June 12, 2022 | By ਡਾ. ਪ੍ਰੀਤਮ ਸਿੰਘ
ਲੇਖਕ: ਡਾ. ਪ੍ਰੀਤਮ ਸਿੰਘ
ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਦੇ ਹਮਲੇ ਦਾ ਸਾਕਾ 32 ਸਾਲ ਪਹਿਲਾਂ ਵਾਪਰਿਆ ਸੀ ਪਰ ਸਾਨੂੰ ਇਹ ਕੱਲ੍ਹ ਵਾਪਰਿਆ ਘਟਨਾਕ੍ਰਮ ਹੀ ਜਾਪਦਾ ਹੈ। ਦਿਲ, ਦਿਮਾਗ ਤੇ ਜਿਸਮ ਉਹੀ ਪੀੜਾ, ਉਹੀ ਲਰਜ਼ਸ਼ ਹੁਣ ਵੀ ਮਹਿਸੂਸ ਕਰਦਾ ਹੈ ਜੋ ਇਸ ਜਜ਼ਬਾਤੀ ਭੂਚਾਲ ਕਾਰਨ ਉਸ ਸਮੇਂ ਮਹਿਸੂਸ ਕੀਤੀ ਗਈ ਸੀ। ਹਰ ਸਾਲ ਜਿਵੇਂ ਜਿਵੇਂ 6 ਜੂਨ ਦਾ ਦਿਨ ਨੇੜੇ-ਨੇੜੇ ਆਉਂਦਾ ਜਾਂਦਾ ਹੈ ਤਾਂ ਯਾਦਾਂ ਉਬਾਲੇ ਖਾਣ ਲੱਗਦੀਆਂ ਹਨ। ਸਾਕਾ ਨੀਲਾ ਤਾਰਾ ਹੁਣ ਹੌਲੀ-ਹੌਲੀ ਸਿੱਖ ਅਰਦਾਸ ਦਾ ਹਿੱਸਾ ਬਣਦਾ ਜਾ ਰਿਹਾ ਹੈ। ਅਰਦਾਸ ਦੀ ਸਿੱਖ ਪ੍ਰਥਾ ਦੁਨੀਆਂ ਦੇ ਹੋਰਨਾਂ ਧਰਮਾਂ ਦੀਆਂ ਪ੍ਰਾਰਥਨਾਵਾਂ ਜਾਂ ਜੋਦੜੀਆਂ ਨਾਲੋਂ ਇਸ ਪੱਖੋਂ ਨਿਵੇਕਲੀ ਹੈ ਕਿ ਇਸ ਵਿੱਚ ਸਿਮ੍ਰਤੀਆਂ ਨੂੰ ਕੇਂਦਰੀ ਸਥਾਨ ਦਿੱਤਾ ਗਿਆ ਹੈ। ਹਰ ਸਿੱਖ ਦੇ ਜੀਵਨ ਦੇ ਹਰ ਅਹਿਮ ਮੁਕਾਮ ਜਨਮ, ਵਿਆਹ, ਮੌਤ, ਨਵੀਂ ਨੌਕਰੀ, ਤਰੱਕੀ, ਅਹਿਮ ਪ੍ਰੀਖਿਆ ਵਿੱਚ ਕਾਮਯਾਬੀ, ਗ੍ਰਹਿ ਪ੍ਰਵੇਸ਼, ਗੁਰਪੁਰਬ ਅਤੇ ਗੁਰਦੁਆਰੇ ਵਿੱਚ ਨਿੱਤ ਦੇ ਕਿਿਰਆ-ਕਰਮ ਮੌਕੇ ਅਰਦਾਸ ਜ਼ਰੂਰ ਕੀਤੀ ਜਾਂਦੀ ਹੈ-ਸ਼ੁਕਰਾਨੇ ਦੇ ਰੂਪ ਵਿੱਚ, ਜੋਦੜੀ ਦੇ ਰੂਪ ਵਿੱਚ, ਗੁਰੂ ਦਾ ਆਸ਼ੀਰਵਾਦ ਲੈਣ ਦੇ ਰੂਪ ਵਿੱਚ। ਇਸ ਅਰਦਾਸ ਵਿੱਚ ਸੰਖੇਪ ਜਿਹੇ ਰੂਪ ’ਚ ਸਿੱਖ ਇਤਿਹਾਸ ਸ਼ਾਮਲ ਹੁੰਦਾ ਹੈ। ਅਰਦਾਸ ਸਿੱਖ ਮੱਤ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੂੰ ਧਿਆਉਣ, ਅਗਲੇ 9 ਗੁਰੂ ਸਾਹਿਬਾਨ ਨੂੰ ਯਾਦ ਕਰਨ ਅਤੇ ਫਿਰ ਦਸਮ ਪਿਤਾ ਦੇ ਚਾਰ ਸਾਹਿਬਜ਼ਾਦਿਆਂ, ਪੰਜ ਪਿਆਰਿਆਂ, ਚਾਲੀ ਮੁਕਤਿਆਂ ਅਤੇ ਅਨੇਕਾਂ ਹੋਰ ਹਠੀਆਂ, ਜਪੀਆਂ, ਤਪੀਆਂ ਤੇ ਸਿਦਕਵਾਨਾਂ ਵੱਲੋਂ ਕੀਤੀਆਂ ਕੁਰਬਾਨੀਆਂ ਦਾ ਸਮਰਣ ਕਰਨ ਨਾਲ ਆਰੰਭ ਹੁੰਦੀ ਹੈ। ਇਹੀ ਕਾਰਨ ਹੈ ਕਿ ਸਿੱਖਾਂ ਦੀ ਯਾਦ-ਸ਼ਕਤੀ ਬੜੀ ਮਜ਼ਬੂਤ ਹੈ। ਉਹ ਨਿਮਾਣਿਆਂ, ਨਿਤਾਣਿਆਂ, ਨਿਓਟਿਆਂ ਨਾਲ ਹੋਈਆਂ ਜ਼ਿਆਦਤੀਆਂ ਭੁੱਲਦੇ ਨਹੀਂ।
ਮੈਨੂੰ ਕਈ ਵਾਰ ਸਿੱਖ ਭਾਈਚਾਰੇ ਉੱਤੇ ਇਸ ਗੱਲੋਂ ਗੁੱਸਾ ਆਉਂਦਾ ਹੈ ਕਿ ਗੁਰੂ ਸਾਹਿਬਾਨ ਦੇ ‘ਮਾਨਸੁ ਕੀ ਜਾਤ ਸਭੈ ਏਕੇ ਪਹਿਚਾਨਬੋ’ ਦੇ ਸੁਨੇਹੇ ਦੇ ਬਾਵਜੂਦ ਇਹ ਭਾਈਚਾਰਾ ਜਾਤ-ਪਾਤ, ਬੇਲੋੜੀ ਵਿਖਾਵੇਬਾਜ਼ੀ ਅਤੇ ਇਸਤਰੀਆਂ ਨਾਲ ਭੇਦ-ਭਾਵ ਵਰਗੀਆਂ ਸਮਾਜਿਕ ਕੁਰੀਤੀਆਂ ਛੱਡਣ ਲਈ ਤਿਆਰ ਕਿਉਂ ਨਹੀਂ। ਪਰ ਨਾਲ ਹੀ ਮੈਂ ਇਸ ਭਾਈਚਾਰੇ ਅੰਦਰਲੇ ਇਤਿਹਾਸ ਨੂੰ ਯਾਦ ਰੱਖਣ, ਰਵਾਇਤਾਂ ਦਾ ਪਾਲਣ ਕਰਨ ਅਤੇ ਅਸੂਲਾਂ ਉੱਤੇ ਪਹਿਰਾ ਦੇਣ ਦੀ ਸਮਰੱਥਾ ਤੇ ਜਜ਼ਬੇ ਤੋਂ ਕਾਇਲ ਹਾਂ। ਇਹ ਭਾਈਚਾਰਾ ਉਸ ਉੱਪਰ ਵਧੀਕੀਆਂ ਕਰਨ ਅਤੇ ਗੁਰੂਆਂ ਦਾ ਅਪਮਾਨ ਕਰਨ ਵਾਲਿਆਂ ਨੂੰ ਨਾ ਭੁੱਲਣ ਅਤੇ ਨਾ-ਮੁਆਫ਼ ਕਰਨ ਲਈ ਸਦਾ ਵਚਨਬੱਧ ਰਿਹਾ ਹੈ। ਇਸੇ ਤਰ੍ਹਾਂ ਜਿਨ੍ਹਾਂ ਨੇ ਭੀੜ ਦੇ ਸਮੇਂ ਵਿੱਚ ਗੁਰੂਆਂ ਜਾਂ ਗੁਰੂ ਪੰਥ ਦਾ ਸਾਥ ਦਿੱਤਾ ਜਾਂ ਇਸ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ, ਉਨ੍ਹਾਂ ਨੂੰ ਇਹ ਭਾਈਚਾਰਾ ਪੂਰੀ ਮਾਣ-ਮਰਿਆਦਾ ਨਾਲ ਯਾਦ ਕਰਦਾ ਆਇਆ ਹੈ। ਅਜਿਹੀਆਂ ਹਸਤੀਆਂ ਵਿੱਚ ਮਾਲੇਰਕੋਟਲਾ ਦੇ ਨਵਾਬ, ਪੀਰ ਬੁੱਧੂ ਸ਼ਾਹ ਤੇ ਬਾਬਾ ਮੋਤੀ ਰਾਮ ਮਹਿਰਾ ਦੇ ਨਾਮ ਸਹਿਜੇ ਹੀ ਗਿਣਾਏ ਜਾ ਸਕਦੇ ਹਨ। ਜ਼ੁਲਮ ਢਾਹੁਣ ਵਾਲਿਆਂ ਨੂੰ ਸੋਧਣ ਦੀ ਪ੍ਰਥਾ ਕਿਸੇ ਖ਼ਾਸ ਸਿਆਸੀ ਧਾਰਾ ਜਾਂ ਰਵਾਇਤ ਤਕ ਸੀਮਤ ਨਹੀਂ ਰਹੀ। ਮਿਸਾਲ ਵਜੋਂ ਊਧਮ ਸਿੰਘ ਨੇ 1919 ਵਿੱਚ ਵਾਪਰੇ ਜਲ੍ਹਿਆਂਵਾਲਾ ਬਾਗ਼ ਸਾਕੇ ਦਾ ਬਦਲਾ 1940 ਵਿੱਚ ਸਰ ਮਾਈਕਲ ਓਡਵਾਇਰ ਦੀ ਹੱਤਿਆ ਕਰਕੇ ਲਿਆ। ਇਸੇ ਤਰ੍ਹਾਂ ਭਗਤ ਸਿੰਘ ਤੇ ਦੋ ਸਾਥੀ ਇਨਕਲਾਬੀਆਂ ਖ਼ਿਲਾਫ਼ 1931 ਵਿੱਚ ਗਵਾਹੀ ਦੇਣ ਵਾਲੇ ਸਿੱਖ ਜ਼ਿਮੀਂਦਾਰ ਅਜਾਇਬ ਸਿੰਘ ਕੋਕਰੀ ਦੀ ਨਕਸਲੀ ਸਿੱਖਾਂ ਨੇ 43 ਸਾਲਾਂ ਬਾਅਦ 1974 ਵਿੱਚ ਹੱਤਿਆ ਕਰ ਕੇ ਬਦਲਾ ਲਿਆ। ਸਿੱਖ ਪਰਿਵਾਰ ਦੀ ਸਿਆਸੀ ਸੋਚ ਤੇ ਸੁਹਜ ਭਾਵੇਂ ਕੁਝ ਵੀ ਹੋਵੇ, ਉਸ ਦੀ ਸਮਾਜਿਕ ਪਰਵਰਿਸ਼ ਵਿੱਚ ਅਰਦਾਸ ਦਾ ਮਹੱਤਵ ਏਨਾ ਜ਼ਿਆਦਾ ਹੁੰਦਾ ਹੈ ਕਿ ਉਹ ਬਚਪਨ ਤੋਂ ਲੈ ਕੇ ਜਵਾਨੀ ਵਿੱਚ ਪੈਰ ਪਾਉਣ ਦੇ ਸਮੇਂ ਤਕ ਪੁੱਜਦਿਆਂ ਉਸ ਨੂੰ ਅਰਦਾਸ ਦਿਲੋਂ ਯਾਦ ਹੋ ਜਾਂਦੀ ਹੈ। ਇਹ ਮਿਸਾਲ ਹਰ ਇੱਕ ’ਤੇ ਢੁੱਕਦੀ ਹੈ ਚਾਹੇ ਉਹ ਅਨਪੜ੍ਹ ਕਿਸਾਨ ਹੋਵੇ ਅਤੇ ਚਾਹੇ ਯੂਨੀਵਰਸਿਟੀ ਦਾ ਪ੍ਰੋਫੈਸਰ। ਅਰਦਾਸ ਉਸ ਨੂੰ ਇੱਕ ਅਜਿਹੀ ਇਤਿਹਾਸਕ ਹਸਤੀ ਵਿੱਚ ਬਦਲ ਦਿੰਦੀ ਹੈ, ਜਿਸ ਨੂੰ ਆਪਣਾ ਅਤੀਤ ਯਾਦ ਹੈ। ਇਸ ਅਤੀਤ ਨੂੰ ਉਹ ਆਪਣੇ ਵਰਤਮਾਨ ਨਾਲ ਜੋੜਨਾ ਜਾਣਦਾ ਹੈ ਅਤੇ ਭਵਿੱਖ ਦਾ ਇਸੇ ਮੁਤਾਬਕ ਨਿਰਧਾਰਨ ਕਰਨਾ ਲੋਚਦਾ ਹੈ।
“ਸਾਕਾ ਨੀਲਾ ਤਾਰਾ” ਨੂੰ “ਤੀਜੇ ਘੱਲੂਘਾਰੇ” ਵਜੋਂ ਯਾਦ ਕੀਤਾ ਜਾਣ ਲੱਗਾ ਹੈ। ਭਾਰਤ ਦੇ ਗੁਰਦੁਆਰਿਆਂ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ, ਪਰ ਵਿਦੇਸ਼ਾਂ ਵਿਚਲੇ ਕਈ ਗੁਰਦੁਆਰਿਆਂ ਨੇ ਤੀਜੇ ਘੱਲੂਘਾਰੇ ਨੂੰ ਅਰਦਾਸ ਦਾ ਹਿੱਸਾ ਬਣਾ ਲਿਆ ਹੈ। ਸਿੱਖ ਇਤਿਹਾਸ ਵਿੱਚ ਨੀਲਾ ਤਾਰਾ ਸਾਕੇ ਤੋਂ ਪਹਿਲਾਂ ਦੋ ਘੱਲੂਘਾਰੇ ਹੋਏ। ਛੋਟਾ ਘੱਲੂਘਾਰਾ ਤੇ ਵੱਡਾ ਘੱਲੂਘਾਰਾ। ਛੋਟਾ ਘੱਲੂਘਾਰਾ ਮਈ 1746 ਵਿੱਚ ਹੋਇਆ। ਉੱਘੇ ਇਤਿਹਾਸਕਾਰ ਡਾ. ਗੰਡਾ ਸਿੰਘ ਮੁਤਾਬਕ ਇਸ ਵਿੱਚ 10 ਹਜ਼ਾਰ ਦੇ ਕਰੀਬ ਸਿੰਘ-ਸਿੰਘਣੀਆਂ ਸ਼ਹੀਦ ਹੋਏ। ਫਰਵਰੀ 1762 ਵਿੱਚ ਹੋਏ ਵੱਡੇ ਘੱਲੂਘਾਰੇ ਵਿੱਚ ਵੀਰਗਤੀ ਪਾਉਣ ਵਾਲੇ ਸਿੰਘਾਂ, ਸਿੰਘਣੀਆਂ ਤੇ ਭੁਝੰਗੀਆਂ ਦੀ ਗਿਣਤੀ 30 ਹਜ਼ਾਰ ਦੇ ਕਰੀਬ ਸੀ। ਇੱਕ ਅਨੁਮਾਨ ਅਨੁਸਾਰ (ਜਿਸ ਦੀ ਅਜੇ ਤਸਦੀਕ ਹੋਣੀ ਬਾਕੀ ਹੈ) ਉਸ ਸਮੇਂ ਦੀ ਤਕਰੀਬਨ ਅੱਧੀ ਸਿੱਖ ਵਸੋਂ ਵੱਡੇ ਘੱਲੂਘਾਰੇ ਦੀ ਭੇਟ ਚੜ੍ਹ ਗਈ। ਇਹ ਸਿੱਖ ਇਤਿਹਾਸ ਦਾ ਸਭ ਤੋਂ ਕਾਲਾ ਸਮਾਂ ਸੀ। ਅਜਿਹੇ ਕਤਲੇਆਮ ਮਨੋਬਲ ਡੇਗ ਕੇ ਸਿੱਖਾਂ ਦਾ ਬੀਜ ਨਸ਼ਟ ਕਰਨ ਵਾਲੇ ਹੋ ਸਕਦੇ ਸਨ ਪਰ ਗੁਰੂਆਂ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਿਤ ਭਾਈਚਾਰਾ ਛੇਤੀ ਹੀ ਮੁੜ ਜਥੇਬੰਦ ਹੋਇਆ ਅਤੇ ਵੱਡੇ ਘੱਲੂਘਾਰੇ ਤੋਂ ਚੰਦ ਦਹਾਕਿਆਂ ਬਾਅਦ ਸਿੱਖ ਪੰਜਾਬ ਦੇ ਅਸਲ ਹਾਕਮਾਂ ਵਾਲੇ ਰੁਤਬੇ ਉੱਤੇ ਜਾ ਪਹੁੰਚੇ। 1780 ਤਕ ਸਮੁੱਚਾ ਪੰਜਾਬ ਸਿੱਖ ਮਿਸਲਦਾਰਾਂ ਦੇ ਕਬਜ਼ੇ ਹੇਠ ਆ ਚੁੱਕਾ ਸੀ ਅਤੇ 1799 ਵਿੱਚ ਤਾਂ ਇੱਕ ਮਿਸਲਦਾਰ ਰਣਜੀਤ ਸਿੰਘ ਪੰਜਾਬ ਦਾ ਮਹਾਰਾਜਾ ਬਣ ਗਿਆ। ਉਂਜ, ਉਸ ਦੇ ਮਨ-ਮਸਤਕ ’ਤੇ ਵੀ ਸਿੱਖ ਸ਼ਹਾਦਤਾਂ ਤੇ ਸਿਮਰਤੀਆਂ ਦਾ ਏਨਾ ਬੋਝ ਸੀ ਕਿ ਉਹ ਰਾਜ, ਗੁਰੂਆਂ ਦੇ ਨਾਂ ਉੱਤੇ ਕਰਦਾ ਰਿਹਾ। ਉਸ ਦੇ ਰਾਜਕਾਲ ਦੌਰਾਨ ਹੀ ਜਗੀਰਦਾਰਾਨਾ ਨਿਘਾਰ ਦੀਆਂ ਨਿਸ਼ਾਨੀਆਂ ਉੱਭਰਨੀਆਂ ਸ਼ੁਰੂ ਹੋ ਗਈਆਂ। ਇਹ ਨਿਘਾਰ ਉਸ ਵੱਲੋਂ ਗੁਰੂਆਂ ਵਾਲਾ ਮਾਰਗ ਕੁਝ ਹੱਦ ਤਕ ਤਿਆਗਣ ਕਾਰਨ ਆਇਆ।
ਸਿੱਖ ਭਾਈਚਾਰੇ ਲਈ ਇੱਕ ਕਾਲਾ ਯੁੱਗ 1716 ਤੋਂ ਸ਼ੁਰੂ ਹੋਇਆ ਜਦੋਂ ਸਿੱਖ ਜਰਨੈਲ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ। ਉਦੋਂ ਤੋਂ ਲੈ ਕੇ ਰਣਜੀਤ ਸਿੰਘ ਵੱਲੋਂ ਮਹਾਰਾਜਾ ਬਣਨ ਤਕ ਦੇ ਸਮੇਂ ਦੌਰਾਨ ਹਰਿਮੰਦਰ ਸਾਹਿਬ ਸਿੱਖਾਂ ਦੇ ਇਖ਼ਲਾਕੀ, ਸਿਆਸੀ, ਫ਼ੌਜੀ, ਰੂਹਾਨੀ ਅਤੇ ਇੱਥੋਂ ਤਕ ਕਿ ਆਰਥਿਕ ਸ਼ਕਤੀਕਰਨ ਦਾ ਧੁਰਾ ਬਣਿਆ ਰਿਹਾ। ਮੁਗਲ ਹੁਕਮਰਾਨਾਂ ਖ਼ਿਲਾਫ਼ ਗੁਰੀਲਾ ਜੰਗ ਦੌਰਾਨ ਸਿੱਖ ਸਾਲ ਵਿੱਚ ਦੋ ਵਾਰ ਵਿਸਾਖੀ ਅਤੇ ਦੀਵਾਲੀ ਮੌਕੇ ਅੰਮ੍ਰਿਤਸਰ ਵਿੱਚ ਵਿਚਾਰ-ਵਟਾਂਦਰੇ ਅਤੇ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਜੁੜਿਆ ਕਰਦੇ ਸਨ। ਇੱਕ ਵਾਰ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਦਾਖ਼ਲ ਹੋਣ ’ਤੇ ਉਹ ਗੁਰੂ ਰਾਖਾ ਹੋਣ ਅਤੇ ਹਮੇਸ਼ਾ ਅੰਗ-ਸੰਗ ਹੋਣ ਦੇ ਅਹਿਸਾਸ ਤੇ ਆਭਾਸ ਨਾਲ ਵਿਚਰਦੇ ਸਨ ਅਤੇ ਮਹਿਸੂਸ ਕਰਦੇ ਸਨ ਕਿ ਮੁਗਲ ਹੁਕਮਰਾਨਾਂ ਸਮੇਤ ਕੋਈ ਵੀ ਦੁਨਿਆਵੀ ਤਾਕਤ ਉਨ੍ਹਾਂ ਦਾ ਨੁਕਸਾਨ ਨਹੀਂ ਕਰ ਸਕੇਗੀ। ਅਜਿਹਾ ਹੋਣ ਨਾਲ ਹਰਿਮੰਦਰ ਸਾਹਿਬ ਦੀ ਮਾਨਤਾ ਵਧੀ ਅਤੇ ਉਸ ਮਗਰੋਂ ਲਗਾਤਾਰ ਵਧਣੀ ਜਾਰੀ ਹੈ। ਹਰਿਮੰਦਰ ਸਾਹਿਬ ਹੌਲੀ-ਹੌਲੀ ਸਮੁੱਚੇ ਭਾਈਚਾਰੇ ਦੇ ਹਿਰਦੇ ਵਿੱਚ ਵਸ ਗਿਆ।
“ਨੀਲਾ ਤਾਰਾ ਅਪਰੇਸ਼ਨ” ਕਾਰਨ ਹੋਈਆਂ ਮੌਤਾਂ, ਤਬਾਹੀ ਅਤੇ ਬੇਅਦਬੀ ਨੇ ਨਾ ਸਿਰਫ਼ ਸਿੱਖਾਂ ਸਗੋਂ ਬਹੁਤ ਸਾਰੇ ਪੰਜਾਬੀ ਹਿੰਦੂ ਸ਼ਰਧਾਲੂਆਂ ਦੇ ਮਨਾਂ ਨੂੰ ਵੀ ਭਾਰੀ ਠੇਸ ਪਹੁੰਚਾਈ। ਲੱਖਾਂ ਲੋਕਾਂ ਦੀ ਤਰਜ਼-ਏ-ਜ਼ਿੰਦਗੀ ਇਸ ਸਾਕੇ ਨੇ ਬਦਲ ਦਿੱਤੀ। ਮਾਨਸਿਕ ਸੰਵੇਦਨਾਵਾਂ ਨੂੰ ਇਸ ਸਾਕੇ ਨੇ ਕਿਸ ਹੱਦ ਤਕ ਪ੍ਰਭਾਵਿਤ ਕੀਤਾ, ਇਸ ਨੂੰ ਕਲਮਬੰਦ ਕੀਤੇ ਜਾਣਾ ਸਿਆਸੀ ਦੁਫੇੜਾਂ ਕਾਰਨ ਅਜੇ ਤਕ ਸੰਭਵ ਨਹੀਂ ਹੋ ਸਕਿਆ। ਮੈਂ ਆਪਣੀ ਹੀ ਇੱਕ ਕਹਾਣੀ ਪਾਠਕਾਂ ਨਾਲ ਸਾਂਝੀ ਕਰਨੀ ਚਾਹਾਂਗਾ। ਮੇਰੇ ਇੱਕ ਮਾਮਾ ਜੀ, ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦਾ ਸਾਂ,‘‘ਬਹੁਤ ਜ਼ਿੰਦਾਦਿਲ ਇਨਸਾਨ ਸਨ, ਪਰ ਹਰਿਮੰਦਰ ਸਾਹਿਬ ਵਿੱਚ ਫ਼ੌਜੀ ਕਾਰਵਾਈ ਕਾਰਨ ਹੋਏ ਨੁਕਸਾਨ ਤੋਂ ਉਹ ਇਸ ਹੱਦ ਤਕ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਹੱਸਣਾ ਬੰਦ ਕਰ ਦਿੱਤਾ। ਉਹ ਇਸ ਸਾਕੇ ਬਾਰੇ ਬਹੁਤਾ ਕੁਝ ਨਹੀਂ ਸੀ ਕਹਿੰਦੇ, ਪਰ ਜਦੋਂ ਕਦੇ ਕੁਝ ਕਹਿੰਦੇ ਤਾਂ ਸੁਰ ਗੁਸੈਲੇ ਹੁੰਦੇ। ਉਹ ਇਸ ਸਾਕੇ ਮਗਰੋਂ 15 ਕੁ ਸਾਲ ਜੀਵੇ। ਉਨ੍ਹਾਂ ਦੇ ਚਲਾਣੇ ਤੋਂ ਕੁਝ ਕੁ ਸਾਲ ਪਹਿਲਾਂ ਉਨ੍ਹਾਂ ਨੂੰ ਖੁਸ਼ ਕਰਨ ਦੀ ਇੱਛਾ ਨਾਲ ਜਦੋਂ ਮੈਂ ਉਨ੍ਹਾਂ ਤੋਂ ਪੁੱਛਿਆ ਕਿ ਮੈਂ ਉਨ੍ਹਾਂ ਨੂੰ ਕੀ ਤੋਹਫਾ ਦੇਵਾਂ ਤਾਂ ਉਨ੍ਹਾਂ ਦਾ ਜਵਾਬ ਸੀ,‘‘ਕੇਸਰੀ ਪੱਗ।’’ ਉਨ੍ਹਾਂ ਦੇ ਇਸ ਕਥਨ ਤੋਂ ਤਿਆਗ ਤੇ ਜੂਝ ਮਰਨ ਦੀ ਭਾਵਨਾ ਚਾਹੇ ਉਹ ਪ੍ਰਤੀਕਾਤਮਿਕ ਹੀ ਸੀ, ਸਪਸ਼ਟ ਝਲਕਦੀ ਸੀ। ਮੇਰੇ ਲਈ ਮੇਰੇ ਮਾਮਾ ਜੀ ਦੀ ਮਾਨਸਿਕ ਪੀੜਾ ਤੇ ਸਾਕਾ ਨੀਲਾ ਤਾਰਾ ਦੀਆਂ ਯਾਦਾਂ ਆਪੋ ਵਿੱਚ ਜੁੜੀਆਂ ਹੋਈਆਂ ਹਨ।
“ਨੀਲਾ ਤਾਰਾ ਸਾਕੇ” ਤੋਂ ਬਾਅਦ ਇੱਕ ਨਵੀਂ ਪੀੜ੍ਹੀ ਜਵਾਨ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਕਈ ਤਾਂ ਖ਼ੁਦ ਵੀ ਮਾਪੇ ਬਣ ਚੁੱਕੇ ਹਨ। ਉਹ ਹਰਿਮੰਦਰ ਸਾਹਿਬ ਵਿੱਚ ਫ਼ੌਜੀ ਕਾਰਵਾਈ ਬਾਰੇ ਪੜ੍ਹਦੇ ਤੇ ਸੁਣਦੇ ਹਨ ਅਤੇ ਆਪਣੇ ਮਾਪਿਆਂ ਤੇ ਉਨ੍ਹਾਂ ਤੋਂ ਪਹਿਲਾਂ ਦੀ ਪੀੜ੍ਹੀ ਨਾਲ ਜੁੜੇ ਇਤਿਹਾਸ ਤੇ ਇਸ ਇਤਿਹਾਸ ਵਿੱਚੋਂ ਉਪਜੀ ਪੀੜਾ ਬਾਰੇ ਜਾਣਨ ਦਾ ਯਤਨ ਕਰਦੇ ਹਨ। ਇਨ੍ਹਾਂ ਵਿੱਚੋਂ ਕਈ ਇਸ ਇਤਿਹਾਸ ਨੂੰ ਸਮਝਣ ਤੇ ਇਸ ਦੀ ਤਹਿ ਤਕ ਜਾਣ ਲਈ ਨਵੇਂ ਸਾਧਨ ਤੇ ਨਵੇਂ ਮਾਧਿਅਮ ਈਜਾਦ ਕਰ ਰਹੇ ਹਨ। ਪਿਛਲੇ ਸਾਲ ਮੈਂ ਰਜੱਰਜ਼ ਯੂਨੀਵਰਸਿਟੀ ਅਮਰੀਕਾ ਦੀ ਸ਼ਰੁਤੀ ਦੇਵਗਣ ਦਾ ਪੀਐਚ.ਡੀ. ਸ਼ੋਧ-ਪੱਤਰ ਪੜ੍ਹਿਆ। ਇਸ ਆਲ੍ਹਾਤਰੀਨ ਸ਼ੋਧ ਪੱਤਰ ਦਾ ਸਿਰਲੇਖ ਸੀ: ‘‘ਅਤੀਤ ਦੀ ਮੁੜ-ਪੇਸ਼ਕਾਰੀ: ਸਿੱਖ ਡਾਇਸਪੋਰੇ ਦੀ 1984 ਦੀਆਂ ਡਿਜੀਟਲ ਯਾਦਾਂ।’’ ਇਹ ਥੀਸਿਜ਼ ਅਮਰੀਕਾ ਤੇ ਕੈਨੇਡਾ ਵਿਚਲੇ ਸਿੱਖ ਡਾਇਸਪੋਰੇ ਵੱਲੋਂ ਆਪਣੇ ਦਰਦਮਈ ਅਤੀਤਾਂ ਦੇ ਟੋਟਿਆਂ ਨੂੰ ਇਕਸੁਰ ਕਰਨ ਦੇ ਯਤਨਾਂ ਉੱਤੇ ਕੇਂਦ੍ਰਿਤ ਹੈ ਤਾਂ ਜੋ ਅਤਿਅੰਤ ਤਕਲੀਫ਼ਦੇਹ ਨਿੱਜੀ ਤਜਰਬਿਆਂ ਨੂੰ ਸੱਭਿਆਚਾਰਕ ਅਰਥ ਤੇ ਆਕਾਰ ਪ੍ਰਦਾਨ ਕੀਤਾ ਜਾ ਸਕੇ। ਆਪਣੇ ਇਸ ਕਾਰਜ ਰਾਹੀਂ ਉਹ ਨੀਲਾ ਤਾਰਾ ਸਾਕੇ ਬਾਰੇ ਸਰਕਾਰ ਵੱਲੋਂ ਘੜੇ ਜਾਂ ਨਿਰਦੇਸ਼ਿਤ ਕਥਾਕ੍ਰਮ ਨੂੰ ਬੇਪਰਦ ਕਰਦੇ ਜਾ ਰਹੇ ਹਨ। ਇਹ ਕਾਰਜ ਉਨ੍ਹਾਂ ਨੂੰ ਦੁਨੀਆਂ ਦੇ ਹੋਰਨਾਂ ਘੱਲੂਘਾਰਿਆਂ ਜਾਂ ਕਤਲੇਆਮ ਦੇ ਪੀੜਤਾਂ ਜਿਵੇਂ ਕਿ ਯਹੂਦੀਆਂ, ਆਰਮੀਨੀਅਨਾਂ ਅਤੇ ਰਵਾਂਡਾ ਦੇ ਟੁਟਸੀਆਂ ਦੀ ਪੀੜਾ ਨੂੰ ਸਮਝਣਾ ਤੇ ਇਸ ਨਾਲ ਜੁੜਨਾ ਸੰਭਵ ਬਣਾ ਰਿਹਾ ਹੈ। ਇਹ ਸਹੀ ਹੈ ਕਿ ਕੁਝ ਜ਼ਖ਼ਮ ਅਜਿਹੇ ਹੁੰਦੇ ਹਨ ਜੋ ਕਦੇ ਨਹੀਂ ਭਰਦੇ ਪਰ ਆਪਣੇ ਦਰਦ ਨੂੰ ਦੂਜਿਆਂ ਦੇ ਦਰਦ ਨਾਲ ਜੋੜ ਕੇ ਦੇਖਣਾ, ਇਸ ਦਰਦ ਦਾ ਅਰਥ ਤੇ ਸ਼ਿੱਦਤ ਹੀ ਬਦਲ ਦਿੰਦਾ ਹੈ।
* ਲੇਖਕ ਡਾ. ਪ੍ਰੀਤਮ ਸਿੰਘ ਇੰਗਲੈਂਡ ਦੀ ਆਕਸਫੋਰਡ ਬਰੁਕਸ ਯੂਨੀਵਰਸਿਟੀ ਵਿੱਚ ਇਕਨੌਮਿਕਸ ਦਾ ਪ੍ਰੋਫੈਸਰ ਹੈ। ਇਹ ਲੇਖ ਮੂਲ ਰੂਪ ਵਿਚ 6 ਜੂਨ, 2016 ਨੂੰ ਪੰਜਾਬੀ ਟ੍ਰਿਿਬਊਨ ਅਖਬਾਰ ਵਿਚ ਛਪਿਆ ਸੀ।
***
ਜੂਨ 1984 ਦੇ ਘੱਲੂਘਾਰ ਬਾਰੇ ਇਸ ਖਾਸ ਲੇਖ ਲੜੀ ਤਹਿਤ ਛਪੀਆਂ ਹੋਰ ਰਚਨਾਵਾਂ ਪੜ੍ਹਨ/ਸੁਣ ਲਈ ਇਹ ਪੰਨਾ ਖੋਲ੍ਹੋ …
*ਉਪਰੋਕਤ ਲਿਖਤ ਪਹਿਲਾਂ 13 ਜੂਨ 2016 ਨੂੰ ਛਾਪੀ ਗਈ ਸੀ
Related Topics: Audio Articles on June 1984, Dr. Pritam Singh Oxford, ਜੂਨ 1984 ਫੌਜੀ ਹਮਲਾ ( Indian Army Attack on Sri Darbar Sahib), ਸਿੱਖ ਨਸਲਕੁਸ਼ੀ 1984 (Sikh Genocide 1984)