ਨਵੀਂ ਦਿੱਲੀ (20 ਫਰਵਰੀ, 2016): ਦਿੱਲੀ ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਕਤਲੇਆਮ ਦੇ ਮੁੱਖ ਦੋਸ਼ੀ ਮੰਨੇ ਜਾਂਦੇ ਜਗਦੀਸ਼ ਟਾਇਟਲਰ ਖਿਲਾਫ ਚੱਲ ਰਹੀ ਜਾਂਚ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਦੋਸ਼ ਲਾਇਆ ਕਿ ਕਾਂਗਰਸੀ ਨੇਤਾ ਜਗਦੀਸ਼ ਸਿੱਖ ਕਤਲੇਆਮ ਦੀ ਜਾਂਚ ਵਿਚ ਦਖਲਅੰਦਾਜ਼ੀ ਕਰ ਰਿਹਾ ਹੈ ਅਤੇ ਸੀ. ਬੀ. ਆਈ. ਉਸ ਨੂੰ ਸ਼ਹਿ ਦੇ ਰਹੀ ਹੈ ।
ਉਨਾਂ ਕਿਹਾ ਕਿ ਦਿੱਲੀ ਦੀ ਇਕ ਅਦਾਲਤ ਨੇ 24 ਦਸੰਬਰ 2014 ਨੂੰ ਟਾਈਟਲਰ ਨੂੰ ਦਿੱਤੀ ਕਲੀਨ ਚਿਟ ਰੱਦ ਕਰ ਦਿੱਤੀ ਸੀ ਅਤੇ ਸੀ. ਬੀ. ਆਈ. ਦੀ ਅਲੋਚਨਾ ਕੀਤੀ ਸੀ ਜਿਹੜੀ ਉਸ ਵਰਗੇ ਦੋਸ਼ੀਆਂ ਦੀ ਢਾਲ ਬਣ ਰਹੀ ਹੈ ।
ਉਨ੍ਹਾਂ ਕਿਹਾ ਕਿ ਅਦਾਲਤ ਦੇ ਹੁਕਮ ਤੋਂ ਬਾਅਦ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਟਾਈਟਲਰ ਜਾਂਚ ਵਿਚ ਦਖਲ ਦੇ ਰਿਹਾ ਹੈ । ਸ੍ਰੀ ਕੇਜਰੀਵਾਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਾਲਾਤ ਵਿਚ ਕਿਸੇ ਹੋਰ ਦੋਸ਼ੀ ਨੂੰ ਗਿ੍ਫਤਾਰ ਕਰਕੇ ਜੇਲ੍ਹ ਵਿਚ ਰੱਖਿਆ ਜਾਂਦਾ ਹੈ । ਉਹ ਹੈਰਾਨ ਹਨ ਕਿ ਸੀ. ਬੀ. ਆਈ. ਨੇ ਇਹ ਨੀਤੀ ਟਾਈਟਲਰ ਲਈ ਕਿਉਂ ਨਹੀਂ ਅਪਣਾਈ ।
ਅਦਾਲਤ ਵਿਚ ਚਲ ਰਿਹਾ ਇਹ ਮਾਮਲਾ ਦਿੱਲੀ ਦੇ ਪੁਲ ਬੰਗਸ਼ ਇਲਾਕੇ ਦਾ ਹੈ , ਜਿਥੇ 1 ਨਵੰਬਰ, 1984 ਨੂੰ ਇਥੋਂ ਦੇ ਗੁਰਦੁਆਰੇ ਵਿਚ ਬਾਦਲ ਸਿੰਘ,ਠਾਕੁਰ ਸਿੰਘ ਅਤੇ ਗੁਰਚਰਨ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ।