Site icon Sikh Siyasat News

ਸਿੱਖ ਪ੍ਰਚਾਰਕ ਭਾਈ ਢੱਡਰੀਆਂਵਾਲਿਆਂ ’ਤੇ ਕਾਤਲਾਨਾ ਹਮਲਾ ਪਾਗਲਪਣ: ਦਲ ਖ਼ਾਲਸਾ

ਅੰਮ੍ਰਿਤਸਰ: ਦਲ ਖ਼ਾਲਸਾ ਨੇ ਸਿੱਖ ਪ੍ਰਚਾਰਕ ’ਤੇ ਹੋਏ ਕਾਤਲਾਨਾ ਹਮਲੇ ਨੂੰ ਪਾਗਲਪਣ ਵਾਲਾ ਕੰਮ ਦੱਸਿਆ। ਦਲ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਅਜਿਹੀ ਕੋਸ਼ਿਸ਼ ਨਾਲ ਸਿੱਖ ਕੌਮ ਦਾ ਅਕਸ ਖਰਾਬ ਹੋਇਆ। ਧਰਮ ਪ੍ਰਚਾਰਕ ’ਤੇ ਉਸ ਦੇ ਅਜ਼ਾਦ ਵਿਚਾਰਾਂ ਬਦਲੇ ਹਮਲਾ ਕਰਨ ਨਾਲ ਅਸੀਂ ਕਿਹੋ ਜਿਹਾ ਅਸਹਿਣਸ਼ੀਲ ਸਮਾਜ ਸਿਰਜ ਰਹੇ ਹਾਂ।

ਲੁਧਿਆਣਾ ਵਿਖੇ ਹਮਲੇ ਤੋਂ ਬਾਅਦ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਗੁਰਦੁਆਰਾ ਪਰਮੇਸ਼ਰ ਦਵਾਰ ਵਿਖੇ ਸੰਗਤਾਂ ਨੂੰ ਸੰਬੋਧਿਤ ਹੁੰਦੇ ਹੋਏ (ਫਾਈਲ ਫੋਟੋ)

ਕੰਵਰਪਾਲ ਸਿੰਘ ਨੇ ਬਾਬਾ ਭੁਪਿੰਦਰ ਸਿੰਘ ਦੇ ਮੌਤ ’ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਜਦ ਤਕ ਹਮਲਾਵਰ ਫੜੇ ਨਹੀਂ ਜਾਂਦੇ ਉਦੋਂ ਤਕ ਕਿਸੇ ਨਤੀਜੇ ’ਤੇ ਪੁੱਜਣਾ ਮੁਸ਼ਕਿਲ ਹੈ।

ਦਲ ਖ਼ਾਲਸਾ ਨੇ ਲਿਖਤੀ ਬਿਆਨ ਵਿਚ ਕਿਹਾ ਕਿ ਤਿੰਨ ਦਰਜਨ ਲੋਕਾਂ ਵਲੋਂ ਹਮਲਾ ਕਰਨਾ ਖੁਫੀਆ ਤੰਤਰ ਦਾ ਪ੍ਰਭਾਵਹੀਣ ਹੋਣਾ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਖੁਫੀਆ ਤੰਤਰ ਦਾ ਸਾਰਾ ਜ਼ੋਰ ਸੱਤਾਧਾਰੀ ਧਿਰ ਲਈ ਵਿਰੋਧੀਆਂ ਦੀ ਜਸੂਸੀ ਕਰਨ ’ਤੇ ਹੀ ਲੱਗਾ ਹੈ।

ਦਲ ਦੇ ਬੁਲਾਰੇ ਨੇ ਕਿਹਾ ਕਿ ਭਾਈ ਰਣਜੀਤ ਸਿੰਘ ’ਤੇ ਹਮਲਾ ਕਰਨ ਵਾਲਿਆਂ ਨੇ ਖ਼ਾਲਿਸਤਾਨ ਪੱਖੀ ਨਾਅਰੇ ਲਾਏ ਦੱਸੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ ਨਾ ਖ਼ਾਲਿਸਤਾਨ ਵਿਰੋਧੀ ਹਨ, ਨਾ ਹੀ ਪੰਥ ਵਿਰੋਧੀ, ਸਗੋਂ ਪੰਥ ਵਿਚ ਉਨ੍ਹਾਂ ਦਾ ਚੰਗਾ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਦੇ ਨਿਸ਼ਾਨੇ ਨਾਲ ਅਜਿਹੀ ਘਟੀਆ ਹਰਕਤ ਦਾ ਕੋਈ ਲੈਣਾ-ਦੇਣਾ ਨਹੀਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version