ਹਮਲੇ ਵਾਲੀ ਥਾਂ 'ਤੇ ਖੜ੍ਹੇ ਭਾਰਤੀ ਫੌਜੀ

ਆਮ ਖਬਰਾਂ

ਅਸਾਮ ‘ਚ ਉਲਫ਼ਾ ਅਤੇ ਐਨਐਸਸੀਐਨ ਦੇ ਲੜਾਕਿਆਂ ਨੇ ਕੀਤਾ ਫੌਜ ‘ਤੇ ਹਮਲਾ, 3 ਫੌਜੀ ਮਰੇ

By ਸਿੱਖ ਸਿਆਸਤ ਬਿਊਰੋ

November 20, 2016

ਗੁਹਾਟੀ: ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਦੇ ਪਨਗੜੀ ’ਚ ਉਲਫ਼ਾ (ਆਈ) ਅਤੇ ਐਨਐਸਸੀਐਨ (ਕੇ) ਦੇ ਲੜਾਕਿਆਂ ਵੱਲੋਂ ਭਾਰਤੀ ਫ਼ੌਜੀ ਕਾਫ਼ਲੇ ’ਤੇ ਘਾਤ ਲਾ ਕੇ ਹਮਲਾ ਕੀਤਾ ਗਿਆ ਜਿਸ ’ਚ ਤਿੰਨ ਜਵਾਨ ਮਾਰੇ ਗਏ। ਹਮਲੇ ’ਚ ਚਾਰ ਹੋਰ ਗੰਭੀਰ ਰੂਪ ’ਚ ਜ਼ਖਮੀ ਹੋਏ ਹਨ।

ਰੱਖਿਆ ਤਰਜਮਾਨ ਮੁਤਾਬਕ ਫ਼ੌਜੀ ਕਾਫ਼ਲੇ ਨੂੰ 19 ਨਵੰਬਰ ਦੀ ਸਵੇਰ 15 ਹਮਲਾਵਰਾਂ ਨੇ ਨਿਸ਼ਾਨਾ ਬਣਾਇਆ। ਹਮਲੇ ’ਚ ਫ਼ੌਜ ਦੀਆਂ ਦੋ ਗੱਡੀਆਂ ਦਾ ਨੁਕਸਾਨ ਹੋਇਆ ਅਤੇ ਇਕ ਫੌਜੀ ਥਾਂ ’ਤੇ ਹੀ ਮਾਰਿਆ ਗਿਆ ਜਦਕਿ ਛੇ ਫੌਜੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ ਦੋ ਨੇ ਹਸਪਤਾਲ ਜਾਂਦੇ ਸਮੇਂ ਰਾਹ ’ਚ ਮਰ ਗਏ। ਹਮਲੇ ਵਾਲੀ ਥਾਂ ’ਤੇ ਵੱਡਾ ਖੱਡਾ ਬਣ ਗਿਆ ਅਤੇ ਇਕ ਜੀਪ ਤੇ ਇਕ ਸ਼ਕਤੀਮਾਨ ਟਰੱਕ ਪੂਰੀ ਤਰ੍ਹਾਂ ਤਬਾਹ ਹੋ ਗਏ।

ਤਿਨਸੁਕੀਆ ਦੇ ਪੁਲਿਸ ਕਪਤਾਨ ਮੁਗਧਾਜਯੋਤੀ ਮਹੰਤਾ ਨੇ ਦੱਸਿਆ ਕਿ ਐਨਐਸਸੀਐਨ (ਕੇ) ਅਤੇ ਉਲਫ਼ਾ (ਆਈ) ਦੇ ਲੜਾਕਿਆਂ ਨੇ ਰਲ ਕੇ ਇਸ ਹਮਲੇ ਨੂੰ ਅੰਜਾਮ ਦਿੱਤਾ। ਹਮਲੇ ਦੌਰਾਨ ਇਨ੍ਹਾਂ ਲੜਾਕਿਆਂ ਨੇ ਰਾਕਟ ਚਾਲਿਤ ਗਰਨੇਡ, ਏਕੇ-47 ਰਾਈਫ਼ਲਾਂ ਅਤੇ ਮੋਰਟਾਰਾਂ ਦੀ ਵਰਤੋਂ ਕੀਤੀ। ਪੁਲਿਸ ਮੁਤਾਬਕ ਫੌਜੀਆਂ ਨੇ ਹਮਲਾਵਰਾਂ ਨੂੰ ਮੋੜਵਾਂ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਕੇ ਨਿਕਲਣ ’ਚ ਕਾਮਯਾਬ ਰਹੇ। ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਲੜਾਕਿਆਂ ’ਚੋਂ ਕੋਈ ਜ਼ਖ਼ਮੀ ਹੋਇਆ ਹੈ ਕਿ ਨਹੀਂ। ਹਮਲੇ ਦੇ ਤੁਰੰਤ ਬਾਅਦ ਫ਼ੌਜ, ਪੁਲਿਸ ਅਤੇ ਨੀਮ ਫੌਜੀ ਦਸਤਿਆਂ ਨੇ ਇਲਾਕੇ ਨੂੰ ਘੇਰਾ ਪਾ ਲਿਆ। ਸਰਕਾਰੀ ਤਰਜਮਾਨ ਨੇ ਦੱਸਿਆ ਕਿ ਹਮਲਾਵਰਾਂ ਦਾ ਪਤਾ ਲਾਉਣ ਲਈ ਹੈਲੀਕਾਪਟਰ ਲਾ ਦਿੱਤੇ ਗਏ ਹਨ।

ਉਧਰ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਹਮਲੇ ਦੀ ਤਿੱਖੀ ਨਿਖੇਧੀ ਕਰਦਿਆਂ ਡੀਜੀਪੀ ਮੁਕੇਸ਼ ਸਹਾਏ ਨੂੰ ਮੌਕੇ ’ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲੈਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਉਲਫ਼ਾ (ਆਈ) ਵੱਲੋਂ ਬੀਤੇ ਤਿੰਨ ਦਿਨਾਂ ’ਚ ਪਨਗੜੀ ’ਚ ਇਹ ਦੂਜਾ ਹਮਲਾ ਹੈ। ਉਲਫਾ (ਆਈ) ਦੇ ਲੜਾਕਿਆਂ ਨੇ 16 ਨਵੰਬਰ ਨੂੰ ਨਵੇਂ ਕਰੰਸੀ ਨੋਟ ਲਿਜਾ ਰਹੀਆਂ ਗੱਡੀਆਂ ’ਤੇ ਹਮਲਾ ਕੀਤਾ ਸੀ ਜਿਸ ਵਿਚ ਇਕ ਸਰਕਾਰੀ ਕਰਮਚਾਰੀ ਮਾਰਿਆ ਗਿਆ ਸੀ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ ਸੀ। ਇਹ ਰਕਮ ਚਾਹ ਦੇ ਬਾਗ਼ਾਂ ਦੇ ਮਜ਼ਦੂਰਾਂ ਦੀ ਉਜਰਤ ਦੇਣ ਲਈ ਭੇਜੀ ਜਾ ਰਹੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: