ ਫੈਡਰੇਸ਼ਨੀਏ। ਇਹ ਤਾਂ ਸਾਡੇ ਸ਼ੋ੍ਰਮਣੀ ਕਮੇਟੀ ਦੇ ਮੁਲਾਜ਼ਮ ਹਨ।”” ਇਹ ਹਾਦਸਾ ਟਲ ਗਿਆ ਤੇ ਦੋਹਾਂ ਨੂੰ ਮਾਰਨ ਦੀ ਥਾਂ ਫੌਜ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਏਨੀ ਵਿਆਪਕ ਤਬਾਹੀ ਹੋ ਚੁੱਕੀ ਸੀ ਕਿ ਫੌਜ ਨੇ ਮਹੀਨਿਆਂ ਤੱਕ ਦਰਬਾਰ ਸਾਹਿਬ ਸੰਗਤ ਦੇ ਦਰਸ਼ਨਾਂ ਲਈ ਨਾ ਖੋਹਲਿਆ। ਸਿੱਖ ਰੈਫਰੈਂਸ ਲਾਇਬਰੇਰੀ ਅੱਗ ਲੱਗਕੇ ਤਬਾਹ ਹੋ ਚੁੱਕੀ ਸੀ। ਪਰ ਦਿਨ ਵਿੱਚ ਘੱਟੋ ਘੱਟ ਚਾਰ ਵਾਰ ਉਸ ਵੇਲੇ ਦੇ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਕਿਰਪਾਲ ਸਿੰਘ ਦਾ ਬਿਆਨ ਨਸ਼ਰ ਹੋ ਰਿਹਾ ਸੀ, “ਕੋਠਾ ਸਾਹਿਬ ਠੀਕ-ਠਾਕ ਹੈ।” ਇਕ ਮਜ਼ਾਕੀਆ ਮੁਹਾਵਰਾ ਬਣ ਗਿਆ ਸੀ ਜਿਵੇਂ ਗੋਲੀ ਲੱਗ ਕੇ ਮੇਰੇ ਬੰਦੇ ਦੀ ਲਾਸ਼ ਦੇਖ ਕੇ ਕੋਈ ਕਹੇ-ਚਲੋ ਅੱਖ ਬਚ ਗਈ। ਸ਼ੁਕਰ ਹੈ। ਕੁੱਝ ਮਹੀਨਿਆਂ ਬਾਅਦ ਗਿਆਨੀ ਕਿਰਪਾਲ ਸਿੰਘ ਉਪਰ ਹਮਲਾ ਵੀ ਹੋਇਆ ਸੀ ਜਿਸ ਵਿੱਚ ਉਹ ਜ਼ਖਮੀ ਹੋ ਗਏ ਸਨ। ਇਕ ਅਖਬਾਰ ਦੇ ਕਾਰਟੂਨਿਸਟ ਨੇ ਗਿਆਨੀ ਜੀ ਦਾ ਕਾਰਟੂਨ ਬਣਾ ਕੇ ਹੇਠਾਂ ਲਿਿਖਆ ਸੀ, “ਇਕ ਝੂਠ ਬੋਲਿਆ ਸੀ ਮਹਿੰਗਾ ਪਿਆ। ਲੋਕ ਪਤਾ ਨਹੀਂ ਹਰ ਰੋਜ਼ ਕਿਵੇਂ ਝੂਠ ਤੇ ਝੂਠ ਮਾਰਦੇ ਰਹਿੰਦੇ ਹਨ।”
ਸਿੱਖ ਰੈਫਰੈਂਸ ਲਾਇਬਰੇਰੀ ਦੇ ਇੰਚਾਰਜ ਸ. ਸ਼ਮਸ਼ੇਰ ਸਿੰਘ ਅਸ਼ੋਕ ਸਨ। ਉਨ੍ਹਾਂ ਨੂੰ ਫੌਜੀਆਂ ਨੇ ਘਰੋਂ ਦਰਬਾਰ ਸਾਹਿਬ ਵਿਖੇ ਬੁਲਾਇਆ ਤੇ ਕਿਹਾ, “ਲਾਇਬਰੇਰੀ ਦਾ ਚਾਰਜ ਲਵੋ।” ਅਸ਼ੋਕ ਜੀ ਨੇ ਪੁੱਛਿਆ, “ਪਰ ਲਾਇਬਰੇਰੀ ਹੈ ਕਿੱਥੇ?” ਫੌਜੀ ਅਫਸਰ ਨੇ ਦਬਕਾ ਮਾਰਿਆ, “ਦਸਤਖਤ ਕਰਨੇ ਹਨ ਕਿ ਨਹੀਂ?” ਆਲੇ ਦੁਆਲੇ ਖਲੋਤੇ ਫੌਜੀਆਂ ਨੇ ਬੰਦੂਕਾਂ ਸਿੰਨ੍ਹ ਲਈਆਂ। ਅਸ਼ੋਕ ਜੀ ਨੇ ਕਾਗਜ਼ ਫੜਿਆ ਤੇ ਪੈਨ ਨਾਲ ਲਿਿਖਆ, ਰਿਸੀਵਡ ਏਸ਼ਜ਼ ਆਫ ਸਿੱਖ ਰੈਫਰੈਂਸ ਲਾਇਬਰੇਰੀ (ਸਿੱਖ ਹਵਾਲਾ ਲਾਇਬਰੇਰੀ ਦੀ ਰਾਖ ਵਸੂਲ ਪਾਈ)। ਇਹ ਪੜ੍ਹਕੇ ਫੌਜੀ ਅਫਸਰ ਨੇ ਅਸ਼ੋਕ ਦੇ ਪੇਟ ਵਿਚ ਠੁੱਡੇ ਮਾਰੇ ਅਤੇ ਗਾਲ੍ਹਾਂ ਦਿੰਦਿਆਂ ਦਫਾ ਹੋ ਜਾਣ ਲਈ ਕਿਹਾ।
ਆਪ੍ਰੇਸ਼ਨ ਬਲਿਊ ਸਟਾਰ ਦੇ ਦਿਨੀਂ ਜੂਨ ਮਹੀਨੇ ਦੀਆਂ ਤਪਦੀਆਂ ਦੁਪਹਿਰਾਂ ਵਿਚ ਅਰਬਨ ਸਟੇਟ ਵਿੱਚ ਰਹਿੰਦੇ ਸਿੱਖ ਘਰੋਂ ਨਿਕਲ ਧੁੱਪ ਵਿਚ ਮਾਰੇ ਮਾਰੇ ਫਿਰ ਰਹੇ ਸਨ। ਖਤਰਨਾਕ ਕਿਸਮ ਦੀ ਬੇਚੈਨੀ ਸੀ। ਬਾਕੀ ਥਾਵਾਂ ”ਤੇ ਤਾਂ ਪਿੰਡਾਂ ਸ਼ਹਿਰਾਂ ਵਿੱਚ ਕਰਫਿਊ ਸੀ ਪਰ ਸਾਡੀ ਕਾਲੋਨੀ ਮੁਕਤ ਸੀ। ਹਿੰਦੂ ਵੱਖਰੀਆਂ ਟੋਲੀਆਂ ਵਿੱਚ ਘੁੰਮਦੇ ਸਨ ਤੇ ਸਿੱਖ ਵੱਖ ਟੋਲੀਆਂ ਵਿੱਚ। ਆਪਸਦਾਰੀ ਦਾ ਭਰੋਸਾ ਟੁੱਟ ਚੁੱਕਿਆ ਸੀ। ਦੋਵੇਂ ਫਿਰਕੇ ਇੱਕ ਦੂਜੇ ਤੋਂ ਬਚਦੇ ਫਿਰਦੇ ਸਨ।
ਖੇਤਾਂ ਵਿੱਚੋਂ ਦੀ ਹੋ ਕੇ ਛਬੀਲ ਲਾਉਣ ਵਾਲਿਆਂ ਵਿੱਚੋਂ ਕੁਝ ਵਿਿਦਆਰਥੀ ਸਾਡੇ ਕੋਲ ਆਏ। ਕਹਿਣ ਲੱਗੇ, “ਸਾਨੂੰ ਕੀ ਪਤਾ ਸੀ ਜਿੰਨਾਂ ਦੀਆਂ ਗੱਡੀਆਂ ਰੋਕ ਰੋਕ ਅਸੀਂ ਸ਼ਰਬਤ ਪਿਲਾਉਂਦੇ ਰਹੇ ਉਹ ਦਰਬਾਰ ਸਾਹਿਬ
ਉੱਪਰ ਹਮਲਾ ਕਰਨ ਜਾ ਰਹੇ ਹਨ?” ਮੈਂ ਕਿਹਾ, “ਇਸ ਗੱਲ ਦਾ ਪਛਤਾਵਾ ਕਿਉਂ ਕਰਦੇ ਹੋ? ਰੱਬ ਨੇ ਸਾਡੇ ਉੱਪਰ ਦਇਆ ਕੀਤੀ ਤੇ ਉਸਨੇ ਪੁੰਨ ਦਾ ਕੰਮ ਕਰਵਾਇਆ, ਇਹ ਸਮਝੋ ਕਿ ਮਹਾਰਾਜ ਉਨ੍ਹਾਂ ਉੱਪਰ ਖੁਸ਼ ਨਹੀਂ। ਰੱਬ ਜਿਸਨੂੰ ਖੁਆਰ ਕਰਨਾ ਚਾਹੇ, ਉਸ ਪਾਸੋਂ ਨੇਕੀ ਖੋਹ ਲੈਂਦਾ ਹੈ। ਉਹ ਫੌਜੀ ਕਸੂਰਵਾਰ ਨਹੀਂ ਹਨ। ਹੁਕਮਰਾਨ ਕਸੂਰਵਾਰ ਹੈ। ਫਰਜ਼ ਕਰੋ ਇੱਥੇ ਆਪਣੇ ਪਾਸ ਆ ਕੇ ਪਿਆਸਾ ਫੌਜੀ ਪਾਣੀ ਮੰਗੇ ਤਾਂ ਕੀ ਅਸੀਂ ਇਨਕਾਰ ਕਰਾਂਗੇ? ਗੁੱਸੇ ਵਿੱਚ ਆਕੇ। ਅਸੂਲ ਨਹੀਂ ਛੱਡਣਾ ਹੁੰਦਾ।”
ਕੁੱਝ ਦੋਸਤਾਂ ਨੇ ਕਿਹਾ-”ਤੰੂ ਸੰਤ ਜਰਨੈਲ ਸਿੰਘ ਪਾਸ ਜਾਂਦਾ ਹੁੰਦਾ ਸੈਂ। ਗੁਰਮਤਿ ਟ੍ਰੇਨਿੰਗ ਕੈਂਪਾਂ ਉਪਰ ਵੀ ਸਿੱਖੀ ਉੱਤੇ ਵਿਿਖਆਨ ਦਿੰਦਾ ਸੈਂ। ਚੰਗਾ ਹੈ ਜੇ ਟਲ ਜਾਵੇਂ। ਭੱਜ ਜਾਹ ਕਿੱਧਰੇ।” ਪਰ ਮੈਨੂੰ ਇਹ ਆਪਣੇ ਆਪ ਉੱਪਰ ਵਿਸ਼ਵਾਸ ਸੀ ਕਿ ਨਾ ਮੈਂ ਕਿਸੇ ਸਾਜ਼ਿਸ਼ ਵਿੱਚ ਕਦੀ ਸ਼ਾਮਿਲ ਹੋਇਆ, ਨਾ ਕਿਸੇ ਖਤਰਨਾਕ ਬੰਦੇ ਨਾਲ ਕੋਈ ਮਿਲਖੀ ਭੁਗਤ। ਸੰਤ ਜਰਨੈਲ ਸਿੰਘ ਨੂੰ ਇਕ ਈਮਾਨਦਾਰ ਮਿਸ਼ਨਰੀ ਜਾਣਕੇ ਮੈਂ ਉਸਦੀ ਕਦਰ ਕਰਦਾ ਸਾਂ। ਇਸ ਵਿੱਚ ਕੀ ਗੁਨਾਹ? ਦੋ ਕੁ ਹਫਤੇ ਲੰਘੇ। ਪੱਚੀ ਜੂਨ, ਅੱਧੀ ਰਾਤ, ਕਾਲਬੈੱਲ ਵੱਜੀ ਮੈਂ ਅੱਖਾਂ ਖੋਹਲੀਆਂ। ਚਾਰ ਚੁਫੇਰੇ ਸਰਚਲਾਈਟਾਂ ਦੀ ਅੰਨ੍ਹੀ ਕਰਨ ਵਾਲੀ ਤਿੱਖੀ ਰੌਸ਼ਨੀ ਵਿਚ ਟੈਂਕ ਅਤੇ ਫੌਜੀ ਗੱਡੀਆਂ ਬਾਰੀ ਵਿੱਚੋਂ ਦੇਖੀਆਂ। ਬੂਹਾ ਖੋਲ੍ਹ ਦਿੱਤਾ ਤਾਂ ਦੋ ਫੌਜੀਆਂ ਨੇ ਮੇਰੀਆਂ ਦੋਵੇਂ ਬਾਹਵਾਂ ਤੋੜ ਦੇਣ ਵਰਗੀ ਤਾਕਤ ਨਾਲ ਫੜ ਲਈਆਂ ਤੇ ਚਾਰ ਜਣੇ ਕਾਰਬਾਈਨਾਂ ਤਾਣ ਕੇ ਖਲੋ ਗਏ। ਇੱਕ ਮੇਜਰ ਨੇ ਕਿਹਾ, “ਪ੍ਰੋਫੈਸਰ ਪੰਨੂ ਕੌਣ ਹੈ? ਮੈਂ ਕਿਹਾ, “ਮੈਂ ਹਾਂ।” ਉਸਨੇ ਮੇਰੀਆਂ ਬਾਹਵਾਂ ਪਿੱਛੋਂ ਬੰਨ੍ਹਣ ਦਾ ਹੁਕਮ ਦਿੱਤਾ। ਘਰ ਦੀ ਤਲਾਸ਼ੀ ਸ਼ੁਰੂ ਹੋਈ। ਕੁੱਝ ਚਿੱਠੀਆਂ, ਕਿਤਾਬਾਂ, ਨੋਟਿਸ ਚੁੱਕ ਲਏ ਗਏ। ਮੇਰਾ ਪੀ.ਐਚ.ਡੀ. ਦਾ ਕੰਮ ਪੂਰਾ ਹੋਣ ਕਿਨਾਰੇ ਸੀ। ਸਾਡੇ ਨੋਟਿਸ, ਜਿਨ੍ਹਾਂ ਦਾ ਭਾਰ ਦਸ ਕਿਲੋ ਦੇ ਕਰੀਬ ਹੋਵੇਗਾ ਮੇਰੇ ਮਿੰਨਤਾਂ ਕਰਨ ਦੇ ਬਾਵਜੂਦ ਚੁੱਕ ਲਏ। ਇੱਕ ਸਟੀਰਿਓ ਤੇ ਦੋ ਦਰਜਨ ਕੈਸੇਟਾਂ ਚੁੱਕ ਲਈਆਂ। ਹਜ਼ਾਰ ਕੁ ਰੁਪਿਆ ਪਿਆ ਸੀ, ਉਹ ਨਹੀਂ ਚੁੱਕਿਆ। ਦੋ ਬੋਤਲਾਂ ਵਿਸਕੀ ਦੀਆਂ ਦੇਖਕੇ ਹੌਲਦਾਰ ਨੇ ਪੁੱਛਿਆ, “ਸਾਹਿਬ ਇਹ ਚੁੱਕਣੀਆਂ ਹਨ?” ਸਾਹਿਬ ਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ।
ਇੱਕ ਵਜੇ ਦੇ ਕਰੀਬ ਆਏ ਤੇ ਚਾਰ ਕੁ ਵਜੇ ਤੱਕ ਤਲਾਸ਼ੀ ਦਾ ਕੰਮ ਕਾਜ ਪੂਰਾ ਕਰਕੇ ਮੈਨੂੰ ਗੱਡੀ ਵਿੱਚ ਬੈਠਣ ਲਈ ਕਿਹਾ। ਇੱਕ ਥਰੀ ਟੱਨਰ ਗੱਡੀ ਵਿੱਚ ਬਿਠਾ ਲਿਆ ਗਿਆ। ਦੋ ਕੁ ਕਿਲੋਮੀਟਰ ਉੱਤਰ ਦਿਸ਼ਾ ਵੱਲ ਗੱਡੀਆਂ ਦਾ ਕਾਫਲਾ ਤੁਰਿਆ। ਚਾਨਣ ਹੋਣ ਤੋਂ ਪਹਿਲਾਂ ਇੱਕ ਫੌਜੀ ਨੇ ਆਪਣਾ ਬਦਬੂਦਾਰ ਤੌਲੀਆਂ ਮੇਰੀਆਂ ਅੱਖਾਂ ਉੱਪਰ ਘੁੱਟ ਕੇ ਬੰਨ੍ਹ ਦਿੱਤਾ। ਮੈਂ ਵਾਰ-ਵਾਰ ਯਤਨ ਕੀਤਾ ਕਿ ਇਸਨੂੰ ਕਿਸੇ ਤਰ੍ਹਾਂ ਨੱਕ ਤੋਂ ਕੁੱਝ ਉਪਰ ਕਰ ਸਕਾਂ ਪਰ ਹੱਥ ਪਿੱਛੇ ਬੰਨ੍ਹੇ ਹੋਣ ਸਦਕਾ ਅਜਿਹਾ ਨਹੀਂ ਕਰ ਸਕਿਆ? ਉਹ ਲਗਭਗ ਦੋ ਘੰਟੇ ਗੱਡੀਆਂ ਇੱਧਰ-ਉੱਧਰ ਘੁਮਾਉਂਦੇ ਰਹੇ…ਤੇਜ਼ ਮੋੜ ਕੱਟਦੇ…ਕਦੀ ਸੱਜੇ
ਮੋੜਦੇ ਕਦੀ ਖੱਬੇ…ਕਦੀ ਬੈਕ ਕਦੀ ਫਾਰਵਰਡ। ਮੈਂ ਏਨਾ ਕੁ ਸਮਝਿਆ ਕਿ ਪਤਾ ਨਾ ਲੱਗੇ ਕਿ ਮੈਂ ਕਿਥੇ ਹਾਂ ਇਸ ਲਈ ਦੌੜਨ ਦਾ ਯਤਨ ਨਾ ਕਰਾਂ।
ਕਿਸੇ ਰੇਤਲੀ ਥਾਂ ਉੱਪਰ ਉਤਾਰਿਆ। ਕੋਈ ਟਿੱਬਾ ਸੀ। ਕਿੱਥੇ ਸੀ ਇਹ…ਹੁਣ ਤੱਕ ਪਤਾ ਨਹੀਂ। ਇੱਕ ਬੰਦ ਕਮਰੇ ਵਿੱਚ ਲਿਜਾਇਆ ਗਿਆ। ਤੌਲੀਆ ਖੋਹਲਿਆ ਕਮਰੇ ਵਿੱਚ ਹਨੇਰਾ ਸੀ ਪਰ ਲਗਦਾ ਸੀ ਕੁੱਝ ਹੋਰ ਬੰਦੇ ਵੀ ਅੰਦਰ ਬੰਦ ਹਨ। ਪੂਰੀ ਤਰ੍ਹਾਂ ਕੁਝ ਦਿੱਸਿਆ ਨਹੀਂ ਪਹਿਲੀ ਵੇਰ। ਫਿਰ ਹੱਥ ਖੋਹਲੇ ਤੇ ਕੱਪੜੇ ਉਤਾਰਨ ਲਈ ਹੁਕਮ ਹੋਇਆ। ਕੱਪੜੇ ਉਤਾਰ ਦਿੱਤੇ ਗਏ। ਕਛਹਿਰਾ ਉਤਾਰੋ। ਮੈਂ ਇਨਕਾਰ ਕੀਤਾ ਤਾਂ ਇੱਕ ਫੌਜੀ ਨੇ ਥਰੀ ਨਾਟ ਥਰੀ ਦੀ ਰਾਈਫਲ ਦਾ ਜ਼ਬਰਦਸਤ ਬੱਟ ਮੋਢੇ ਉਪਰ ਮਾਰਿਆ। ਦੂਜੇ ਫੌਜੀ ਨੇ ਪੂਰੇ ਜ਼ੋਰ ਨਾਲ ਦੂਜਾ ਬੱਟ ਗੋਢੇ ਉੱਪਰ ਮਾਰਿਆ ਤਾਂ ਮੈਂ ਡਿਗ ਪਿਆ। ਪੁਲਿਸ ਅਤੇ ਫੌਜੀ ਗਾਲ੍ਹਾਂ ਦੁਹਰਾਉਂਣੀਆਂ ੳੱੁਚਿਤ ਨਹੀਂ ਹਨ। ਫੌਜੀਆਂ ਦੇ ਮੋਢਿਆਂ ਉੱਪਰ ਨਾ ਰੈਂਕ ਸਨ, ਨਾ ਰੈਜੀਮੈਂਟ ਦਾ ਨਾਮ, ਨਾ ਜੇਬਾਂ ਉੱਪਰ ਨੇਮ-ਪਲੇਟ। ਉਹ ਇੱਕ ਦੂਜੇ ਦਾ ਨਾਮ ਵੀ ਸਾਡੇ ਸਾਹਮਣੇ ਨਹੀਂ ਲੈਂਦੇ ਸਨ। ਇੱਕ ਫੌਜੀ ਨੇ ਹੱਥ ਪਾ ਕੇ ਨਾਲਾ ਤੋੜ ਕੇ ਵਗਾਹ ਮਾਰਿਆ। ਦਰਅਸਲ ਉਨ੍ਹਾਂ ਦਾ ਫੌਜੀ ਡਾਕਟਰ ਦੇਖਣਾ ਚਾਹੁੰਦਾ ਸੀ ਕਿ ਸੁੰਨਤ ਕਰਵਾਈ ਹੋਈ ਹੈ ਕਿ ਨਹੀਂ ਕਿ ਇਹ ਪਾਕਿਸਤਾਨੀ ਹੈ ਜਾਂ ਸਿੋੱਖ ਹੈ।
ਦੋ ਬੱਟਾਂ ਦੀ ਮਾਰ ਕਾਫੀ ਨਹੀਂ ਲੱਗੀ ਉਨ੍ਹਾਂ ਨੂੰ। ਫਿਰ ਠੁੱਡੇ ਮੁੱਕੇ ਮਾਰਨੇ ਸ਼ੁਰੂ ਹੋ ਗਏ। ਆਪਣੇ ਆਪ ਹੀ ਹਟ ਗਏ ਜਦੋਂ ਉਨ੍ਹਾਂ ਦਾ ਜੀਅ ਕੀਤਾ। ਫਿਰ ਹੱਥ ਪਿੱਛੇ ਕੀਤੇ ਤੇ ਮੋਟਾ ਤਾਲਾ ਲਾ ਕੇ ਬਾਹਰ ਖਲੋ ਗਏ। ਕੁੱਝ ਫੌਜੀਆਂ ਦੀਆਂ ਮੈਂ ਆਵਾਜ਼ਾਂ ਸੁਣੀਆਂ, “ਇਨ ਕਾ ਬਾਪ ਪਕੜਾ ਗਇਆ ਸਾਲਾ। ਬਹਿਨ…ਤਕੜਾ ਹੈ ਕੋਈ। ਬੜਾ ਕੁਛ ਮਿਲੇਗਾ। ਇਤਨੀ ਪਿਟਾਈ ਹੁਈ ਕੁਸਕਾ ਨਹੀਂ।” ਇੰਨੇ ਨੂੰ ਦੋ ਫੌਜੀ ਫਿਰ ਅੰਦਰ ਆਏ ਤੇ ਦੁਬਾਰਾ ਕਸ ਕੇ ਅੱਖਾਂ ਬੰਨ੍ਹ ਗਏ। ਇੰਨੇ ਕੁ ਸਮੇਂ ਵਿੱਚ ਮੈਂ ਦੇਖਿਆ ਸੀ ਕਿ ਮੇਰੇ ਦੋ ਵਿਿਦਆਰਥੀ ਵੀ ਬੰਨ੍ਹੇ ਹੋਏ ਹਨ। ਫੌਜੀ ਜੰਦਰੇ ਮਾਰ ਕੇ ਬਾਹਰ ਗਏ ਤਾਂ ਇਹ ਵਿਿਦਆਰਥੀ ਸਰਕਦੇ ਸਰਕਦੇ ਮੇਰੇ ਨਜ਼ਦੀਕ ਆ ਗਏ। ਇਕ ਗੁਰਮੇਰ ਸਿੰਘ ਸੀ, ਦੂਜਾ ਭੁਪਿੰਦਰ ਸਿੰਘ। ਤੀਜਾ ਇੱਕ ਗੁਰਸੇਵ ਸਿੰਘ ਸੀ ਜੋ ਇੱਥੋਂ ਨੇੜੇ ਦੇ ਪਿੰਡ ਹਰਪਾਲ ਪੁਰ ਦਾ ਵਸਨੀਕ ਸੀ। ਉਨ੍ਹਾਂ ਨੇ ਮੈਨੂੰ ਹੌਂਸਲਾ ਦਿੱਤਾ ਤੇ ਦੱਸਿਆ ਕਿ ਕੁੱਲ 27 ਬੰਦੇ ਇੱਥੇ ਫੜ੍ਹੇ ਗਏ ਹਨ। ਜਿਹੜੇ ਆਪ੍ਰੇਸ਼ਨ ਬਲਿਊ ਸਟਾਰ ਵੇਲੇ ਦੁਖ ਨਿਵਾਰਨ ਸਾਹਿਬ ਵਿੱਚੋਂ ਗ੍ਰਿਫਤਾਰ ਕੀਤੇ।
ਮੈਂ ਉਨ੍ਹਾਂ ਨੂੰ ਪੱੁਛਿਆ-“ਅੱਜ ਕੌਣ ਫੜਿਆ ਗਿਆ ਹੈ? ਇਹ ਕਹਿ ਰਹੇ ਸਨ ਕਿ ਕੋਈ ਵੱਡਾ ਬੰਦਾ ਹੱਥ ਆਇਆ ਹੈ।” ਉਹ ਹੱਸ ਪਏ। ਕਹਿਣ ਲੱਗੇ। ਤੁਹਾਨੂੰ ਤਾਂ ਲਿਆਏ ਹਨ। ਇਨ੍ਹਾਂ ਦਾ ਖਿਆਲ ਹੈ ਕਿ ਤੁਸੀਂ ਖਾੜਕੂ ਗ੍ਰੋਹਾਂ ਦੇ ਵੱਡੇ ਜਰਨੈਲ ਹੋ। ਭੁਲੇਖੇ ਭੁਲੇਖੇ ਵਿਚ ਹੀ ਮਾਰੀ ਜਾਣਗੇ ਸਾਲੇ।” ਮੈਂ ਗੁਰਸੇਵ ਸਿੰਘ ਨੂੰ ਦੱਸਿਆ-” ਤੇਰੇ ਘਰਦਿਆਂ ਨੂੰ ਤੇਰਾ ਕੋਈ ਥਹੁ ਪਤਾ ਨਾਂ ਲੱਗਾ। ਬੜੀ ਥਾਂ ਲੱਭਦੇ ਫਿਰੇ। ਪੰਜ ਚਾਰ ਦਿਨ ਪਹਿਲਾਂ ਤੇਰਾ ਸਹਿਜ ਪਾਠ ਦਾ ਭੋਗ ਪਾ ਕੇ ਹਟੇ ਹਨ।” ਇਹ ਸੁਣਕੇ ਰੋ ਪਿਆ। ਨਾਲ ਬੈਠੇ ਸਾਥੀਆਂ ਨੇ ਦਿਲਾਸਾ ਦਿੱਤਾ ਤੇ ਮੈਨੂੰ ਦੱਸਿਆ ਕਿ ਜੱਗੋਂ ਬੁਰੀ ਮਾਰ ਪੈਣ ਉਪਰੰਤ ਕਦੀ ਰੋਇਆ ਨਹੀਂ ਸੀ ਇਹ।
ਤੁਹਾਡੀ ਏਨੀ ਕੁ ਗੱਲ ਸੁਣ ਕੇ ਡੁਸਕਣ ਲੱਗ ਪਿਆ ਹੈ। ਚੁੱਪ ਕਰ ਉਏ ਮੂਰਖ। ਕਿਸਨੂੰ ਦਿਖਾ ਰਿਹਾ ਏ ਹੰਝੂ?”
ਸਾਰਾ ਦਿਨ ਇਕੱਲ-ਇਕੱਲੇ ਦੀ ਇੰਟੈਰੀਗੇਸ਼ਨ ਹੁੰਦੀ। ਨਾ ਹੱਥ ਖੋਹਲਦੇ ਨਾ ਅੱਖਾਂ। ਮੇਰੇ ਪਾਸ ਦੱਸਣ ਲਈ ਕੁਝ ਨਹੀਂ ਸੀ। ਪਰ ਉਹਨਾਂ ਅਨੁਸਾਰ ਮੈਂ ਹੰਢਿਆ ਹੋਇਆ ਅਪਰਾਧੀ ਸਾਂ ਇਸ ਕਰਕੇ ਟੁੱਟ ਨਹੀਂ ਰਿਹਾ। ਪਹਿਲਾਂ ਰੱਸੀ ਨਾਲ ਹੱਥ ਬੰਨ੍ਹੇ ਹੋਏ ਸਨ, ਸ਼ਾਮ ਹੁੰਦਿਆਂ ਹੀ ਪਿੱਠ ਪਿੱਛੇ ਹਥਕੜੀ ਨਾਲ ਹੱਥ ਨੂੜ ਦਿੱਤੇ। ਸੌਣ ਵਿੱਚ ਮੁਸ਼ਕਲ ਆ ਰਹੀ ਸੀ। ਨਾਲ ਹੀ ਇੱਕ ਹੋਰ ਹੁਕਮ ਸੁਣਾਇਆ ਗਿਆ ਕਿ ਹਰ ਘੰਟੇ ਬਾਦ ਟੱਲੀ ਵਜੇਗੀ ਤੇ ਸਾਰੇ ਲੇਟੇ ਹੋਏ ਅਪਰਾਧੀ ਖਲੋ ਜਾਣਗੇ। ਖਲੋ ਕੇ ਫਿਰ ਲੇਟ ਜਾਣ। ਅਗਲੇ ਘੰਟੇ ਫਿਰ ਇਹੀ…ਇਉਂ ਸਾਰੀ ਰਾਤ ਹੋਏਗਾ। ਜਿਸ ਬੰਦੀ ਦੀ ਨੀਂਦ ਘੰਟੀ ਦੀ ਖੜਾਕ ਨਾਲ ਨਾ ਖੱੁਲ੍ਹਦੀ ਉਸਨੂੰ ਠੁੱਡੇ ਜਾਂ ਬੱਟ ਮਾਰ ਕੇ ਜਗਾਇਆ ਜਾਂਦਾ। ਇੱਕ ਰਾਤ ਤਾਂ ਲੰਘਾ ਲਈ। ਹੁਣ ਅਗਲੀ ਰਾਤ ਕਿਵੇਂ ਲੰਘੇ? ਸਾਰਾ ਦਿਨ ਪਿੱਛੇ ਹੱਥ ਬੰਨ੍ਹੇ ਹੋਏ…ਨੂੜ ਕੇ ਅੱਖਾਂ ਬੰਨ੍ਹੀਆਂ ਹੋਈਆਂ। ਹੱਤਕ ਪੂਰਨ ਵਹਿਸ਼ੀ ਇੰਟੈਰੋ-ਗੇਸ਼ਨ। ਬਿਜਲੀ ਦੇ ਝਟਕੇ। ਜ਼ਮੀਨ ਉਪਰ ਬਜਰੀ ਵਿਛਾ ਕੇ ਗੋਡਿਆਂ ਪਰਨੇ ਰੋੜ੍ਹਨਾ। ਇਹੋ ਜਿਹੇ ਸਮੇਂ ਮੈਨੂੰ ਕਿਹਾ ਗਿਆ ਕਿ ਆਪਣੇ ਰਿਸ਼ਤੇਦਾਰਾਂ ਦੇ ਨਾਮ ਲਿਖਾ। ਮੈਂ ਆਪਣੇ ਮਾਮਿਆਂ, ਫੁੱਫੜਾਂ ਦੇ ਨਾਮ ਭੁੱਲ ਗਿਆ। ਇਸ ਕਾਰਨ ਹੋਰ ਮਾਰਨ। ਖੈਰ ਰਾਤ ਪਈ, ਉਹੀ ਬੁਰੀ ਹਾਲਤ। ਮੂਧੇ ਮੰੂਹ ਦੇਰ ਤੱਕ ਪਿਆਂ ਗਰਦਣ ਦੁਖਦੀ। ਪਾਸੇ ਪਰਨੇ ਸੌਂਦੇ ਤਾਂ ਇਕ ਬਾਂਹ ਉਪਰ ਜਿਸਮ ਦਾ ਸਾਰਾ ਪੂਰਾ ਵਜਨ ਆ ਜਾਂਦਾ ਕਿਉਂਕਿ ਹੱਥ ਪਿੱਛੇ ਬੰਨ੍ਹੇ ਹੋਏ ਹੁੰਦੇ। ਫਿਰ ਹਰ ਘੰਟੇ ਬਾਅਦ ਘੰਟੀ ਦੀ ਆਵਾਜ਼ ਨਾਲ ਉਠ ਖਲੋਣਾ। “ਇਉਂ ਤਾਂ ਮੈਂ ਮਰ ਜਾਵਾਂਗਾ।” ਹੌਲੀ ਦੇ ਕੇ ਮੈਂ ਕਿਹਾ। ਗੁਰਮੇਜ ਬੋਲਿਆ, “ਤਕੜੇ ਰਹੋ ਪ੍ਰੋਫੈਸਰ ਸਾਹਿਬ, ਕੁੱਝ ਨਹੀਂ ਹੁੰਦਾ। ਦੋ ਤਿੰਨ ਦਿਨ ਦੀ ਔਖ ਹੈ ਬਸ।” “ਦੋ ਤਿੰਨ ਦਿਨ ਤੋਂ ਬਾਅਦ ਕੀ ਹੋ ਜਾਵੇਗਾ? ਮੈਂ ਪੁੱਛਿਆ। “ਸਭ ਠੀਕ ਹੋ ਜਾਵੇਗਾ।” ਉਸਨੇ ਕੇਵਲ ਇੰਨਾ ਕਿਹਾ।
ਚੌਥੀ ਰਾਤ ਲੰਘੀ ਤਾਂ ਮੈਂ ਕਿਹਾ, “ਰਾਤ ਬੜੀ ਨੀਂਦ ਆਈ। ਰਾਤੀਂ ਘੰਟੀਆਂ ਮਾਰ ਕੇ ਕਿਉਂ ਨਹੀਂ ਜਗਾਏ ਇਨ੍ਹਾਂ ਨੇ?” ਸਾਰੇ ਹੱਸ ਪਏ। ਗੁਰਮੇਜ ਨੇ ਕਿਹਾ, “ਤੁਹਾਨੂੰ ਦੱਸਿਆ ਨਹੀਂ ਕਿ ਸਭ ਠੀਕ ਹੋ ਜਾਵੇਗਾ? ਰਾਤੀਂ ਵੀ ਘੰਟੀਆਂ ਪਿਛਲੀਆਂ ਰਾਤਾਂ ਵਾਂਗ ਵੱਜੀਆਂ ਸਨ। ਆਪਾਂ ਹੁਣ ਕੰਡੀਸ਼ਨਡ ਹੋ ਗਏ ਹਾਂ। ਸੁੱਤੇ ਸੁੱਤੇ ਉਠ ਜਾਂਦੇ ਹਾਂ। ਫਿਰ ਸੌ ਜਾਂਦੇ ਹਾਂ। ਹੁਣ ਠੀਕ ਰਹੇਗਾ। ਹੁਣ ਪੱਕ ਗਏ ਹਾਂ। ਗੱਲ ਮੁਕਾਉਣ ਲਈ ਸੰਖੇਪ ਕਰਨਾ ਚਾਹੀਦਾ ਹੈ। ਜਦੋਂ ਪੰਜ ਦਿਨਾਂ ਬਾਅਦ ਮੇਰੇ ਹੱਥ ਖੋਲ੍ਹੇ ਗਏ ਤਾਂ ਬਾਹਵਾਂ ਸਹੀ ਥਾਂ ਉੱਤੇ ਆਉਣ ਲਈ ਤਿਆਰ ਨਾਂ ਹੋਈਆਂ। ਚੀਕਾਂ ਨਿਕਲ ਗਈਆਂ। ਮੁੜ ਮੁੜ ਹੱਥ ਪਿੱਛੇ ਚਲੇ ਜਾਂਦੇ। ਲਗਭਗ ਘੰਟੇ ਦੀ ਜਦੋ ਜਹਿਦ ਬਾਅਦ ਇਹ ਅੱਗੇ ਆਉਣ ਲਈ ਰਜ਼ਾਮੰਦ ਹੋਈਆਂ। ਹਰ ਸਵੇਰ ਸ਼ਾਮ ਅਸੀਂ ਸਾਰੇ ਜਣੇ ਪਾਠ ਕਰਕੇ ਅਰਦਾਸ ਕਰਦੇ, “ਹੇ ਸੱਚੇ ਪਾਤਸ਼ਾਹ ਜੇ ਤੰੂ ਸਾਡੇ ਉਤੇ ਮਿਹਰਬਾਨ ਹੋ ਜਾਵੇਂ ਤਾਂ ਜੇਲ੍ਹ ਭੇਜ ਦੇਹ। ਅਸੀਂ ਇਸ ਨਰਕ ਵਿੱਚੋਂ ਨਿਕਲਣਾ ਚਾਹੁੰਦੇ ਹਾਂ।” ਫਿਰ ਅਸੀਂ ਹੱਸਦੇ ਕਿ ਲੋਕ, ਜਿਹੜੇ ਜੇਲ੍ਹਾਂ ਵਿੱਚ ਬੰਦੀ ਹਨ ਉਹ ਰਿਹਾਈ ਲਈ ਅਰਦਾਸ ਕਰਦੇ ਹੋਣਗੇ… ਅਸੀਂ ਜੇਲ੍ਹ ਜਾਣ ਦੇ ਇੱਛੁਕ ਹਾਂ।
ਇੱਕ ਦਿਨ ਇੱਕ ਚੌਦਾਂ ਪੰਦਰਾਂ ਸਾਲ ਦੇ ਬੱਚੇ ਨੂੰ ਫੌਜੀਆਂ ਨੇ ਏਨਾ ਕੁੱਟਿਆ ਕਿ ਉਹ ਰੋਂਦਾ-ਰੋਂਦਾ ਆਇਆ ਤੇ ਦੇਰ ਤੱਕ ਰੋਂਦਾ ਰਿਹਾ। ਫਿਰ ਕਹਿਣ ਲੱਗਾ, “ਜਦੋਂ ਰਿਹਾਈ ਹੋਈ ਤਾਂ ਗੁਰਦੁਆਰੇ ਮੱਥਾ ਟੇਕਣ ਜਾਵਾਂਗਾ ਤੇ ਮਹਾਰਾਜ ਨੂੰ ਪੁੱਛਾਂਗਾ-“ਸਾਡਾ ਕੀ ਕਸੂਰ ਸੀ ਬਾਬਾ? ਸਾਨੂੰ ਕਿਉਂ ਏਨੀ ਮਾਰ
ਪਈ?” ਇੱਕ ਬਜ਼ੁਰਗ ਜੋ ਆਪ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕਿਆ ਹੋਇਆ ਸੀ ਬੋਲਿਆ, “ਅਜਿਹਾ ਨਾਂ ਕਰੀਂ ਪੁੱਤਰ। ਕੇਵਲ ਸ਼ੁਕਰਾਨਾ ਕਰੀਂ। ਇਹ ਨਾ ਪੁੱਛੀਂ ਕਿ ਬੇਕਸੂਰਾਂ ਨੂੰ ਮਾਰ ਕਿਉਂ ਪਈ। ਜੇ ਇਹੋ ਜਿਹੇ ਸਵਾਲ ਕਰੇਂਗਾ ਤਾਂ ਪੰਜਵੇ ਪਾਤਸ਼ਾਹ ਤੈਨੂੰ ਪੁੱਛਣਗੇ-ਸਾਡਾ ਕੀ ਕਸੂਰ ਸੀ ਜਦੋਂ ਸਾਨੂੰ ਤੰਗ ਕੀਤਾ ਸੀ ਉਨ੍ਹਾਂ ਨੇ? ਫਿਰ ਨਿੱਕੇ ਸਾਹਿਬਜ਼ਾਦੇ ਪੁੱਛਣਗੇ-ਸਾਡਾ ਕੀ ਕਸੂਰ ਸੀ? ਜਿਨ੍ਹਾਂ ਨੇ ਸਿਰ ਦੇ ਕੇ ਸ਼ੁਕਰਾਨਾ ਕੀਤਾ ਸੀ ਅਕਾਲ ਪੁਰਖ ਦਾ ਤੇ ਕਿਹਾ ਸੀ, “ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ। ਉਨ੍ਹਾਂ ਪਾਸ ਗਿਲੇ ਸ਼ਿਕਵੇ ਨਹੀਂ ਕਰੀਦੇ।”
ਹਰੇਕ ਬੰਦੀ ਦੇ ਜਿਸਮ ਉਪਰ ਜ਼ਖਮ ਸਨ। ਜੁਲਾਈ ਦਾ ਮਹੀਨਾ ਆ ਗਿਆ ਸੀ। ਮੱਖੀਆਂ ਦੇ ਝੁੰਡ ਵੱਢਦੇ। ਹੱਥ ਬੰਨ੍ਹੇ ਹੋਣ ਕਰਕੇ ਉਡਾ ਨਾ ਸਕਦੇ। ਫੌਜੀਆਂ ਦੀਆਂ ਮਿੰਨਤਾਂ ਕਰਦੇ ਕਿ ਰੇਤੇ ਦੀ ਇਕ-ਇਕ ਮੁੱਠ ਜ਼ਖਮਾਂ ਉਪਰ ਸੁੱਟ ਦੇਣ। ਕੋਈ-ਕੋਈ ਰਹਿਮ-ਦਿਲ ਫੌਜੀ ਮਿੱਟੀ ਦੀਆਂ ਮੁੱਠੀਆਂ ਭਰਦਾ ਤੇ ਜ਼ਖਮਾਂ ”ਤੇ ਪਾ ਵੀ ਦਿੰਦਾ। ਉਸ ਦਾ ਸ਼ੁਕਰਾਨਾ ਕਰਦੇ। ਕੋਈ-ਕੋਈ ਸਗੋਂ ਜ਼ਖਮਾਂ ਉਪਰ ਠੁੱਡੇ ਮਾਰਦਾ। ਕੌਣ ਮਿੱਟੀ ਪਾ ਗਿਆ ਸੀ… ਕੋਈ ਪਤਾ ਨਾ ਲਗਦਾ ਕਿਉਂਕਿ ਅੱਖਾਂ ਬੰਨ੍ਹੀਆਂ ਹੋਈਆਂ ਸਨ। ਸੁਖਵੰਤ ਸਿੰਘ ਨਾਂ ਦੇ ਮੁੰਡੇ ਨੇ ਪਾਣੀ ਮੰਗਿਆ। ਫੌਜੀ ਪਾਣੀ ਦਾ ਡੱਬਾ ਭਰ ਕੇ ਉਸ ਦੇ ਮੰੂਹ ਨੂੰ ਲਾਉਣ ਲੱਗਾ। ਜਿਸ ਪਾਸੇ ਡੱਬਾ ਸੀ, ਉਸ ਪਾਸੇ ਮੰੂਹ ਕਰਕੇ ਉਹ ਪਾਣੀ ਦੀ ਘੁੱਟ ਭਰਨ ਲੱਗਾ ਤਾਂ ਫੌਜੀ ਨੇ ਭੈਣ ਦੀ ਗਾਲ੍ਹ ਕੱਢ ਕੇ ਕਿਹਾ- “ਦਿਖਾਈ ਦੇ ਰਹਾ ਹੈ ਸਾਲੇ ਕੋ ਔਰ ਬਤਾਤਾ ਨਹੀਂ ਕਿ ਕਸ ਕਰ ਕੱਪੜਾ ਬਾਂਧੋ। ਕਰਤਾ ਹੰੂ ਇਲਾਜ।” ਤਿੰਨ ਤਿੰਨ ਪੱਤੇ ਦੋਹਾਂ ਅੱਖਾਂ ਉਪਰ ਰੱਖ ਕੇ ਕੱਸ ਕੇ ਕੱਪੜਾ ਬੰਨ੍ਹ ਦਿੱਤਾ। ਇੱਕ ਦਿਨ ਵਿੱਚ ਹੀ ਉਸਦੀਆਂ ਅੱਖਾਂ ਇਉਂ ਗਲ ਗਈਆਂ ਸਨ ਜਿਵੇਂ ਪੱਤੇ ਬੰਨ੍ਹਣ ਨਾਲ ਫੋੜਾ ਗਲ ਕੇ ਫੁੱਟ ਜਾਂਦਾ ਹੈ। ਪਰ ਉਸਨੇ ਸੀ ਤਕ ਨਹੀਂ ਸੀ ਕੀਤੀ।
ਜਦੋਂ ਸਾਨੂੰ ਪਹਿਲੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਲਗਭਗ ਸੌ ਸਿੱਖ ਵਕੀਲ ਦੌੜਦੇ ਹੋਏ ਸਾਡੇ ਕੇਸ ਲੜਨ ਹਿੱਤ ਪੇਸ਼ ਹੋਏ, ਤਦ ਸਾਡੇ ਜਿਸਮਾਂ ਵਿੱਚੋਂ ਬਦਬੂ ਏਨੀ ਤਿੱਖੀ ਆ ਰਹੀ ਸੀ ਸਾਡੇ ਨੇੜੇ ਕੋਈ ਖਲੋਣ ਲਈ ਤਿਆਰ ਨਹੀਂ ਸੀ। ਦੋ ਮਹੀਨੇ ਨਾ ਕਿਸੇ ਨੇ ਨਹਾਉਣ ਦਿੱਤੇ ਨਾ ਦਾਤਣ ਬਰੱਸ਼ ਕਿੱਧਰੇ ਮਿਿਲਆ। 27 ਬੰਦਿਆਂ ਵਿੱਚੋਂ ਲਗਭਗ ਅੱਧਿਆਂ ਦੇ ਜ਼ਖਮਾਂ ਵਿੱਚ ਕੀੜੇ ਪੈ
ਗਏ ਹੋਏ ਹਨ। ਜੂਨ ਅਤੇ ਜੁਲਾਈ ਦੇ ਦੋ ਮਹੀਨੇ ਜਿਸ ਕਮਰੇ ਵਿੱਚ ਬੰਦ ਰੱਖਿਆ ਸੀ ਉੱਤੇ ਪੱਖਾ ਤਾਂ ਕੀ ਹੋਣਾ ਸੀ ਖਿੜਕੀ ਜਾਂ ਰੋਸ਼ਨਦਾਨ ਵੀ ਨਹੀਂ ਸੀ।
ਪੰਜ-ਪੰਜ ਸੱਤ-ਸੱਤ ਫਰਜ਼ੀ ਕੇਸ ਹਰੇਕ ਬੰਦੀ ਉੱਪਰ ਮੜ੍ਹ ਕੇ ਸਖਤ ਸੁਰੱਖਿਆ ਅੰਦਰ ਨਾਭੇ ਜੇਲ੍ਹ ਵਿੱਚ ਭੇਜ ਦਿੱਤੇ ਗਏ ਇਨ੍ਹਾਂ ਵਿੱਚੋਂ ਕੋਈ ਵੀ ਕੇਸ ਦੋ ਮਹੀਨੇ ਤੋਂ ਵਧੀਕ ਨਹੀਂ ਚੱਲਿਆ ਸਾਰਾ ਝੂਠ ਦਾ ਆਡੰਬਰ ਸੀ…ਨਾ ਸਬੂਤ ਨਾ ਗਵਾਹੀ ਨਾ ਸਰਕਾਰ ਵੱਲੋਂ ਪੈਰਵਾਈ। ਪਰ ਜਿਸ-ਜਿਸ ਦੀ ਜ਼ਮਾਨਤ ਹੋਣ ਲੱਗਦੀ ਜਾਂ ਕੋਈ ਬਰੀ ਹੋਣ ਲੱਗਦਾ ਉਸਨੂੰ ਜੇਲ੍ਹ ਦੀ ਡਿਉਢੀਓਂ ਬਾਹਰ ਨਿਕਲਣ ਤੋਂ ਪਹਿਲਾਂ ਹੀ ਕੌਮੀ ਸੁਰੱਖਿਆ ਐਕਟ ਤਹਿਤ ਨਜ਼ਰਬੰਦ ਕਰ ਲਿਆ ਜਾਂਦਾ। ਪੰਜਾਬੀ ਪਾਠਕਾਂ ਅੱਗੇ ਬੇਨਤੀ ਹੈ ਕਿ ਉਹ ਅੰਗਰੇਜ਼ਾਂ ਵੱਲੋ ਲਾਏ ਰੋਲਟ ਐਕਟ ਦਾ ਮੁਕਾਬਲਾ ਨੈਸ਼ਨਲ ਸਕਿਉਰਟੀ ਐਕਟ ਨਾਲ ਕਰਨ। ਭਾਰਤੀ ਦੇਸ਼ ਭਗਤਾਂ ਨੇ ਇਸ ਐਕਟ ਨੂੰ ਕਾਲਾ ਕਾਨੂੰਨ ਐਲਾਨ ਕੇ ਵਿਦਰੋਹ ਕੀਤਾ ਤਾਂ ਅੰਗਰੇਜ਼ੀ ਸਰਕਾਰ ਨੇ ਇਹ ਵਾਪਸ ਲੈ ਲਿਆ ਸੀ। ਭਾਰਤ ਸਰਕਾਰ ਵੱਲੋਂ ਆਇਦ ਐਨ.ਐਸ.ਏ. ਜਾਂ ਟਾਡਾ, ਰੋਲਟ ਐਕਟ ਤੋਂ ਕਿਤੇ ਭਿਅੰਕਰ ਐਕਟ ਹੈ ਤੇ 1984 ਤੋਂ ਲੈ ਕੇ ਅੱਜ ਤੱਕ ਇਸ ਐਕਟ ਅਧੀਨ ਕੁੱਲ ਹਿੰਦੁਸਤਾਨ ਵਿੱਚ ਜਿੰਨੇ ਵਿਅਕਤੀ ਨਜ਼ਰਬੰਦ ਕੀਤੇ ਗਏ ਉਸ ਵਿੱਚ 80% ਸਿੱਖ ਹਨ। ਕਿੰਨਿਆਂ ਨੂੰ ਕੀ- ਕੀ ਤਸੀਹੇ ਦਿੱਤੇ ਗਏ…ਇਹ ਅੰਕੜੇ ਪ੍ਰਾਪਤ ਨਹੀਂ ਹਨ।
ਉਨ੍ਹਾਂ ਸਿੱਖਾਂ ਦੇ ਖਿਲਾਫ ਅਜਿਹੇ ਭਰਮਾਰੂ ਕਾਨੂੰਨ ਸਰਕਾਰ ਨੇ ਘੜੇ ਜਿਨ੍ਹਾਂ ਸਿੱਖਾਂ ਨੇ ਹਿੰਦੁਸਤਾਨ ਨੂੰ ਬਚਾਉਣ ਲਈ ਆਪਣੀ ਕੋਈ ਪਿਆਰੀ ਵਸਤੂ ਕਦੀ ਸੰਭਾਲ ਕੇ ਨਹੀਂ ਰੱਖੀ। ਹੁਣ ਕਲ੍ਹ ਸੰਸਾਰ ਨੇ ਫੈਸਲਾ ਇਹ ਕਰਨਾ ਹੈ ਕਿ ਇਸ ਦੇਸ਼ ਦੇ ਖੈਰ ਖਵਾਹ ਕੌਣ ਹਨ: ਬਹੁਗਿਣਤੀ ਹਿੰਦੂ ਭਾਈਆਂ ਦੀਆਂ ਸਰਕਾਰਾਂ ਕਿ ਸਿੱਖ? ਸਿੱਖ ਦੇਸ਼ ਦੀ ਵੰਡ ਦੇ ਖਿਲਾਫ ਰਹੇ। ਇਨ੍ਹਾਂ ਦੀਆਂ ਜਾਇਦਾਦਾਂ ਅਤੇ ਧਾਰਮਿਕ ਸਥਾਨ ਪਾਕਿਸਤਾਨ ਵਿੱਚ ਰਹਿ ਗਏ ਤੇ ਲੱਖਾਂ ਦੀ ਗਿਣਤੀ ਵਿੱਚ ਕਤਲ ਹੋਏ। ਅੱਜ ਤੱਕ ਦੇਸ਼ ਵੰਡ ਦੀ ਸੱਟ ਸਿੱਖਾਂ ਲਈ ਸੰਗੀਨ ਦਰਦ ਬਣ ਕੇ ਬੈਠੀ ਹੋਈ ਹੈ। ਜਿਨਾਹ ਅਤੇ ਨਹਿਰੂ ਨੇ ਦੇਸ਼ ਦੀ ਵੰਡ ਕਰਵਾਈ। ਚੇਤੇ ਰਹੇ ਕਿ ਅੰਗਰੇਜ਼ ਦੇਸ਼ ਵੰਡ ਦੇ ਖਿਲਾਫ ਸੀ। ਜਿਨਾਹ ਅਤੇ ਨਹਿਰੂ ਤੁਰੰਤ ਹਕੂਮਤ ਸੰਭਾਲਣ ਲਈ ਤਰਲੋਮੱਛੀ ਹੋ ਰਹੇ ਸਨ। ਦੇਸ਼ ਦੀ ਵੰਡ ਹੋ ਗਈ। ਪਾਕਿਸਤਾਨ ਵਿੱਚ ਜਿਨਾਹ ਦੇਸ਼ ਭਗਤ ਹੈ ਤੇ ਭਾਰਤੀਆਂ ਲਈ ਨਹਿਰੂ ਤੋਂ ਵੱਡਾ ਦੇਸ਼ ਭਗਤ ਕੌਣ ਹੋ ਸਕਦਾ ਹੈ? ਸਿੱਖ, ਜਿਹੜੇ ਅੱਜ ਤੱਕ ਦੇਸ਼ ਵੰਡ ਦੇ ਖਿਲਾਫ ਹਨ, ਗੱਦਾਰ ਐਲਾਨੇ ਗਏ ਹਨ। ਸਿੱਖਾਂ ਨੂੰ ਪਾਕਿਸਤਾਨ ਦੇ ਏਜੰਟ ਹੋਣ ਦੀਆਂ ਉਪਾਧੀਆਂ ਅਕਸਰ ਮਿਲਦੀਆਂ ਹਨ। ਧੰਨ ਹੈ ਭਾਰਤ। ਧੰਨ ਹਨ ਭਾਰਤੀ ਭਰਾ।
– 0 –
ਜੂਨ 1984 ਦੇ ਘੱਲੂਘਾਰ ਬਾਰੇ ਇਸ ਖਾਸ ਲੇਖ ਲੜੀ ਤਹਿਤ ਛਪੀਆਂ ਹੋਰ ਰਚਨਾਵਾਂ ਪੜ੍ਹਨ/ਸੁਣ ਲਈ ਇਹ ਪੰਨਾ ਖੋਲ੍ਹੋ …