ਜਲੰਧਰ: ਕੈਲੀਫੋਰਨੀਆ ਦੇ ਸ਼ਹਿਰ ਰਿਚਮੰਡ ਵਿਚ ਇਕ ਨੌਜਵਾਨ ਸਿਖ ਮਾਨ ਸਿੰਘ ਖਾਲਸਾ ‘ਤੇ ਐਤਵਾਰ ਦੀ ਰਾਤ ਨੂੰ ਉਸ ਵੇਲੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕਰ ਦਿਤਾ ਗਿਆ ਜਿਸ ਵਕਤ ਉਹ ਆਪਣੇ ਇਕ ਸਾਥੀ ਨੂੰ ਉਸਦੇ ਘਰ ਛਡ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ।
ਕੈਲੀਫੋਰਨੀਆ ਦੀ ਇੱਕ ਗੈਰ-ਮੁਨਾਫ਼ਾ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਖ਼ਜ਼ਾਨਚੀ ਸ. ਮਾਨ ਸਿੰਘ ਖ਼ਾਲਸਾ ਨੇਪਾਲ ਵਿੱਚ ਗੁਰੂ ਨਾਨਕ ਸਾਹਿਬ ਦਾ ਜਨਮ ਪੁਰਬ ਮਨਾਉਣ ਲਈ ਸ. ਮਨਜੀਤ ਸਿੰਘ ਖ਼ਾਲਸਾ ਨਾਲ ਬੇ ਏਰੀਏ ਦੇ ਵੱਖ-ਵੱਖ ਗੁਰਦੁਆਰਿਆਂ ਦੀਆਂ ਮੀਟਿੰਗਾਂ ਵਿੱਚ ਰੁੱਝੇ ਹੋਏ ਸਨ।
ਇਨ੍ਹਾਂ ਮੀਟਿੰਗਾਂ ਪਿੱਛੋਂ ਵਾਪਸ ਮੁੜਦੇ ਹੋਏ ਸ. ਮਾਨ ਸਿੰਘ ਨੇ ਮਨਜੀਤ ਸਿੰਘ ਨੂੰ ਐਤਵਾਰ ਦੀ ਰਾਤ 9 ਵਜੇ ਉਨ੍ਹਾਂ ਦੇ ਘਰ ਛੱਡ ਦਿੱਤਾ। ਜਦੋਂ ਮਾਨ ਸਿੰਘ ਆਪਣੇ ਘਰ ਨੂੰ ਪਰਤ ਰਹੇ ਸਨ ਤਾਂ ਉਨ੍ਹਾਂ ’ਤੇ ਉਦੋਂ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਹਮਲਾ ਕਰ ਦਿੱਤਾ ਜਦੋਂ ਉਹ ਹਿਲਟੋਪ ਮਾਲ ਟਰੈਫਿਕ ਰੈਡ ਲਾਈਟ ’ਤੇ ਰੁਕੇ ਹੋਏ ਸਨ। ਕਾਰ ਵਿੱਚ ਕਿਸੇ ਹੋਰ ਬੰਦੇ ਨੂੰ ਦੇਖਣ ਲਈ ਹਮਲਾਵਾਰ ਕਾਰ ਦੀ ਪਿਛਲੀ ਤਾਕੀ ਵੀ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸਨ।
ਕਾਰ ਦੇ ਅੰਦਰੋਂ ਹੀ ਹਮਲਾਵਰਾਂ ਦਾ ਮੁਕਾਬਲਾ ਕਰਦਿਆਂ ਮਾਨ ਸਿੰਘ ਦੇ ਚਿਹਰੇ ਅਤੇ ਸਿਰ ’ਤੇ ਡੂੰਘੇ ਜ਼ਖਮ ਹੋ ਗਏ। ਗੰਭੀਰ ਹਾਲਤ ਵਿੱਚ ਮਾਨ ਸਿੰਘ ਨੂੰ ਐਂਬੂਲੈਂਸ ਰਾਹੀਂ ਕੈਜਰ ਹਸਪਤਾਲ ਰਿਚਮੰਡ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੇ ਜ਼ਖ਼ਮਾਂ ’ਤੇ ਕਈ ਟਾਂਕੇ ਲਗਾਏ ਗਏ। ਅਗਲੇ ਦਿਨ ਸਵੇਰੇ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦਿੱਤੀ ਗਈ। ਰਿਚਮੰਡ ਪੁਲਿਸ ਨੇ ਮਾਨ ਸਿੰਘ ਦੇ ਬਿਆਨ ਰਿਕਾਰਡ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਦੁਖ ਦੀ ਗੱਲ ਹੈ ਕਿ 9/11 ਹਮਲੇ ਦੇ 15 ਸਾਲਾਂ ਪਿੱਛੋਂ ਵੀ ਨਫ਼ਰਤ ਕਾਰਨ ਵਾਪਰ ਰਹੇ ਮੁਸਲਿਮ ਵਿਰੋਧੀ ਹਮਲਿਆਂ ਦਾ ਨਿਸ਼ਾਨਾ ਸਿੱਖ ਬਣ ਰਹੇ ਹਨ।