ਚੰਡੀਗੜ੍ਹ (11 ਦਸੰਬਰ ,2014): ਪਿੱਛਲੇ ਲੱਗਭਗ ਦਸ ਮਹੀਨਿਆਂ ਤੋਂ ਮਰ ਚੁੱਕੇ ਫਰੀਜ਼ਰ ਵਿੱਚ ਲਾਏ ਨੂਰਮਹਿਲੀਏ ਸਾਧ ਆਸ਼ੂਤੋਸ਼ ਦੇ ਸਸਕਾਰ ਕਰਨ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੌਂਜਾਰੀ ਹੁਕਮਾਂ ‘ਤੇ ਰੋਕ ਲਾਉਣ ਹਿੱਤ ਡੇਰਾ ਨੁਰਮਹਿਲ ਅਤੇ ਆਸ਼ੁਤੋਸ਼ ਦਾ ਪੁੱਤਰ ਸੋਮਵਾਰ ਤੱਕ ਸਟੇਟਸ-ਕੋ (ਸਥਿਤੀ ਜਿਉਂ ਦੀ ਤਿਉਂ) ਵਜੋਂ ਕੋਈ ਰਾਹਤ ਹਾਸਲ ਕਰਨ ਵਿਚ ਅਸਫਲ ਰਹੇ ਹਨ।
ਦੋਵਾਂ ਵਲੋਂ ਪਿਛਲੇ ਦੋ ਦਿਨਾਂ ਦੌਰਾਨ ਉਪਰੋ-ਥਲੀ ਹਾਈਕੋਰਟ ਦੇ ਇਕਹਿਰੇ ਬੈਂਚ ਦੇ ਪਹਿਲੀ ਦਸੰਬਰ ਵਾਲੇ ਫ਼ੈਸਲੇ ਵਿਰੁੱਧ ਪਾਈਆਂ ਅਪੀਲਾਂ ‘ਤੇ ਅੱਜ ਭਾਵੇਂ ਡਿਵੀਜ਼ਨ ਬੈਂਚ ਵਲੋਂ ਸੁਣਵਾਈ ਤਾਂ ਸ਼ੁਰੂ ਕਰ ਦਿੱਤੀ ਪਰ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਰਾਜ ਮੋਹਨ ਸਿੰਘ ਵਾਲੇ ਡਿਵੀਜ਼ਨ ਬੈਂਚ ਵਲੋਂ ਸਵੇਰੇ ਚੰਦ ਕੁ ਮਿੰਟ ਮਾਮਲੇ ‘ਤੇ ਗ਼ੌਰ ਕਰਨ ਮਗਰੋਂ ਇਨ੍ਹਾਂ ਦੋਵਾਂ ਨੂੰ ਆਉਂਦੇ ਸੋਮਵਾਰ 15 ਦਸੰਬਰ ‘ਤੇ ਅੱਗੇ ਪਾ ਦਿੱਤਾ ਗਿਆ, ਜਿਸ ਦਿਨ ਕਿ ਹੁਣ ਇਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਸਸਕਾਰ ਦੇ ਉਕਤ ਫ਼ੈਸਲੇ ਬਾਬਤ ਖੁਦ ਨੂੰ ਸਥਿਤੀ ਸਪੱਸ਼ਟ ਕੀਤੇ ਜਾਣ ਦੀ ਮੰਗ ‘ਤੇ ਦਾਇਰ ਕੀਤੀ ਅਪੀਲ ਦੇ ਨਾਲ ਹੀ ਉਸ ਦਿਨ ਦੇ ਜ਼ਰੂਰੀ ਕੇਸਾਂ ਵਜੋਂ ਸਵੇਰ ਵੇਲੇ ਹੀ ਸੁਣਿਆ ਜਾਵੇਗਾ ।
ਅੱਜ ਦੋਵਾਂ ਅਪੀਲਾਂ ‘ਤੇ ਮਸਾਂ ਹੀ ਪੰਜ ਕੁ ਮਿੰਟ ਚੱਲੀ ਸੁਣਵਾਈ ਦੌਰਾਨ ਦਲੀਪ ਝਾਅ ਦੇ ਵਕੀਲ ਐਸ.ਪੀ. ਸੋਈ ਨੇ ਇੱਕ ਦਸੰਬਰ ਵਾਲੇ ਫ਼ੈਸਲੇ ਦੀ ਪਾਲਣਾ ‘ਤੇ ਫ਼ੌਰੀ ਰੋਕ ਲਾਏ ਜਾਣ ਦੀ ਮੰਗ ਕਰਦਿਆਂ ਬਹਿਸ ਸ਼ੁਰੂ ਹੀ ਕੀਤੀ ਸੀ ਕਿ ਸੰਸਥਾਨ ਵੱਲੋਂ ਅੱਜ ਪੇਸ਼ ਹੋਏ ਸੀਨੀਅਰ ਵਕੀਲ ਤੇ ਸਾਬਕਾ ਭਾਜਪਾ ਐਮ.ਪੀ. ਐਡਵੋਕੇਟ ਸੱਤਪਾਲ ਜੈਨ ਵਲੋਂ ਆਪਣੀ ਧਿਰ ਦਾ ਪੱਖ ਵੀ ਰੱਖਿਆ ਗਿਆ।