ਭਾਈ ਢੱਡਰੀਆਂਵਾਲਿਆਂ ਟੀ.ਵੀ. ਇੰਟਰਵਿਊ ਦੌਰਾਨ (ਫਾਈਲ ਫੋਟੋ)

ਸਿੱਖ ਖਬਰਾਂ

ਮੈਨੂੰ ਮਾਰਨ ਲਈ ਹਮਲਾਵਰ ਬੰਬਈ ਤੋਂ ਸੱਦੇ ਗਏ ਸਨ: ਭਾਈ ਰਣਜੀਤ ਸਿੰਘ ਢੱਡਰੀਆਂਵਾਲੇ

By ਸਿੱਖ ਸਿਆਸਤ ਬਿਊਰੋ

May 20, 2016

ਪਟਿਆਲਾ: ਲੁਧਿਆਣਾ ਵਿਖੇ ਹੋਏ ਹਮਲੇ ਤੋਂ ਬਾਅਦ ਆਪਣੇ ਪਹਿਲੇ ਟੀ.ਵੀ. ਇੰਟਰਵਿਊ ਵਿਚ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੇ ਕਿਹਾ ਕਿ ਮੈਨੂੰ ਮਰਵਾਉਣ ਲਈ ਹਮਲਾਵਰ ਬੰਬਈ ਤੋਂ ਬੁਲਾਏ ਗਏ ਸੀ। ਏ.ਬੀ.ਪੀ. ਸਾਂਝਾ ਦੇ ਪੱਤਰਕਾਰ ਯਾਦਵਿੰਦਰ ਕਰਫਿਊ ਨਾਲ ਗੱਲਬਾਤ ਕਰਦਿਆਂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਲੁਧਿਆਣਾ ਵਿਖੇ 17 ਮਈ ਨੂੰ ਕਾਫਲੇ ’ਤੇ ਹਮਲਾ ਕਰਨ ਵਾਲੇ ਬੰਬਈ ਤੋਂ ਭਾੜੇ ’ਤੇ ਬੁਲਾਏ ਗਏ ਸੀ।

ਜ਼ਿਕਰਯੋਗ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਦੇ ਸਾਥੀ ਭਾਈ ਭੁਪਿੰਦਰ ਸਿੰਘ ਇਸ ਹਮਲੇ ਵਿਚ ਮਾਰੇ ਗਏ ਸਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਹਮਲਾਵਰਾਂ ਦੀ ਪਛਾਣ ਕਰ ਲਈ ਹੈ। ਲੁਧਿਆਣਾ ਪੁਲਿਸ ਨੇ 4 ਬੰਦੇ ਇਸ ਕੇਸ ਵਿਚ ਫੜੇ ਸਨ ਅਤੇ ਉਨ੍ਹਾਂ ਨੂੰ ਬੀਤੇ ਕਲ ਮੈਜੀਸਟਰੇਟ ਸਾਹਮਣੇ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ।

ਇੰਟਰਵਿਊ ਵਿਚ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਸ਼ਾਸਨ ’ਤੇ ਭਰੋਸਾ ਹੈ ਕਿ ਪੁਲਿਸ ਸੱਚ ਸਾਹਮਣੇ ਲਿਆਏਗੀ। ਉਨ੍ਹਾਂ ਕਿਹਾ ਕਿ ਸਿਰਫ ਹਮਲਾਵਰਾਂ ਦੀ ਗ੍ਰਿਫਤਾਰੀ ਨਾਲ ਗੱਲ ਨਹੀਂ ਬਣਨੀ, ਸਗੋਂ ਹਮਲੇ ਦੇ ਸਾਜਿਸ਼ਕਾਰ ਵੀ ਸਾਹਮਣੇ ਆਉਣੇ ਚਾਹੀਦੇ ਹਨ।

ਭਾਈ ਢੱਡਰੀਆਂਵਾਲਿਆਂ ਨੇ ਕਿਹਾ ਕਿ ਇੰਨਾ ਵੱਡਾ ਹਮਲਾ ਬਿਨਾਂ ਕਿਸੇ ਡੂੰਘੀ ਸਾਜਿਸ਼ ਦੇ ਨਹੀਂ ਹੋ ਸਕਦਾ। ਕੋਈ ਨਾ ਕੋਈ ਤਾਂ ਹੈ ਇਸ ਹਮਲੇ ਦੇ ਪਿੱਛੇ ਅਤੇ ਪ੍ਰਸ਼ਾਸਨ ਨੂੰ ਉਸ ਸਾਜਿਸ਼ਕਰਤਾ ਨੂੰ ਲੋਕਾਂ ਸਾਹਮਣੇ ਲਿਆਉਣਾ ਚਾਹੀਦਾ ਹੈ, ਨਹੀਂ ਤਾਂ ਪ੍ਰਸ਼ਾਸਨ ਅਤੇ ਸਰਕਾਰ ਦੀ ਜਾਂਚ ਅਤੇ ਕਾਰਵਾਈ ਸਵਾਲਾਂ ਦੇ ਘੇਰੇ ਵਿਚ ਰਹੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: