ਅਸਾਮ: ਅਸਾਮ ਵਿੱਚ ਬੀਤੇ ਦਿਨ ਪਈਆ ਚੋਣਾਂ ਦੋਰਾਨ ਇੱਕ ਬੂਥ ਦੀ ਈ.ਵੀ.ਐਮ. ਵੋਟਿੰਗ ਮਸ਼ੀਨ ਭਾਜਪਾ ਉਮੀਦਵਾਰ ਦੀ ਕਾਰ ਵਿਚ ਮਿਲਣ ਉੱਤੇ ਭਾਰੀ ਹੰਗਾਮਾ ਹੋਇਆ। ਚੋਣ ਕਮਿਸ਼ਨ ਦੇ ਅਫਸਰਾਂ ਮੁਤਾਬਿਕ ਰੱਤਾਬਰੀ ਹਲਕੇ ਦੇ ਬੂਥ ਨੰਬਰ 149 ਲਈ ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਗੱਡੀ ਰਾਤ 9 ਵਜੇ ਖਰਾਬ ਹੋ ਗਈ ਜਿਸ ਤੋਂ ਬਾਅਦ ਚੋਣ ਅਮਲਾ ਇੱਕ ਨਿੱਕੀ ਗੱਡੀ ਰਾਹੀਂ ਈ.ਵੀ.ਐਮ. ਵੋਟਿੰਗ ਮਸ਼ੀਨ ਨੂੰ ‘ਸਟਰਾਂਗ ਰੂਮ’ ਲਿਜਾ ਰਿਹਾ ਸੀ। ਜਦੋਂ ਇਹ ਗੱਡੀ ਸਟਰਾਂਗ ਰੂਮ ਵਾਲੀ ਥਾਂ ਉੱਤੇ ਪੁੱਜੀ ਤਾਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੇ ਪਛਾਣ ਲਿਆ ਇਹ ਗੱਡੀ ਭਾਜਪਾ ਦੇ ਉਮੀਦਵਾਰ ਦੀ ਸੀ। ਇਸ ਤੋਂ ਬਾਅਦ ਉਹਨਾ ਇਸ ਕਾਰਵਾਈ ਦਾ ਵਿਰੋਧ ਕੀਤਾ ਅਤੇ ਗੱਡੀ ਉੱਤੇ ਪੱਥਰਬਾਜ਼ੀ ਵੀ ਹੋਈ। ਚੋਣ ਅਮਲਾ ਆਪਣੇ ਆਪ ਨੂੰ ਬਚਾਉਣ ਲਈ ਉੱਥੋਂ ਭੱਜ ਗਿਆ। ਇਸ ਦੌਰਾਨ ਲੋਕਾਂ ਨੇ ਪੁਲਿਸ ਨੂੰ ਵੀ ਭਾਜੜਾਂ ਪਾ ਦਿੱਤੀਆਂ।
ਇਸ ਹਲਕੇ ਤੋਂ ਭਾਜਪਾ ਉਮਦੀਵਾਰ ਕ੍ਰਿਸਨੇਂਦੂ ਪੌਲ ਦੇ ਚੋਣ ਹਲਫਨਾਮੇ ਮੁਤਾਬਿਕ ਉਹ ਗੱਡੀ ਜਿਸ ਵਿੱਚ ਵੋਟਿੰਗ ਮਸ਼ੀਨਾਂ ਲਿਜਾਈਆਂ ਜਾ ਰਹੀਆਂ ਸਨ ਉਸ ਦੀ ਘਰਵਾਲੀ ਮਧੁਮਿਤਾ ਪੌਲ ਦੀ ਹੈ।
ਚੋਣ ਕਮਿਸ਼ਨ ਨੇ ਕਿਹਾ ਹੈ ਕਿ ‘ਲਾਪਰਵਾਹੀ’ ਵਰਤਣ ਵਾਲੇ ਅਫਸਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਸੰਬੰਧਤ ਬੂਥ ਉੱਤੇ ਮੁੜ ਵੋਟਿੰਗ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।
ਵਿਰੋਧੀ ਪਾਰਟੀਆਂ ਵੱਲੋਂ ਇਸ ਘਟਨਾ ਨੂੰ ਭਾਜਪਾ ਵੱਲੋਂ ਚੋਣਾਂ ਵਿੱਚ ਜਿੱਤ ਲਈ ਵਰਤੇ ਜਾ ਰਹੇ ‘ਈ.ਵੀ.ਐਮ. ਕੈਪਚਰਿੰਗ’ ਦਾ ਨਾਂ ਦਿੱਤਾ ਜਾ ਰਿਹਾ ਹੈ।