Site icon Sikh Siyasat News

ਸਥਾਨਿਕ ਭਾਸ਼ਾਵਾਂ ਦਾ ਕੌਮਾਂਤਰੀ ਵਰ੍ਹਾ-2019

ਪਿਛਲੇ ਕਈ ਸਾਲਾਂ ਤੋ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿਚ ਸਥਾਨਕ ਭਾਸ਼ਾਵਾਂ ਨਾਲ ਹੋ ਰਹੀ ਬੇਇਨਸਾਫੀ ਉੱਪਰ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ। ਅਸਲ ਵਿਚ ਸਥਾਨਕ ਭਾਸ਼ਾਵਾਂ ਨੂੰ ਲੋੜੀਦੀ ਪ੍ਰਾਥਮਿਕਤਾ ਨਹੀਂ ਦਿੱਤੀ ਜਾ ਰਹੀ ਅਤੇ ਉਨ੍ਹਾਂ ਨੂੰ ਇਕ ਖ਼ਾਸ ਕਿਸਮ ਦੇ ਭਾਸ਼ਾਈ ਸਾਮਰਾਜਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਤੀਜੇ ਵਜੋਂ ਬਹੁਤੀਆਂ ਸਥਾਨਿਕ ਭਾਸ਼ਾਵਾਂ ਅਲੋਪ ਹੋਣ ਦੀ ਸਥਿਤੀ ਵਿਚ ਪਹੁੱਚ ਗਈਆਂ ਹਨ। ਇਹ ਹਕੀਕਤ ਵੀ ਇਸ ਚਰਚਾ ਵਿਚ ਉਭਰ ਕੇ ਸਾਹਮਣੇ ਆਈ ਹੈ ਕਿ ਸਥਾਨਕ ਭਾਸ਼ਾ ਦੀ ਤਰੱਕੀ ਸਿਰਫ਼ ਕਿਸੇ ਸਥਾਨਕ ਲੋਕ ਸਮੂਹ ਦੀ ਤਰੱਕੀ ਲਈ ਹੀ ਜ਼ਰੂਰੀ ਨਹੀਂ ਹੁੰਦੀ, ਸਗੋਂ ਸਾਰੀ ਮਨੁੱਖਤਾ ਦੇ ਵਿਕਾਸ ਲਈ ਵੀ ਜ਼ਰੂਰੀ ਹੁੰਦੀ ਹੈ।

ਇਸ ਸਾਰੇ ਸੰਦਰਭ ਵਿਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 19 ਦਸੰਬਰ ਵਿਚ ਸਥਾਨਕ ਭਾਸ਼ਾਵਾਂ ਦੇ ਕੌਮਾਂਤਰੀ ਵਰ੍ਹੇ ਦੇ ਰੂਪ ਵਿਚ ਮਨਾਏ ਜਾਣ ਦਾ ਐਲਾਨਾਮਾ ਜਾਰੀ ਕੀਤਾ ਸੀ। ਸਾਰੀ ਕਵਾਇਦ ਦਾ ਮਕਸਦ ਇਹ ਸੀ ਕਿ ਸਥਾਨਕ ਲੋਕਾਂ ਦੇ ਬੁਨਿਆਦੀ ਹੱਕਾਂ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ। ਫਿਰ ਜਿਹੜੀਆਂ ਵੀ ਭਾਸ਼ਾਵਾਂ ਤੇ ਉਸ ਨਾਲ ਜੁੜੇ ਸਭਿਆਚਾਰ ਕਿਸੇ ਵੀ ਕਾਰਨ ਕਰਕੇ ਖੇਤਰ ਦੀ ਗ੍ਰਿਫਤ ਵਿਚ ਹਨ। ਉਨ੍ਹਾਂ ਦੀ ਸਾਂਭ-ਸੰਭਾਲ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਪਿੱਛੇ ਜਿਹੇ ਅੰਤਰਰਾਸ਼ਟਰੀ ਪੱਧਰ ਤੇ ਕੁਝ ਜਰੂਰੀ ਕਦਮ ਚੁੱਕੇ ਗਏ ਹਨ। ਯੂਨੈਸਕੋ ਵਲੋਂ ਇਸ ਕੌਮਾਤਰੀ ਵਰ੍ਹੇ ਦੇ ਹਵਾਲੇ ਨਾਲ ਇਕ ਵੱਡੀ ਯੋਜਨਾ ਵੀ ਬਣਾਈ ਗਈ ਹੈ। ਇਸ ਯੋਜਨਾ ਵਿਚ ਭਾਸ਼ਾਈ ਭਿੰਨਤਾ,ਵੱਖ-ਵੱਖ ਸੱਭਿਆਚਾਰਾਂ ਦੀ ਪਛਾਣ ਅਤੇ ਵੰਨ-ਸੁਵੰਨਤਾ ਨੂੰ ਕਾਇਮ ਰੱਖਣ ਲਈ ਉਚੇਚੇ ਉਪਰਾਲੇ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਪਿਛੋਕੜ ਵੱਲ ਝਾਤ ਮਾਰੀਏ ਤਾਂ ਸਥਾਨਕ ਭਾਸ਼ਾਵਾਂ ਦੀ ਅਹਿਮੀਅਤ ਦੱਸਦਿਆਂ ਪ੍ਰਸਿੱਧ ਅਫ਼ਰੀਕੀ ਵਿਦਵਾਨ-ਨਿਗੂਗੀ ਥਿਔਗ ਨੇ ਕਿਹਾ ਸੀ-ਅਗਰ ਤੁਸੀਂ ਲੋਕਾਂ ਦੀ ਜ਼ੁਬਾਨ ਖ਼ਤਮ ਕਰ ਦਿਓ ਤਾਂ ਉਨ੍ਹਾਂ ਦੀ ਯਾਦਾਸ਼ਤ ਖ਼ਤਮ ਹੋ ਜਾਦੀ ਹੈ ਅਤੇ ਇਸ ਤਰ੍ਹਾਂ ਦੇ ਬਿਨਾਂ ਯਾਦਾਸ਼ਤ ਦੇ ਲੋਕੀਂ ਪਤਵਾਰ-ਹੀਣ ਤੇ ਬੇਲਗਾਮ ਹੋ ਜਾਂਦੇ ਹਨ ਅਤੇ ਆਪਣੇ ਇਤਿਹਾਸ ਦੇ ਸੱਭਿਆਚਾਰ ਤੋਂ ਟੁੱਟ ਜਾਦੇ ਹਨ। ਇਕ ਵਾਰ ਰਾਬਿੰਦਰ ਨਾਥ ਟੈਗੋਰ ਨੇ ਬਲਰਾਜ ਸਾਹਨੀ ਨੂੰ ਪੰਜਾਬੀ ਵਿਚ ਲਿਖਣ ਦੀ ਪ੍ਰੇਰਣਾ ਦਿੰਦਿਆਂ ਕਿਹਾ ਸੀ- ਤੁਸੀਂ ਪਰਾਈ ਭਾਸ਼ਾ ਭਾਵੇ ਜ਼ਿੰਦਗੀ ਭਰ ਲਿਖਦੇ ਰਹੋ,ਪਰ ਨਾ ਤੁਹਾਡੇ ਲੋਕ ਤੁਹਾਨੂੰ ਆਪਣਾ ਸਮਝਣਗੇ, ਨਾ ਹੀ ਉਹ ਲੋਕ ਜਿਨ੍ਹਾਂ ਦੀ ਭਾਸ਼ਾ ਵਿਚ ਤੁਸੀਂ ਲਿਖ ਰਹੇ ਹੋ। ਦੂਜਿਆਂ ਦਾ ਬਣਨ ਤੋਂ ਪਹਿਲਾ ਆਪਣੇ ਲੋਕਾਂ ਦਾ ਬਣਨਾ ਚਾਹੀਦਾ ਹੈ।

ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼-ਪੁਰਬ ਮਨਾਉਂਦਿਆ ਇਕ ਵੱਡੀ ਇਤਿਹਾਸਕ ਹਕੀਕਤ ਵੱਲ ਵੀ ਤੁਹਾਡਾ ਧਿਆਨ ਦੁਆਉਣਾ ਚਾਹੁੰਦਾ ਹਾਂ। ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ ਸਥਾਨਕ ਭਾਸ਼ਾਵਾਂ ਦੇ ਵੱਡੇ ਹਮਾਇਤੀ ਸਨ। ਆਪਣੇ ਸਮਕਾਲੀ ਦੌਰ ਵਿਚ ਗੁਰੂ ਸਾਹਿਬ ਨੇ ਉਨ੍ਹਾਂ ਲੋਕਾਂ ਦੇ ਕਿਰਦਾਰ ਨੂੰ ਬੇਨਕਾਬ ਕੀਤਾ ਸੀ,ਜਿਨ੍ਹਾਂ ਨੇ ਵਿਦੇਸ਼ੀ ਹਾਕਮਾਂ ਨੂੰ ਖ਼ੁਸ਼ ਕਰਨ ਲਈ ਆਪਣੀ ਭਾਸ਼ਾ ਅਤੇ ਸੱਭਿਆਚਾਰ ਨੂੰ ਤਲਾਂਜਲੀ ਦੇ ਦਿੱਤੀ ਸੀ। ਇਥੋਂ ਤੱਕ ਕਿ ਆਪਣੇ, ਪਹਿਰਾਵੇ, ਆਚਰਣ ਅਤੇ ਆਪਣੀ ਸਥਾਨਕ ਬੋਲੀ ਨਾਲ ਧੋਖਾ ਕਰਨ ਵਾਲਿਆਂ ਨੂੰ ਸਖ਼ਤ ਸ਼ਬਦਾਂ ਵਿਚ ਤਾੜਨਾ ਕਰਦਿਆਂ ਗੁਰੂ ਸਾਹਿਬ ਨੇ ਫ਼ਰਮਾਇਆ ਸੀ ਕਿ ਤੁਹਾਡੀ ਬੋਲੀ ਬਦਲ ਗਈ ਹੈ, ਘਰ-ਘਰ ਵਿਚ ਹੁਣ ਮੀਆਂ ਸ਼ਬਦ ਦੀ ਵਰਤੋਂ ਹੋ ਰਹੀ ਹੈ :

ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ।।

(ਧਨਾਸਰੀ ਰਾਗ ਦੀ ਆਪਣੀ ਇਕ ਰਚਨਾ ਇਕ ਗੁਰੂ ਸਾਹਿਬ ਦਾ ਕਹਿਣਾ ਹੈ-ਧਰਮ ਦੀ ਰੱਖਿਆ ਕਰਨ ਵਾਲੇ ਖੱਤਰੀਆਂ ਨੇ ਆਪਣਾ ਧਰਮ ਛੱਡ ਦਿੱਤਾ ਹੈ ਅਤੇ ਵਿਦੇਸ਼ੀ ਭਾਸ਼ਾ ਨੂੰ ਅਪਣਾ ਲਿਆ ਹੈ :

ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ।।

ਇਤਿਹਾਸ ਦੀ ਇਹ ਸੱਚਾਈ ਵੀ ਬੜੇ ਧਿਆਨ ਦੇਣ ਵਾਲੀ ਹੈ ਕਿ ਗੁਰੂ ਸਾਹਿਬ ਨੇ ਖ਼ੁਦ ਹਾਕਮ ਜਮਾਤਦੇ ਭਾਸ਼ਾਈ ਦਬਦਬੇ ਨੂੰ ਪੂਰੀ ਤਰ੍ਹਾਂ ਨਕਾਰ ਕੇ, ਆਮ ਬੋਲ-ਚਾਲ ਵਾਲੀ ਪੰਜਾਬੀ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਅ ਦਾ ਮੁੱਖ ਸਾਧਨ ਬਣਾਇਆਂ ਸੀ। ਆਪਣੀ ਬਾਣੀ ਦੀ ਰਚਨਾ ਵਿਚ ਬੜੇ ਵਿਵਸਥਿਤ ਅਤੇ ਤਰਤੀਬ ਢੰਗ ਨਾਲ ਗੁਰਮੁਖੀ ਲਿੱਪੀ ਦਾ ਇਸਤੇਮਾਲ ਕੀਤਾ ਸੀ। ਫਿਰ ਰਵਾਇਤੀ ਸ਼ਾਸਤਰੀ-ਸੰਗੀਤ ਅਤੇ ਲੋਕ-ਸੰਗੀਤ ਦੀਆਂ ਵੰਨਗੀਆਂ ਦੀ ਵੀ ਵੱਡੀ ਪੱਧਰ ਤੇ ਵਰਤੋਂ ਕੀਤੀ ਸੀ। ਬਾਣੀ ਦੇ ਗਾਇਨ ਦੀ ਪਰੰਪਰਾ ਵਿਚ ਮਰਦਾਨੇ ਦੀ ਰਵਾਇਤੀ ਰਬਾਬ ਨੂੰ ਅਹਿਮ ਸਥਾਨ ਦਿੱਤਾ ਸੀ।

ਸਿੱਖ ਅਧਿਐਨ ਦੇ ਨਾਮਵਾਰ ਵਿਦਵਾਨ ਡਾ: ਤਾਰਨ ਸਿੰਘ ਦਾ ਕਹਿਣਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਭਾਸ਼ਾ ਆਮ ਲੋਕਾਂ ਨਾਲ ਪੂਰੀ ਤਰ੍ਹਾਂ ਇਕਮਿਕ ਸੀ। ਉਹ ਹਮੇਸਾਂ ਲੋਕਾਂ ਦੀ ਆਮ ਬੋਲ-ਚਾਲ ਦੀ ਭਾਸ਼ਾ ਨੂੰ ਪ੍ਰਾਥਮਿਕਤਾ ਦਿੰਦੇ ਸਨ। ਉਨ੍ਹਾਂ ਦੀ ਬਾਣੀ ਰਚਨਾ ਨੇ ਪੰਜਾਬੀ ਭਾਸ਼ਾ ਨੂੰ ਵੱਡੀ ਅਮੀਰੀ ਪ੍ਰਦਾਨ ਕੀਤੀ ਹੈ। ਉਨ੍ਹਾਂ ਦੀਆਂ ਰਚਨਾਵਾਂ ਵਿਚ ਸਥਾਨਕ ਪੰਜਾਬੀ ਦੀਆਂ ਵੰਨਗੀਆਂ ਵੇਖਣ ਵਾਲੀਆਂ ਹਨ। ਮਿਸਾਲ ਵਜੋਂ ਇਥੇ, ਰਾਗ ਸੂਹੀ ਵਿਚ ਅੰਕਿਤ ਇਕ ਰਚਨਾ ਦਾ ਜਿਕਰ ਕਰਨਾ ਚਾਹੁੰਦਾ ਹਾਂ। ਰਚਨਾ ਦੀਆਂ ਕੁਝ ਸਤਰਾਂ ਇਸ ਪ੍ਰਕਾਰ ਹਨ :

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ

ਧੋਤਿਆ ਜੂਠਿ ਨਾ ਉਤਰੈ ਜੋ ਸਉ ਧੋਵਾ ਤਿਸੁ

ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ

ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ

ਪੰਜਾਬੀਂ ਤੋਂ ਇਲਾਵਾ ਹੋਰ ਭਾਸ਼ਾਵਾਂ ਦਾ ਪ੍ਰਭਾਵ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਵੇਖਣ ਨੂੰ ਮਿਲਦਾ ਹੈ। ਦੇਸ਼-ਵਿਦੇਸ਼ ਵਿਚ ਲੰਮੀਆਂ ਯਾਤਰਾਵਾਂ ਅਤੇ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਨਾਲ ਸੰਪਰਕ ਨੇ ਉਨ੍ਹਾਂ ਦੀ ਭਾਸ਼ਾਂ ਅਤੇ ਲਹਿਜ਼ੇ ਨੂੰ ਖ਼ਾਸਾ ਪ੍ਰਭਾਵਿਤ ਕੀਤਾ ਸੀ। ਉਸ ਹਵਾਲੇ ਨਾਲ ਦੋ ਉਦਾਹਰਨ ਇਥੇ ਦਰਜ ਕਰਨ ਚਾਹੁੰਦਾ ਹਾਂ। ਪਹਿਲਾ,ਧਨਾਸਰੀ ਰਾਗ ਵਿਚ ਦਰਜ,ਸਾਰੇ ਗੁਰਦੁਆਰਾ ਸਾਹਿਬਾਨ ਵਿਚ ਗਾਈ ਜਾਣ ਵਾਲੀ ਰਚਨਾ ਆਰਤੀ ਬਾਰੇ ਹੈ। ਜਨਮ-ਸਾਖੀਆਂ ਮੁਤਾਬਕ ਜਗਨਨਾਥ ਪੁਰੀ ਵਿਚ ਜਦੋਂ ਗੁਰੂ ਨਾਨਕ ਸਾਹਿਬ ਨੇ ਆਰਤੀ ਦਾ ਉਚਾਰਣ ਕੀਤਾ ਤਾਂ ਮੰਦਰ ਦੇ ਪੰਡਿਤ ਅਤੇ ਹੋਰ ਸ਼ਰਧਾਲੂ ਬਹੁਤ ਪ੍ਰਭਾਵਿਤ ਸਨ। ਡਾ: ਕਿਰਪਾਲ ਸਿੰਘ ਨੇ ਜਨਮ-ਸਾਖ਼ੀ ਪਰੰਪਰ੍ਹਾਂ ਵਿਚ ਇਸ ਰਚਨਾ ਦੀ ਭਾਸ਼ਾ ਬਾਰੇ ਗੱਲ ਕਰਦਿਆਂ ਦੱਸਿਆ ਹੈ ਕਿ ਆਰਤੀ ਵਿਚ ਆਏ ਮਲਆਨਲੋ ਦਾ ਅਰਬ ਤਮਿਲ ਵਿਚ ਉਹ ਹਵਾ ਹੈ, ਜੋ ਸਮੁੰਦਰ ਦੇ ਪੂਰਬੀ ਕੰਢੇ ਤੋਂ ਆਉਂਦੀ ਹੈ। ਆਰਤੀ ਵਿਚ ਵਰਤੇ ਸ਼ਬਦ ‘ਅਨਹਤਾ ਸ਼ਬਦ ਵਾਜੰਤ ਭੇਰੀ’ ਉੜੀਆ ਬੋਲੀ ਤੋ ਪ੍ਰਭਾਵਿਤ ਦੱਸੇ ਜਾਂਦੇ ਹਨ। ਰਚਨਾ ਦੀਆਂ ਇਹ ਸਤਰਾਂ ਇਸ ਤਰ੍ਹਾਂ ਹਨ:

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ।।

ਤਾਰਿਕਾ ਮੰਡਲ ਜਨਕ ਮੋਤੀ ।।

ਧੂਪੁ ਮਲਆਨਲੋ ਪਵਣੁ ਚਵਰੋ ਕਰੇ ।।

ਸਗਲ ਬਨਰਾਇ ਫੂਲੰਤ ਜੋਤੀ ।।

ਕੈਸੀ ਆਰਤੀ ਹੋਇ ।। ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ।।

ਦੂਜੀ ਰਚਨਾ, ਜਿਸ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ, ਉਸ ਵਿਚ ਫ਼ਾਰਸੀ ਸ਼ਬਦਾਂ ਦੀ ਬਹੁਤਾਤ ਹੈ। ਪੁਰਾਤਨ ਜਨਮ-ਸਾਖੀ ਮੁਤਾਬਰ ਆਪਣੀਆਂ ਉਦਾਸੀਆਂ ਦੇ ਆਖ਼ਰੀ ਦੌਰ ਵਿਚ ਗੁਰੂ ਸਾਹਿਬ ਇਸਲਾਮੀ ਮੁਲਕਾਂ ਦੀ ਯਾਤਰਾ ਕਰ ਰਹੇ ਸਨ। ਮੱਕੀ ਦੀ ਧਰਤੀ ਤੇ ਇਸਲਾਮੀ ਧਰਮ ਆਗੂਆਂ-ਮੌਲਾਨਿਆਂ ਨਾਲ ਗੁਰੂ ਸਾਹਿਬ ਦਾ ਲੰਮਾ ਸੰਵਾਦ ਹੋਇਆ ਸੀ। ਕਿਹਾ ਜਾਂਦਾ ਹੈ ਕਿ ਗੱਲਬਾਤ ਦੇ ਆਖ਼ਿਰ ਵਿਚ ਗੁਰੂ ਸਾਹਿਬ ਨੇ ਫ਼ਾਰਸੀ ਸ਼ਬਦਾਂ ਵਾਲੀ ਇਸ ਰਚਨਾਂ ਨੂੰ ਸੁਣਾਇਆ ਤਾਂ ਸਾਰੇ ਮੁਹਤਬਰ ਮੌਲਵੀ ਅਤੇ ਹਾਜੀ ਗਦ-ਗਦ ਹੋ ਉਠੇ ਸਨ:

ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ

ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ।।

ਦੁਨੀਆ ਮੁਕਾਮੇ ਫਾਨੀਂ ਤਹਕੀਕ ਦਿਲ ਦਾਨੀ ।।

ਮਮ ਸਰ ਮੂਇ ਅਜਰਾਇਲ ਗਿਰਫਤਹ ਦਿਲ ਹੇਚਿ ਨਾ ਦਾਨੀ ।।

(ਅੰਗ-721)

ਅਸਲ ਗੱਲ ਇਹ ਹੈ ਕਿ ਹਰ ਸਥਾਨਕ ਭਾਸ਼ਾ,ਇਕ ਨਿਵੇਕਲੀ ਸੱਭਿਆਚਾਰਕ ਵਿਰਾਸਤ ਦੀ ਨਿਸ਼ਾਨਦੇਹੀ ਕਰਦੀ ਹੈ। ਉਹ ਖ਼ਜਾਨਾ ਹੁੰਦੀ ਹੈ-ਗਿਆਨ ਦਾ,ਸਾਹਿਤ ਦਾ,ਆਸਥਾ ਦਾ ਅਤੇ ਸਾਝੀਆਂ ਯਾਦਾਂ ਦਾ। ਇਸ ਲਈ ਕਿਸੇ ਭਾਸ਼ਾ ਦਾ ਤ੍ਰਿਸਕਾਰ ਕਰਨਾ, ਅਸਲ ਵਿਚ ਉਸ ਨਾਲ ਜੁੜੇ ਸਾਰੇ ਵਿਰਾਸਤੀ ਸਰਮਾਏ ਦਾ ਤ੍ਰਿਸਕਾਰ ਕਰਨਾ ਹੁੰਦਾ ਹੈ। ਇਹ ਨੁਕਸਾਨ ਸਾਨੂੰ ਸਾਰੀਆਂ ਨੂੰ ਸਾਂਝੇ ਰੂਪ ਵਿਚ,ਗੁਰਬਤ ਵੱਲ ਲਿਜਾ ਰਿਹਾ ਹੁੰਦਾ ਹੈ।

ਅੱਜ ਸਥਿਤੀ ਇਹ ਹੈ ਕਿ ਦੁਨਿਆ ਭਰ ਵਿਚ ਸਥਾਨਕ ਭਾਸ਼ਾਵਾਂ ਨੂੰ ਹਾਸ਼ੀਏ ਵੱਲ ਧੱਕਿਆ ਜਾ ਰਿਹਾ ਹੈ। ਇਕ ਅੰਦਾਜ਼ੇ ਮੁਤਾਬਕ ਦੁਨੀਆ ਦੀਆਂ 6700 ਭਾਸ਼ਾਵਾਂ ਵਿਚੋਂ 40 ਫ਼ੀਸਦੀ ਭਾਸ਼ਾਵਾਂ ਅੱਜ ਅਲੋਪ ਹੋਣ ਦੀ ਸਥਿਤੀ ਵਿਚ ਹਨ। ਇਸ ਲਈ ਹੁਣ ਇਹ ਸੰਕਟ ਦੁਨੀਆ ਦੇ ਕਿਸੇ ਹਿੱਸੇ ਵਿਚ ਜਾਂ ਕੁਝ ਖ਼ਾਸ ਭਾਸ਼ਾਵਾਂ ਤੱਕ ਸੀਮਤ ਨਹੀਂ । ਹੁਣ ਤਾਂ ਇਹ ਸਮੱਸਿਆ ਪੂਰੇ ਵਿਸਵ ਦੀ ਸਮੱਸਿਆ ਬਣ ਚੁੱਕੀ ਹੈ। ਇਸ ਨਾਲ ਤਾਂ ਇਕ ਗਲੋਬਲ ਸਮੱਸਿਆ ਦੀ ਤਰ੍ਹਾਂ ਨਜਿੱਠਣਾ ਪਵੇਗਾ। ਹਰ ਦੇਸ਼ ਦੀ ਸਰਕਾਰ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਨੂੰ, ਸਾਰੀਆਂ ਸਮਾਜਿਕ ਧਿਰਾਂ ਨੂੰ, ਅਕਾਦਮਿਕ ਅਦਾਰਿਆਂ ਨੂੰ, ਭਾਸ਼ਾ ਤੇ ਸਾਹਿਤ ਦੇ ਵਿਦਵਾਨਾਂ ਨੂੰ, ਖੋਜਾਰਥੀਆਂ ਤੇ ਸਮਰਪਿਤ ਕਾਰਕੁੰਨਾ ਨੂੰ ਸਰਗਰਮ ਹੋਣਾ ਪਵੇਗਾ।  ਕਿਸੇ ਵੀ ਭਾਸ਼ਾ ਦੀ ਸਿਰਜਣਾ ਵਿਚ ਸਦੀਆਂ ਲੱਗ ਜਾਦੀਆਂ ਹਨ। ਫਿਰ ਸਾਰੀਆਂ ਭਾਸ਼ਾਵਾਂ ਸਾਰੀ ਦੁਨੀਆ ਦੀ ਸਾਂਝੀ ਜਿੰਮੇਵਾਰੀ ਹੈ ਕਿ ਹਰ ਭਾਸ਼ਾ ਬੋਲਣ ਵਾਲੇ ਸਮਾਜ ਨੂੰ ਉਸ ਦਾ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇ। ਦੁਨੀਆ ਭਰ ਦੀਆਂ ਸਾਰੀਆਂ ਸਥਾਨਕ ਭਾਸ਼ਾਵਾਂ ਦੀ ਸਾਂਭ-ਸੰਭਾਲ ਲਈ ਉਚੇਚੇ ਅਤੇ ਯੋਜਨਾਬੱਧ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।

ਬੋਲੀ ਨਾਲ ਸੰਬੰਧਿਤ ਡਾ. ਸੇਵਕ ਸਿੰਘ ਦਾ ਲੇਖ ਪੜ੍ਹੋ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version