ਪੰਜਾਬ ਦੀ ਰਾਜਨੀਤੀ

ਮੁਆਫੀ ਮਗਰੋਂ ਆਪ ਦਾ ਅੰਦਰੂਨੀ ਕਲੇਸ਼ ਜਾਰੀ, ਕੇਜਰੀਵਾਲ ਨਾਲ ਮੀਟਿੰਗ ਦਾ 10 ਵਿਧਾਇਕਾਂ ਵਲੋਂ ਬਾਈਕਾਟ

By ਸਿੱਖ ਸਿਆਸਤ ਬਿਊਰੋ

March 19, 2018

ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਮੁਆਫੀ ਮੰਗਣ ਤੋਂ ਬਾਅਦ ਪਾਰਟੀ ਵਿਚ ਉੱਠੇ ਬਗਾਵਤੀ ਸੁਰਾਂ ਨੂੰ ਠੰਡਾ ਕਰਨ ਲਈ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਵਿਚ ਰੱਖੀ ਗਈ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਵਿਚ 10 ਵਿਧਾਇਕ ਪਹੁੰਚੇ ਜਦਕਿ 10 ਵਿਧਾਇਕਾਂ ਨੇ ਇਸ ਮੀਟਿੰਗ ਦਾ ਬਾਈਕਾਟ ਕੀਤਾ। ਬੀਤੇ ਦਿਨੀਂ ਰੋਸ ਵਜੋਂ ਅਸਤੀਫਾ ਦੇਣ ਵਾਲੇ ਪੰਜਾਬ ਆਪ ਦੇ ਸਹਿ ਪ੍ਰਧਾਨ ਅਮਨ ਅਰੋੜਾ ਵੀ ਮੀਟਿੰਗ ਵਿਚ ਸ਼ਾਮਿਲ ਹੋਏ। ਇਸ ਤੋਂ ਇਲਾਵਾ ਸੂਬੇ ਦੇ ਮੀਤ ਪ੍ਰਧਾਨ ਡਾ. ਬਲਬੀਰ ਸਿੰਘ ਅਤੇ ਬੀਤੇ ਦਿਨ ਤੋਂ ਪਾਰਟੀ ਦਾ ਡੈਮੇਜ ਕੰਟਰੋਲ ਕਰ ਰਹੇ 5 ਜ਼ੋਨ ਪ੍ਰਧਾਨ – ਕੁਲਦੀਪ ਸਿੰਘ ਧਾਲੀਵਾਲ, ਗੁਰਦਿੱਤ ਸਿੰਘ ਸੇਖੋਂ, ਦਲਬੀਰ ਸਿੰਘ ਢਿੱਲੋਂ, ਪਰਮਜੀਤ ਸਿੰਘ ਸਚਦੇਵਾ ਅਤੇ ਅਨਿਲ ਠਾਕੁਰ ਵੀ ਮੀਟਿੰਗ ਵਿਚ ਹਾਜ਼ਰ ਸਨ।

ਮੀਟਿੰਗ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰੇ ਹੋਈ। ਮੀਟਿੰਗ ਦੌਰਾਨ ਸ੍ਰੀ ਕੇਜਰੀਵਾਲ ਨੇ ਭਗਵੰਤ ਮਾਨ ਅਤੇ ਅਮਨ ਅਰੋਡ਼ਾ ਦੇ ਅਸਤੀਫੇ ਨਾਮਨਜ਼ੂਰ ਕਰ ਦਿੱਤੇ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨਾਲ ਵੱਖਰੀ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਮੀਟਿੰਗ ਵਿਚ ਖੁਦ ਪੰਜਾਬ ਦੀ ਲੀਡਰਸ਼ਿਪ ਨੇ ਸਾਫ ਕੀਤਾ ਕਿ ਪੰਜਾਬ ਇਕਾਈ ਨੂੰ ਖੁਦਮੁਖਤਾਰ ਕਰ ਕੇ ਵੱਖਰਾ ਸੰਵਿਧਾਨ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਗ਼ੌਰਤਲਬ ਹੈ ਕਿ ਅੱਜ ਵਿਧਾਇਕ ਕੰਵਰ ਸੰਧੂ ਕਿਹਾ ਸੀ ਕਿ ਉਹ ਵੱਖਰੀ ਪਾਰਟੀ ਨਹੀਂ ਬਣਾਉਣਾ ਚਾਹੁੰਦੇ ਪਰ ਪੰਜਾਬ ਇਕਾਈ ਨੂੰ ਖ਼ੁਦਮੁਖ਼ਤਾਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪੰਜਾਬ ਲੀਡਰਸ਼ਿਪ ਵੱਲੋਂ ਦਿੱਤੇ ਸੁਝਾਅ ਤੋਂ ਬਾਅਦ ਫੈਸਲਾ ਹੋਇਆ ਕਿ ਸ੍ਰੀ ਮਜੀਠੀਆ ਵਿਰੁੱਧ ਡਰੱਗ ਮਾਮਲੇ ਵਿਚ ਸੰਘਰਸ਼ ਜਾਰੀ ਰਹੇਗਾ। ਸ੍ਰੀ ਕੇਜਰੀਵਾਲ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਮੁਆਫੀ ਮੰਗਣ ਦੇ ਮਾਮਲੇ ਵਿਚ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਮੁਆਫੀ ਮੰਗਣਾ ਮਹਿਜ਼ ਸਿਆਸੀ ਦਾਅਪੇਚ ਹੈ, ਕਿਉਂਕਿ ਉਹ ਅਦਾਲਤੀ ਪ੍ਰਕਿਰਿਆ ਵਿਚ ਜ਼ਾਇਆ ਜਾ ਰਹੇ ਸਮੇਂ ਨੂੰ ਬਚਾਉਣਾ ਚਾਹੁੰਦੇ ਸਨ।

ਗ਼ੌਰਤਲਬ ਹੈ ਕਿ 16 ਮਾਰਚ ਨੂੰ ਸ੍ਰੀ ਖਹਿਰਾ ਵੱਲੋਂ ਪਾਰਟੀ ਦੇ ਵਿਧਾਇਕਾਂ ਦੀ ਬੁਲਾਈ ਮੀਟਿੰਗ ਵਿਚ ਐਲਾਨ ਕੀਤਾ ਗਿਆ ਸੀ ਕਿ ਕੋਈ ਵੀ ਵਿਧਾਇਕ ਇਸ ਮੀਟਿੰਗ ਵਿਚ ਸ਼ਾਮਲ ਨਹੀਂ ਹੋਵੇਗਾ। ਅੱਜ ਮੀਟਿੰਗ ਵਿਚ ਪੁੱਜਣ ਵਾਲੇ ਵਿਧਾਇਕਾਂ ਵਿਚ ਅਮਨ ਅਰੋਡ਼ਾ, ਸਰਵਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਅਮਰਜੀਤ ਸਿੰਘ ਸੰਦੋਆ, ਪ੍ਰੋ. ਬਲਜਿੰਦਰ ਕੌਰ, ਹਰਪਾਲ ਸਿੰਘ ਚੀਮਾ, ਪ੍ਰਿੰ. ਬੁੱਧ ਰਾਮ, ਰੁਪਿੰਦਰ ਕੌਰ ਰੂਬੀ, ਜੈ ਕ੍ਰਿਸ਼ਨ ਸਿੰਘ ਰੋਡ਼ੀ ਅਤੇ ਮਨਜੀਤ ਸਿੰਘ ਬਿਲਾਸਪੁਰ ਸ਼ਾਮਲ ਹਨ, ਜਦੋਂਕਿ ਸ੍ਰੀ ਖਹਿਰਾ, ਕੰਵਰ ਸੰਧੂ, ਐਚ.ਐਸ. ਫੂਲਕਾ, ਮੀਤ ਹੇਅਰ, ਨਾਜ਼ਰ ਸਿੰਘ ਮਾਨਸ਼ਾਹੀਆ, ਪਿਰਮਲ ਸਿੰਘ ਖਾਲਸਾ, ਕੁਲਵੰਤ ਪੰਡੋਰੀ, ਮਾਸਟਰ ਬਲਦੇਵ ਸਿੰਘ, ਜਗਦੇਵ ਸਿੰਘ ਮੌਡ਼ ਅਤੇ ਜਗਤਾਰ ਸਿੰਘ ਜੱਗਾ ਮੀਟਿੰਗ ’ਚੋਂ ਗ਼ੈਰਹਾਜ਼ਰ ਰਹੇ। ਇਸ ਤਰ੍ਹਾਂ ਪਾਰਟੀ ਵਿਚ ਦਰਾਡ਼ ਵਧਦੀ ਜਾ ਰਹੀ ਹੈ।

ਸ੍ਰੀ ਖਹਿਰਾ ਨੇ ਦਾਅਵਾ ਕੀਤਾ ਕਿ ਚਾਰ ਵਿਧਾਇਕ ਸ੍ਰੀ ਬੁੱਧ ਰਾਮ, ਸ੍ਰੀ ਬਿਲਾਸਪੁਰ, ਬੀਬੀ ਰੂਬੀ ਅਤੇ ਸ੍ਰੀ ਰੋਡ਼ੀ ਉਨ੍ਹਾਂ ਦੀ ਨੁਮਾਇੰਦਗੀ ਲਈ ਮੀਟਿੰਗ ਵਿਚ ਗਏ ਅਤੇ 14 ਵਿਧਾਇਕ ਉਨ੍ਹਾਂ ਨਾਲ ਖਡ਼੍ਹੇ ਹਨ। ਦੱਸਣਯੋਗ ਹੈ ਕਿ 16 ਮਾਰਚ ਨੂੰ ਇਥੇ ਹੋਈ ਮੀਟਿੰਗ ਦੌਰਾਨ ਸ੍ਰੀ ਖਹਿਰਾ ਸਮੇਤ ਬਹੁਤੇ ਵਿਧਾਇਕ ਵੱਖਰੀ ਪਾਰਟੀ ਬਣਾਉਣ ਲਈ ਕਾਹਲੇ ਸਨ। ੲਿਸ ਦੌਰਾਨ ਰੋਪਡ਼ ਤੋਂ ਵਿਧਾਇਕ ਸ੍ਰੀ ਸੰਦੋਆ ਵੱਲੋਂ ਇਸ ਦਾ ਵਿਰੋਧ ਕਰਨ ਅਤੇ ਬਾਅਦ ਵਿਚ ਸ੍ਰੀ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਸ੍ਰੀ ਅਰੋਡ਼ਾ ਅਤੇ ਇਕ-ਦੋ ਹੋਰ ਵਿਧਾਇਕਾਂ ਨੇ ਕਾਹਲੀ ਨਾ ਕਰਨ ਦੀ ਗੱਲ ਕਹਿ ਕਿ ਇਹ ਫੈਸਲਾ ਰੋਕ ਦਿੱਤਾ ਸੀ। ਅੱਜ ਦਿੱਲੀ ਵਾਲੀ ਮੀਟਿੰਗ ਤੋਂ ਬਾਅਦ ਸ੍ਰੀ ਖਹਿਰਾ ਨੇ ਕਿਹਾ ਕਿ ਉਹ ਅਗਲੀ ਰਣਨੀਤੀ ਆਪਣੇ ਸਹਿਯੋਗੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਬਣਾਉਣਗੇ। ਅੱਜ ਦਿੱਲੀ ਜਾਣ ਤੋਂ ਪਹਿਲਾਂ ਵੀ ਜ਼ੋਨ ਪ੍ਰਧਾਨਾਂ ਨੇ ਚੰਡੀਗਡ਼੍ਹ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਪਾਰਟੀ ਨੂੰ ਸੰਕਟ ਵਿਚੋਂ ਕੱਢਣ ਦੀ ਅਪੀਲ ਕੀਤੀ। ਸ੍ਰੀ ਧਾਲੀਵਾਲ ਨੇ ਦੱਸਿਆ ਕਿ ਮੀਟਿੰਗ ਹਾਂਪੱਖੀ ਰਹੀ ਅਤੇ ਆਸ ਹੈ ਕਿ ਪਾਰਟੀ ਜਲਦ ਹੀ ਸੰਕਟ ਵਿਚੋਂ ਨਿਕਲ ਆਵੇਗੀ।

ਸੂਤਰਾਂ ਅਨੁਸਾਰ ਭਗਵੰਤ ਮਾਨ ਦੀ ਪਹਿਲਾਂ ਹੀ ਸ੍ਰੀ ਕੇਜਰੀਵਾਲ ਨਾਲ ਮੀਟਿੰਗ ਹੋ ਚੁੱਕੀ ਹੈ ਅਤੇ ਉਨ੍ਹਾਂ ਕੌਮੀ ਪ੍ਰਧਾਨ ਕੋਲ ਪੰਜਾਬ ਦੀ ਲੀਡਰਸ਼ਿਪ ਨਾਲ ਸਲਾਹ ਕੀਤੇ ਬਿਨਾਂ ਮੁਆਫੀ ਮੰਗਣ ਉਪਰ ਰੋਸ ਪ੍ਰਗਟਾਇਆ। ਸੂਤਰਾਂ ਅਨੁਸਾਰ ਸ੍ਰੀ ਮਾਨ ਨੇ ਸ੍ਰੀ ਕੇਜਰੀਵਾਲ ਨਾਲ ਮੀਟਿੰਗ ਪਿੱਛੋਂ ਸਾਫ ਕਰ ਦਿੱਤਾ ਹੈ ਕਿ ਨਾ ਉਹ ਪਾਰਟੀ ਤੋਡ਼ਨ ਦੇ ਹੱਕ ਵਿਚ ਹੈ ਅਤੇ ਨਾ ਅਜਿਹੀ ਕੋਸ਼ਿਸ਼ ਕਰਨ ਵਾਲਿਆਂ ਦੇ ਨਾਲ ਹੈ। ਸੂਤਰਾਂ ਅਨੁਸਾਰ ਸ੍ਰੀ ਮਾਨ ਕੱਲ੍ਹ ਦੇ ਖੁਦ ਵਿਧਾਇਕਾਂ ਨੂੰ ਫੋਨ ਕਰਕੇ ਅੱਜ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਕਹਿੰਦੇ ਰਹੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: